Uncategorized
ਸਰਕਾਰੀ ਇੰਜੈਕਸ਼ਨ ਤੋਂ ਬਾਅਦ 2 ਮਾਸੂਮਾਂ ਦੀ ਹੋਈ ਮੌਤ, 1 ਦੀ ਹਾਲਤ ਗੰਭੀਰ

ਸੰਗਰੂਰ, 07 ਮਈ ( ਵਿਨੋਦ ਗੋਇਲ): ਸੰਗਰੂਰ ਦੇ ਦਿੜਬਾ ਦੇ ਪਿੰਡ ਗੁਜਰਾਂ ਵਿੱਚ 2 ਮਾਸੂਮ ਬੱਚਿਆਂ ਦੀ ਮੌਤ ਹੋ ਗਈ ਅਤੇ ਇਕ ਦੀ ਹਾਲਤ ਗੰਭੀਰ ਹੈ। ਸਰਕਾਰੀ ਇੰਜੈਕਸ਼ਨ ਦੇਣ ਤੋਂ ਬਾਅਦ ਬੱਚਿਆਂ ਨੂੰ ਉਲਟੀਆਂ ਅਤੇ ਦਸਤ ਲੱਗ ਗਏ, ਜਿਸ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ, ਜਿੱਥੇ 2 ਬੱਚਿਆਂ ਦੀ ਮੌਤ ਹੋ ਗਈ। ਮ੍ਰਿਤਕਾ ਦੇ ਪਰਿਵਾਰ ਮੈਂਬਰਾਂ ਅਤੇ ਪਿੰਡ ਵਾਲਿਆਂ ਨੇ ਮਾਮਲੇ ਦੀ ਜਾਂਚ ਦੀ ਮੰਗ ਕੀਤੀ ਹੈ।

ਜੋ ਵੈਕਸੀਨ ਇੰਜੈਕਸ਼ਨ ਮਾਸੂਮ ਬੱਚਿਆਂ ਦੀ ਜਾਨ ਦੀ ਰੱਖਿਆ ਲਈ ਸਰਕਾਰੀ ਹਸਪਤਾਲਾਂ ਅਤੇ ਡਿਸਪੈਂਸਰੀਆਂ ਵਿੱਚ ਦਿੱਤੇ ਜਾਂਦੇ ਹਨ ਉਨ੍ਹਾਂ ਨੇ ਹੀ 2 ਮਾਸੂਮਾਂ ਦੀ ਜਾਨ ਲੈ ਲਈ। ਸਾਢੇ ਚਾਰ ਮਹੀਨੇ ਦਾ ਏਕਮ ਅਤੇ ਡੇਢ ਮਹੀਨੇ ਦੀ ਮਨਰਾਜ ਦੀ ਜਾਨ ਚਲੀ ਗਈ ਅਤੇ ਸਾਢੇ ਚਾਰ ਮਹੀਨੇ ਦਾ ਸਾਹਿਬ ਸਿੰਘ ਬਿਮਾਰ ਹੈ।

ਪਿੰਡ ਦੇ ਸਿਹਤ ਵਿਭਾਗ ਅਤੇ ਪੁਲਿਸ ਪ੍ਰਸ਼ਾਸਨ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। SMO ਤੇਜਿੰਦਰ ਸਿੰਘ ਨੇ ਦੱਸਿਆ ਕਿ ਇੰਜੈਕਸ਼ਨ ਦੇਣ ਤੋਂ 3-4 ਦਿਨ ਬਾਅਦ ਬੱਚੇ ਬਿਮਾਰ ਹੋਏ ਸਨ। ਉਨ੍ਹਾਂ ਨੇ ਕਿਹਾ ਜਾਂਚ ਕੀਤੀ ਜਾ ਰਹੀ ਹੈ ਕਿ ਮਾਸੂਮਾਂ ਦੀ ਮੌਤ ਦਾ ਕੀ ਕਾਰਨ ਹੈ।