Ludhiana
ਲੁਧਿਆਣਾ ਦੇ 2 ਅਧਿਆਪਕਾਂ ਨੂੰ ਮਿਲੇਗਾ ਨੈਸ਼ਨਲ ਐਵਾਰਡ, 5 ਸਤੰਬਰ ਨੂੰ ਦਿੱਲੀ ‘ਚ ਹੋਵੇਗਾ ਸਨਮਾਨਿਤ

27ਅਗਸਤ 2023: ਪੰਜਾਬ ਦੇ ਲੁਧਿਆਣਾ ਵਿੱਚੋਂ 2 ਅਧਿਆਪਕਾਂ ਨੂੰ ਨੈਸ਼ਨਲ ਟੀਚਰ ਐਵਾਰਡ ਦਿੱਤਾ ਜਾਵੇਗਾ । ਰਾਸ਼ਟਰੀ ਅਧਿਆਪਕ ਪੁਰਸਕਾਰ 2023 ਲਈ ਜਾਰੀ ਕੀਤੀ ਗਈ ਸੂਚੀ ਵਿੱਚ ਦੋਵਾਂ ਅਧਿਆਪਕਾਂ ਦੇ ਨਾਂ ਸ਼ਾਮਲ ਹਨ। ਇਸ ਸਾਲ ਦੇਸ਼ ਭਰ ਤੋਂ ਆਈਆਂ ਅਰਜ਼ੀਆਂ ਦੇ ਆਧਾਰ ‘ਤੇ 50 ਅਧਿਆਪਕਾਂ ਨੂੰ ਇਸ ਪੁਰਸਕਾਰ ਲਈ ਚੁਣਿਆ ਗਿਆ ਹੈ।
ਇਸ ਸੂਚੀ ਵਿੱਚ ਲੁਧਿਆਣਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਛਪਾਰ ਪੱਖੋਵਾਲ ਦੇ ਅਧਿਆਪਕ ਅੰਮ੍ਰਿਤਪਾਲ ਸਿੰਘ ਅਤੇ ਸਤਪਾਲ ਮਿੱਤਲ ਸਕੂਲ ਦੇ ਅਧਿਆਪਕ ਭੁਪਿੰਦਰ ਗੋਗੀਆ ਦੇ ਨਾਂ ਸ਼ਾਮਲ ਹਨ। ਅਧਿਆਪਕਾਂ ਨੂੰ 5 ਸਤੰਬਰ ਨੂੰ ਇਨਾਮ ਦਿੱਤੇ ਜਾਣਗੇ। 3 ਤੋਂ 6 ਸਤੰਬਰ ਤੱਕ ਹੋਟਲ ਅਸ਼ੋਕ ਨਵੀਂ ਦਿੱਲੀ ਵਿਖੇ ਅਧਿਆਪਕਾਂ ਦੇ ਠਹਿਰਣ ਦੇ ਸਾਰੇ ਪ੍ਰਬੰਧ ਕੀਤੇ ਗਏ ਹਨ।
ਦੇਸ਼ ਭਰ ਤੋਂ 154 ਅਰਜ਼ੀਆਂ ਆਈਆਂ
ਜਾਣਕਾਰੀ ਅਨੁਸਾਰ ਨਿਰਧਾਰਿਤ ਯੋਗਤਾ ਪੂਰੀ ਕਰਨ ਵਾਲੇ ਪੰਜਾਬ ਭਰ ਤੋਂ 6 ਅਧਿਆਪਕਾਂ ਨੇ ਇਸ ਐਵਾਰਡ ਲਈ ਅਰਜ਼ੀਆਂ ਦਿੱਤੀਆਂ ਸਨ। ਜਦਕਿ ਦੇਸ਼ ਭਰ ਤੋਂ ਕੁੱਲ 154 ਨਾਮਜ਼ਦਗੀਆਂ ਦਾਖ਼ਲ ਹੋਈਆਂ ਸਨ। ਜਿਨ੍ਹਾਂ ਵਿੱਚੋਂ ਨੈਸ਼ਨਲ ਲੈਵਲ ਜੱਜਿੰਗ ਪੈਨਲ ਨੇ 100 ਅੰਕਾਂ ਦੇ ਵੱਖ-ਵੱਖ ਮਾਪਦੰਡਾਂ ਦੇ ਆਧਾਰ ‘ਤੇ 50 ਦੀ ਚੋਣ ਕੀਤੀ ਹੈ।
ਇਸ ਵਾਰ ਅਧਿਆਪਕਾਂ ਦੀ ਸਿੱਖਿਆ ਖੇਤਰ ਵਿੱਚ 10 ਸਾਲ ਦੀ ਸੇਵਾ ਹੋਣੀ ਜ਼ਰੂਰੀ ਸੀ। ਇਸ ਦੇ ਨਾਲ ਹੀ ਅਧਿਆਪਕਾਂ ਨੇ ਆਪਣੇ ਕਾਰਜਕਾਲ ਦੌਰਾਨ ਕੀਤੇ ਕੰਮਾਂ ਨੂੰ 1500 ਸ਼ਬਦਾਂ ਦੀ ਐਪਲੀਕੇਸ਼ਨ ਵਿੱਚ ਬਿਆਨ ਕਰਨਾ ਸੀ।