Amritsar
ਅੰਮ੍ਰਿਤਸਰ ਝੂਠੇ ਮੁਕਾਬਲੇ ‘ਚ 3 ਪੁਲਿਸ ਮੁਲਾਜ਼ਮ ਦੋਸ਼ੀ ਕਰਾਰ,CBI ਅਦਾਲਤ ਨੇ 31 ਸਾਲਾਂ ਬਾਅਦ ਸੁਣਾਇਆ ਫੈਸਲਾ
ਅੰਮ੍ਰਿਤਸਰ 9ਸਤੰਬਰ 2023: CBI ਅਦਾਲਤ ਨੇ 1992 ਵਿੱਚ ਹੋਏ ਝੂਠੇ ਮੁਕਾਬਲੇ ਦੇ ਕੇਸ ਵਿੱਚ ਫੈਸਲਾ ਸੁਣਾਉਂਦਿਆਂ ਅੰਮ੍ਰਿਤਸਰ ਦੇ ਤਿੰਨ ਤਤਕਾਲੀ ਪੁਲੀਸ ਮੁਲਾਜ਼ਮਾਂ ਇੰਸਪੈਕਟਰ ਧਰਮ ਸਿੰਘ, ਏਐਸਆਈ ਸੁਰਿੰਦਰ ਸਿੰਘ ਅਤੇ ਗੁਰਦੇਵ ਸਿੰਘ ਨੂੰ ਦੋਸ਼ੀ ਕਰਾਰ ਦਿੱਤਾ ਹੈ। ਜਿਨ੍ਹਾਂ ਨੂੰ 14 ਸਤੰਬਰ ਨੂੰ ਸਜ਼ਾ ਸੁਣਾਈ ਜਾਵੇਗੀ। ਸਾਲ 1992 ਵਿੱਚ ਤਿੰਨ ਨੌਜਵਾਨਾਂ ਹਰਜੀਤ ਸਿੰਘ, ਲਖਵਿੰਦਰ ਸਿੰਘ ਅਤੇ ਜਸਪਿੰਦਰ ਸਿੰਘ ਦਾ 9 ਪੁਲਿਸ ਵਾਲਿਆਂ ਨੇ ਝੂਠਾ ਮੁਕਾਬਲਾ ਕੀਤਾ ਸੀ।
ਇਸ ਮਾਮਲੇ ਵਿੱਚ ਮ੍ਰਿਤਕ ਹਰਜੀਤ ਸਿੰਘ ਦੇ ਪਿਤਾ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਰਿੱਟ ਦਾਇਰ ਕੀਤੀ ਸੀ। ਉਸ ਸਮੇਂ ਮ੍ਰਿਤਕ ਦੇ ਪਿਤਾ ਨੂੰ ਨਹੀਂ ਪਤਾ ਸੀ ਕਿ ਪੁਲਸ ਨੇ ਉਸ ਦੇ ਪੁੱਤਰ ਦਾ ਕਤਲ ਕਰ ਦਿੱਤਾ ਹੈ। ਪਿਤਾ ਨੇ ਦੋਸ਼ ਲਾਇਆ ਸੀ ਕਿ ਉਸ ਦੇ ਪੁੱਤਰ ਹਰਜੀਤ ਸਿੰਘ ਨੂੰ ਪੁਲੀਸ ਨੇ 29 ਅਪਰੈਲ 1992 ਨੂੰ ਅੰਮ੍ਰਿਤਸਰ ਦੇ ਸਠਿਆਲਾ ਨੇੜੇ ਠੱਠੀਆਂ ਬੱਸ ਸਟੈਂਡ ਤੋਂ ਚੁੱਕ ਕੇ ਮਾਲ ਮੰਡੀ ਦੇ ਪੁੱਛਗਿੱਛ ਕੇਂਦਰ ਵਿੱਚ ਰੱਖਿਆ ਸੀ।
1997 ਵਿੱਚ ਜਾਂਚ ਸੀਬੀਆਈ ਨੂੰ ਸੌਂਪੀ ਗਈ ਸੀ
ਤੁਰੰਤ ਕਾਰਵਾਈ ਕਰਦਿਆਂ ਹਾਈਕੋਰਟ ਨੇ ਹਰਜੀਤ ਸਿੰਘ ਦੀ ਗੈਰ-ਕਾਨੂੰਨੀ ਪੁਲਿਸ ਹਿਰਾਸਤ ਤੋਂ ਰਿਹਾਈ ਨੂੰ ਯਕੀਨੀ ਬਣਾਉਣ ਲਈ ਵਾਰੰਟ ਅਫਸਰ ਨਿਯੁਕਤ ਕੀਤਾ। ਇਸ ਮਾਮਲੇ ਨੂੰ ਅੱਗੇ ਲੈ ਕੇ ਹਾਈ ਕੋਰਟ ਨੇ ਦਸੰਬਰ 1992 ਵਿੱਚ ਜ਼ਿਲ੍ਹਾ ਤੇ ਸੈਸ਼ਨ ਜੱਜ ਚੰਡੀਗੜ੍ਹ ਨੂੰ ਮਾਮਲੇ ਦੀ ਨਿਆਂਇਕ ਜਾਂਚ ਕਰਨ ਦੇ ਹੁਕਮ ਦਿੱਤੇ ਸਨ। ਜਿਸਦੀ ਰਿਪੋਰਟ ਸਾਲ 1995 ਵਿੱਚ ਪੇਸ਼ ਕੀਤੀ ਗਈ ਸੀ। ਰਿਪੋਰਟ ਦੇ ਆਧਾਰ ‘ਤੇ 30 ਮਈ 1997 ਨੂੰ ਹਾਈ ਕੋਰਟ ਨੇ ਇਸ ਮਾਮਲੇ ਦੀ ਜਾਂਚ ਸੀਬੀਆਈ ਨੂੰ ਸੌਂਪ ਦਿੱਤੀ ਸੀ।