Corona Virus
ਕੋਵਿਡ19 ਦੇ ਮੱਦੇਨਜ਼ਰ ਜਨਤਕ ਨੀਤੀਆਂ ਸਬੰਧੀ ਚੁਣੌਤੀਆਂ ਨਾਲ ਨਜਿੱਠਣ ਲਈ 20 ਮੈਂਬਰੀ ਟਾਸਕ ਫੋਰਸ ਦਾ ਗਠਨ
ਚੰਡੀਗੜ੍ਹ, 14 ਅਪ੍ਰੈਲ: ਪੰਜਾਬ ਸਰਕਾਰ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਿਰਦੇਸ਼ਾਂ ‘ਤੇ ਕੋਵਿਡ -19 ਮਹਾਂਮਾਰੀ ਨਾਲ ਨਜਿੱਠਣ ਲਈ ਜਨਤਕ ਨੀਤੀ ਚੁਣੌਤੀਆਂ ਦੇ ਹੱਲ ਲਈ ਛੋਟੇ ਅਤੇ ਦਰਮਿਆਨੇ ਮਿਆਦ ਦੇ ਉਪਾਅ ਸੁਝਾਉਣ ਲਈ 20 ਮੈਂਬਰੀ ਟਾਸਕ ਫੋਰਸ ਦਾ ਗਠਨ ਕੀਤਾ ਹੈ ਜਿਸ ਵਿਚ ਲੌਕਡਾਉਨ ਦੌਰਾਨ ਲਗਾਈਆਂ ਗਈਆਂ ਪਾਬੰਦੀਆਂ ‘ਚ ਪੜਾਅਵਾਰ ਢੰਗ ਨਾਲ ਛੋਟ ਦੇਣਾ ਵੀ ਸ਼ਾਮਲ ਹੈ।
ਟਾਸਕ ਫੋਰਸ ਨੂੰ ਇਸ ਨੋਟੀਫਿਕੇਸ਼ਨ ਦੇ ਜਾਰੀ ਹੋਣ ਦੇ 10 ਦਿਨਾਂ ਦੇ ਅੰਦਰ-ਅੰਦਰ ਆਪਣੀਆਂ ਸਿਫਾਰਸ਼ਾਂ ਰਾਜ ਸਰਕਾਰ ਨੂੰ ਸੌਂਪਣ ਦਾ ਹੁਕਮ ਦਿੱਤਾ ਗਿਆ ਹੈ( ਭਾਵ 24 ਅਪ੍ਰੈਲ, 2020 ਤੱਕ )। ਟਾਸਕ ਫੋਰਸ ਨੂੰ ਮਾਹਰਾਂ ਅਤੇ ਸੰਸਥਾਵਾਂ ਤੋਂ ਲੋੜੀਂਦੀ ਜਾਣਕਾਰੀ ਅਤੇ ਡੇਟਾ ਲੈਣ ਲਈ ਵੀ ਕਿਹਾ ਗਿਆ ਹੈ।
ਜ਼ਿਕਰਯੋਗ ਹੈ ਕਿ ਕੋਵਿਡ -19 ਦੀ ਰੋਕਥਾਮ ਲਈ ਮਨੁੱਖੀ ਵਿਹਾਰ ਵਿੱਚ ਕਈ ਤਬਦੀਲੀਆਂ ਦੀ ਲੋੜ ਹੁੰਦੀ ਹੈ, ਜਿਸ ਵਿੱਚ ਗਤੀਸ਼ੀਲਤਾ ਨੂੰ ਸੀਮਤ ਕਰਨਾ, ਸਰੀਰਕ ਦੂਰੀ ਬਣਾਈ ਰੱਖਣਾ ਅਤੇ ਵਿਅਕਤੀਗਤ ਸਫਾਈ ਸ਼ਾਮਲ ਹੈ।ਨਵੇਂ ਮਾਪਦੰਡਾਂ ਅਨੁਸਾਰ ਸਮਾਜਿਕ-ਆਰਥਿਕ ਗਤੀਵਿਧੀਆਂ ਦੇ ਆਯੋਜਨ ਲਈ ਕਈ ਨੀਤੀਗਤ ਦਖਲਾਂ ਦੀ ਲੋੜ ਪਵੇਗੀ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਮੁੱਖ ਸਕੱਤਰ ਕਰਨ ਅਵਤਾਰ ਸਿੰਘ ਨੇ ਦੱਸਿਆ ਕਿ ਇਸ ਟਾਸਕ ਫੋਰਸ ਵਿੱਚ ਸੇਵਾਮੁਕਤ ਆਈ.ਏ .ਐਸ ਅਧਿਕਾਰੀ ਜਿਨ੍ਹਾਂ ਵਿਚ ਡੀਐਸ ਕੱਲਾ ਕਨਵੀਨਰ ਵਜੋਂ , ਕੇ .ਆਰ ਲਖਨਪਾਲ ਅਤੇ ਸਾਬਕਾ ਆਈਪੀਐਸ ਅਧਿਕਾਰੀ ਐੱਨ.ਐੱਸ. ਸੰਧੂ ਬਤੌਰ ਮੈਂਬਰ ਵਜੋਂ ਸ਼ਾਮਲ ਹੋਣਗੇ।
