Connect with us

Uncategorized

ਅਕਾਲੀ ਦਲ ਪੁਨਰ ਸੁਰਜੀਤ ਲਈ ਉਭਰਣ ਦਾ ਵੇਲਾ 

Published

on

ਪੰਜਾਬ ਵਿਧਾਨ ਸਭਾ ਚੋਣਾਂ ਨੇੜੇ ਆ ਰਹੀਆਂ ਹਨ। ਹੁਣ ਕੇਵਲ ਇੱਕ ਸਾਲ ਦਾ ਸਮਾਂ ਬਾਕੀ ਹੈ, ਪਰ ਵਿਰੋਧੀ ਧਿਰਾਂ ਦੀਆਂ ਸਰਗਰਮੀਆਂ ਹੈਰਾਨੀਜਨਕ ਤੌਰ ’ਤੇ ਧੀਮੀ ਚਾਲ ਨਾਲ ਚੱਲ ਰਹੀਆਂ ਹਨ। ਕਾਂਗਰਸ ਪਾਰਟੀ ਅੰਦਰੂਨੀ ਕਲੇਸ਼ ਵਿੱਚ ਉਲਝੀ ਹੋਈ ਹੈ ਅਤੇ ਵੱਡੇ ਕਾਂਗਰਸੀ ਆਗੂਆਂ ਦੇ ਵਿਵਾਦਿਤ ਬਿਆਨਾਂ ਨੇ ਪਾਰਟੀ ਦੀ ਸਿਆਸੀ ਸਾਖ ਨੂੰ ਹੋਰ ਵੀ ਨੁਕਸਾਨ ਪਹੁੰਚਾਇਆ ਹੈ। ਦੂਜੇ ਪਾਸੇ, ਸ਼੍ਰੋਮਣੀ ਅਕਾਲੀ ਦਲ (ਬਾਦਲ) ਆਪਣੇ ਪਿਛਲੇ ਗੁਨਾਹਾਂ ਦੇ ਸਾਏ ਤੋਂ ਅਜੇ ਤੱਕ ਬਾਹਰ ਨਹੀਂ ਨਿਕਲ ਸਕਿਆ। ਖ਼ਾਸ ਕਰਕੇ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪਾਂ ਨਾਲ ਜੁੜਿਆ ਮਸਲਾ ਅਜੇ ਵੀ ਬਾਦਲ ਦਲ ਦੀ ਸਿਆਸੀ ਦੌੜ ਨੂੰ ਤੇਜ਼ੀ ਫੜਨ ਤੋਂ ਰੋਕ ਰਿਹਾ ਹੈ।
ਇਸਦੇ ਨਾਲ ਹੀ ਭਾਰਤੀ ਜਨਤਾ ਪਾਰਟੀ ਵੱਲੋਂ ਇਕੱਲਿਆਂ ਚੋਣ ਲੜਨ ਦੇ ਸੰਕੇਤ ਦਿੱਤੇ ਜਾ ਰਹੇ ਹਨ। ਜੇਕਰ ਅਕਾਲੀ-ਭਾਜਪਾ ਗਠਜੋੜ ਹੁੰਦਾ ਤਾਂ ਸ਼ਾਇਦ ਬਾਦਲ ਦਲ ਨੂੰ ਕੁਝ ਸਿਆਸੀ ਸਹਾਰਾ ਮਿਲ ਸਕਦਾ ਸੀ, ਪਰ ਮੌਜੂਦਾ ਹਾਲਾਤਾਂ ਵਿੱਚ ਅਜਿਹਾ ਹੁੰਦਾ ਦਿਸਦਾ ਨਹੀਂ। ਇਨ੍ਹਾਂ ਸਾਰੇ ਕਾਰਨਾਂ ਕਰਕੇ ਪੰਜਾਬ ਦੇ ਸਿਆਸੀ ਮੰਚ ’ਤੇ ਇਸ ਸਮੇਂ ਕੋਈ ਮਜ਼ਬੂਤ ਵਿਰੋਧੀ ਧਿਰ ਨਜ਼ਰ ਨਹੀਂ ਆ ਰਹੀ। ਵਿਰੋਧੀ ਧਿਰ ਵਜੋਂ ਮੈਦਾਨ ਲਗਭਗ ਖਾਲੀ ਪਿਆ ਹੋਇਆ ਹੈ।
ਅਜਿਹੇ ਹਾਲਾਤਾਂ ਵਿੱਚ ਅਕਾਲੀ ਦਲ ਪੁਨਰ ਸੁਰਜੀਤ ਲਈ ਉਭਰਣ ਦਾ ਇਹ ਸਭ ਤੋਂ ਵਧੀਆ ਸਮਾਂ ਹੈ। ਗਿਆਨੀ ਹਰਪ੍ਰੀਤ ਸਿੰਘ ਦੀ ਅਗਵਾਈ ਹੇਠ ਪੁਨਰ ਸੁਰਜੀਤ ਅਕਾਲੀ ਦਲ ਨੂੰ ਲੋੜ ਹੈ ਕਿ ਉਹ ਆਪਣੇ ਸਾਰੇ ਆਗੂਆਂ ਨੂੰ ਇਕੱਠਾ ਕਰਕੇ ਸਿਰ ਜੋੜ ਕੇ ਇੱਕ ਮਜ਼ਬੂਤ ਅਤੇ ਸਪੱਸ਼ਟ ਰਣਨੀਤੀ ਤਿਆਰ ਕਰੇ। ਹਾਲਾਂਕਿ, ਗਿਆਨੀ ਹਰਪ੍ਰੀਤ ਸਿੰਘ ਅਤੇ ਮਨਪ੍ਰੀਤ ਸਿੰਘ ਇਯਾਲੀ ਦਰਮਿਆਨ ਉਭਰੇ ਮੱਤਭੇਦ ਪਾਰਟੀ ਲਈ ਨੁਕਸਾਨਦੇਹ ਸਾਬਤ ਹੋ ਸਕਦੇ ਹਨ।
