Punjab
ਬਿਜਲੀ ਵਿਭਾਗ ਦੇ ਮੁਲਾਜ਼ਮਾਂ ਵੱਲੋਂ ਕੀਤੀ ਗਈ 3 ਦਿਨਾਂ ਦੀ ਹੜਤਾਲ

ਚੰਡੀਗੜ੍ਹ: ਬਿਜਲੀ ਵਿਭਾਗ ਦੇ ਮੁਲਾਜ਼ਮਾਂ ਨੇ ਨਿੱਜੀਕਰਨ ਦੇ ਫੈਸਲੇ ਤੋਂ ਗੁੱਸੇ ਵਿੱਚ 3 ਦਿਨ ਦੀ ਹੜਤਾਲ ਕਰ ਦਿੱਤੀ ਹੈ। ਇਹ ਹੜਤਾਲ ਸੋਮਵਾਰ ਦੁਪਹਿਰ 12 ਵਜੇ ਤੋਂ ਸ਼ੁਰੂ ਹੋ ਗਈ ਹੈ, ਜੋ 24 ਫਰਵਰੀ ਤੱਕ ਜਾਰੀ ਰਹੇਗੀ। ਹੜਤਾਲ ਕਾਰਨ ਬਿਜਲੀ ਸੰਕਟ ਹੋਰ ਡੂੰਘਾ ਹੋਣਾ ਤੈਅ ਹੈ। ਇਸ ਤੋਂ ਪਹਿਲਾਂ ਸਲਾਹਕਾਰ ਧਰਮਪਾਲ ਨੇ ਮੁਲਾਜ਼ਮਾਂ ਦੇ ਵਫ਼ਦ ਨਾਲ ਮੀਟਿੰਗ ਕੀਤੀ ਸੀ। ਉਨ੍ਹਾਂ ਨੇ ਮੁਲਾਜ਼ਮਾਂ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਆਪਣੇ ਫੈਸਲੇ ’ਤੇ ਅੜੇ ਰਹੇ।
ਪ੍ਰਸ਼ਾਸਨ ਨੇ ਪਿਛਲੇ ਇੱਕ ਦਿਨ ਦੀ ਹੜਤਾਲ ਦੇ ਫੈਸਲੇ ‘ਤੇ ਮੁਲਾਜ਼ਮਾਂ ਵਿਰੁੱਧ ਅਨੁਸ਼ਾਸਨਹੀਣਤਾ ਅਤੇ ਡਿਊਟੀ ‘ਤੇ ਹਾਜ਼ਰ ਨਾ ਹੋਣ ‘ਤੇ ਨੋ ਵਰਕ ਨੋ ਪੇਅ ਦੀ ਚਿਤਾਵਨੀ ਦਿੱਤੀ ਸੀ। ਇਸ ਦੇ ਬਾਵਜੂਦ ਮੁਲਾਜ਼ਮ ਇਕਮੁੱਠਤਾ ਦਿਖਾਉਂਦੇ ਹੋਏ ਹੜਤਾਲ ’ਤੇ ਚਲੇ ਗਏ। ਪ੍ਰਸ਼ਾਸਨ ਨੇ ਇਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਪ੍ਰਸ਼ਾਸਨ ਮੁਲਾਜ਼ਮਾਂ ਦੀਆਂ ਹੱਕੀ ਮੰਗਾਂ ਪ੍ਰਤੀ ਹਮੇਸ਼ਾ ਹੀ ਗੰਭੀਰ ਰਿਹਾ ਹੈ। ਇਸ ਕਾਰਨ ਮੁਲਾਜ਼ਮਾਂ ਦਾ ਹੜਤਾਲ ’ਤੇ ਜਾਣਾ ਠੀਕ ਨਹੀਂ ਹੈ।