ਟਾਸਕ ਫੋਰਸ ਨੂੰ ਕੋਵਿਡ-19 ਹੌਟਸਪੌਟਸ ਅਤੇ ਕੰਟੇਨਮੈਂਟ ਜ਼ੋਨਾਂ ਤੋਂ ਬਾਹਰ ਦੀਆਂ ਪਾਬੰਦੀਆਂ ਲਈ ਰਣਨੀਤੀ ਅਤੇ ਅਰਥਚਾਰੇ ਦੇ ਵੱਖ-ਵੱਖ ਸੈਕਟਰਾਂ ਜਿਵੇਂ ਵਪਾਰਕ, ਸਿੱਖਿਆ, ਉਦਯੋਗਾਂ, ਆਵਾਜਾਈ, ਸਿਹਤ ਸੰਭਾਲ, ਯਾਤਰਾ, ਸੈਰ-ਸਪਾਟਾ ਆਦਿ ਸੈਕਟਰਾਂ ਲਈ ਲਾਕਡਾਊਨ ਤੋਂ ਬਾਅਦ ਪੜਾਅਵਾਰ ਢੰਗ ਨਾਲ ਪਾਬੰਦੀਆਂ ਹਟਾਉਣ ਸਬੰਧੀ ਮੁੱਦਿਆਂ ਦੇ ਹੱਲ ਦਾ ਜ਼ਿੰਮਾ ਸੌਂਪਿਆ ਗਿਆ ਹੈ। ਟਾਸਕ ਫੋਰਸ ਸਮਾਜਿਕ-ਆਰਥਿਕ ਗਤੀਵਿਧੀਆਂ ਨੂੰ ਮੁੜ ਸ਼ੁਰੂ ਕਰਨ ਅਤੇ ਡਿਜੀਟਲ ਅਰਥ ਵਿਵਸਥਾ ਸਮੇਤ ਰੁਜ਼ਗਾਰ ਦੇ ਨਵੇਂ ਮੌਕਿਆਂ ਤੋਂ ਇਲਾਵਾ ਰੁਜ਼ਾਗਰ ਨੂੰ ਮੁੜ ਸਥਾਪਤ ਕਰਨ ਅਤੇ ਸੂਬਿਆਂ ਅਤੇ ਸ਼ਹਿਰਾਂ ਦਰਮਿਆਨ ਜਨਤਕ-ਯਾਤਰੀ ਟਰਾਂਸਪੋਰਟ ਯਾਤਰਾ ਨੂੰ ਨਿਯਮਿਤ ਕਰਨ ਲਈ ਨੀਤੀਗਤ ਉਪਾਵਾਂ ਨੂੰ ਵੀ ਵਿਕਸਿਤ ਕਰੇਗੀ। ਇਸ ਤੋਂ ਇਲਾਵਾ ਟਾਸਕ ਫੋਰਸ ਕੋਵਿਡ-19 ਮਹਾਂਮਾਰੀ ਬਾਰੇ ਸੂਬਾ ਸਰਕਾਰ ਦੀ ਪ੍ਰਤੀਕਿਰਿਆ ਅਨੁਸਾਰ ਹੋਰ ਮੁੱਦਿਆਂ ਨੂੰ ਵੀ ਹੱਲ ਕਰੇਗੀ।
ਟਾਸਕ ਫੋਰਸ ਨੂੰ ਸਕੱਤਰੇਤ ਸਹਾਇਤਾ ਪ੍ਰਸ਼ਾਸਨਿਕ ਸੁਧਾਰਾਂ ਵਿਭਾਗ ਦੁਆਰਾ ਮੁਹੱਈਆ ਕਰਵਾਈ ਜਾਏਗੀ। ਮੁੱਖ ਸਕੱਤਰ ਨੇ ਅੱਗੇ ਕਿਹਾ ਕਿ ਸੂਬਾ ਸਰਕਾਰ ਵੱਲੋਂ 11 ਅਪ੍ਰੈਲ ਨੂੰ ਸਥਾਪਤ ਕੀਤੀ ਗਈ ਮਨੁੱਖੀ ਸਰੋਤ ਅਤੇ ਸਮਰੱਥਾ ਨਿਰਮਾਣ ਵਿੱਚ ਵਾਧੇ ਬਾਰੇ ਕਮੇਟੀ ਇਸ ਟਾਸਕ ਫੋਰਸ ਨੂੰ ਹਰ ਲੋੜੀਂਦੀ ਸਹਾਇਤਾ ਮੁਹੱਈਆ ਕਰਵਾਏਗੀ ਜਿਸ ਵਿੱਚ ਸਰਕਾਰ ਵਿਭਾਗਾਂ ਅਤੇ ਸੰਸਥਾਵਾਂ ਨਾਲ ਤਾਲਮੇਲ ਕਰਨਾ ਵੀ ਸ਼ਾਮਲ ਹੈ।