ਸੂਤਰਾਂ ਅਨੁਸਾਰ ਮਨਪ੍ਰੀਤ ਸਿੰਘ ਇਯਾਲੀ, ਅੰਮ੍ਰਿਤਪਾਲ ਸਿੰਘ ਦੀ ਪਾਰਟੀ ‘ਵਾਰਸ ਪੰਜਾਬ ਦੇ’ ਨਾਲ ਗਠਜੋੜ ਦੇ ਹਾਮੀ ਹਨ, ਜਦਕਿ ਗਿਆਨੀ ਹਰਪ੍ਰੀਤ ਸਿੰਘ ਇਸ ਰਾਹ ’ਤੇ ਜਾਣ ਦੇ ਹੱਕ ਵਿੱਚ ਨਹੀਂ ਦਿਸਦੇ। ਅਜਿਹੇ ਮਸਲਿਆਂ ’ਤੇ ਫੈਸਲਾ ਕਰਦਿਆਂ ਜੇਕਰ ਪੁਨਰ ਸੁਰਜੀਤ ਦੇ ਆਗੂ ਪੰਜਾਬ ਦੇ ਲੋਕਾਂ ਦੀ ਨਬਜ਼ ਨੂੰ ਸਮਝ ਕੇ ਕਦਮ ਚੁੱਕਣ, ਤਾਂ ਇਹ ਪਾਰਟੀ ਲਈ ਲਾਹੇਵੰਦ ਸਾਬਤ ਹੋ ਸਕਦਾ ਹੈ।
ਅੰਮ੍ਰਿਤਪਾਲ ਸਿੰਘ ਵੱਲੋਂ ਖ਼ਾਲਿਸਤਾਨ ਦੀ ਮੰਗ ਕੀਤੀ ਜਾਂਦੀ ਹੈ, ਪਰ ਪੰਜਾਬ ਦੇ ਜ਼ਿਆਦਾਤਰ ਲੋਕ ਅਜਿਹੀ ਸੋਚ ਤੋਂ ਦੂਰੀ ਬਣਾਉਂਦੇ ਨਜ਼ਰ ਆ ਰਹੇ ਹਨ। ਗਰਮਖਿਆਲੀ ਨਾਅਰਿਆਂ ਦੀ ਕ਼ੀਮਤ ਪੰਜਾਬ ਪਹਿਲਾਂ ਹੀ ਭਾਰੀ ਰੂਪ ਵਿੱਚ ਅਦਾ ਕਰ ਚੁੱਕਾ ਹੈ। ਅਨੇਕਾਂ ਨੌਜਵਾਨਾਂ ਦੀਆਂ ਜਾਨਾਂ ਗਈਆਂ ਹਨ ਅਤੇ ਸਮਾਜ ਨੇ ਅਥਾਹ ਦਰਦ ਸਹਿਆ ਹੈ। ਇਸ ਲਈ ਅੱਜ ਪੰਜਾਬ ਦੇ ਲੋਕ ਨਹੀਂ ਚਾਹੁੰਦੇ ਕਿ ਵੱਖਵਾਦੀ ਨਾਅਰਿਆਂ ਦੇ ਨਾਂ ’ਤੇ ਫਿਰ ਕਿਸੇ ਤਰ੍ਹਾਂ ਨੌਜਵਾਨਾਂ ਨੂੰ ਮੌਤ ਦੇ ਮੂੰਹ ਵਿੱਚ ਧੱਕਿਆ ਜਾਵੇ।
ਇਸ ਪ੍ਰਸੰਗ ਵਿੱਚ ਅਕਾਲੀ ਦਲ ਪੁਨਰ ਸੁਰਜੀਤ ਦੇ ਆਗੂਆਂ ਨੂੰ ਮਿਲ ਬੈਠ ਕੇ ਅਜਿਹੀ ਨੀਤੀ ਤਿਆਰ ਕਰਨੀ ਚਾਹੀਦੀ ਹੈ ਜੋ ਪੰਜਾਬ ਦੇ ਲੋਕਾਂ ਨੂੰ ਕਬੂਲ ਹੋਵੇ—ਜੋ ਸ਼ਾਂਤੀ, ਵਿਕਾਸ ਅਤੇ ਸੂਬੇ ਦੇ ਹੱਕਾਂ ਦੀ ਗੱਲ ਕਰੇ। ਜੇਕਰ ਇਹ ਨਵੀਂ ਪਾਰਟੀ ਖਾਲੀ ਪਏ ਸਿਆਸੀ ਮੈਦਾਨ ਵਿੱਚ ਸਹੀ ਸਮੇਂ ’ਤੇ ਸਹੀ ਰਣਨੀਤੀ ਨਾਲ ਕੁੱਦ ਪੈਂਦੀ ਹੈ, ਤਾਂ ਇਹ ਆਪਣੇ ਆਪ ਨੂੰ ਅਸਲ ਅਕਾਲੀ ਦਲ ਹੋਣ ਦੇ ਦਾਅਵੇ ਨਾਲ ਸਥਾਪਿਤ ਕਰ ਸਕਦੀ ਹੈ।

 

ਕੁਲਵੰਤ ਸਿੰਘ ਗੱਗੜਪਰੀ

Continue Reading