Punjab
ਤਰਨਤਾਰਨ ‘ਚ ਇੱਕੋ ਪਰਿਵਾਰ ਦੇ ਪੰਜ ਜੀਆਂ ਦਾ ਬੇਰਹਿਮੀ ਨਾਲ ਹੋਇਆ ਕ਼ਤਲ

ਤਰਨਤਾਰਨ, 25 ਜੂਨ (ਪਵਨ ਸ਼ਰਮਾ): ਤਰਨਤਾਰਨ ਦੇ ਪਿੰਡ ਕੈਰੋਂ ਵਿਖੇ ਇੱਕ ਪਰਿਵਾਰ ਦੇ ਪੰਜ ਜੀਆਂ ਦਾ ਬੇਰਹਿਮੀ ਨਾਲ ਕਤਲ ਦਾ ਮਾਮਲਾ ਸਾਹਮਣੇ ਆਇਆ ਹੈ। ਮੁਜਰਿਮ ਵਲੋਂ ਧਾਰ ਹਥਿਆਰਾਂ ਨਾਲ ਗਲ਼ਾ ਵੱਢ ਕੇ ਹੱਤਿਆ ਕਰ ਦਿੱਤੀ ਗਈ। ਇਸ ਹਾਦਸੇ ਦੀ ਜਾਣਕਾਰੀ ਓਦੋ ਮਿਲੀ ਜਦੋਂ ਸੱਤ ਸਾਲ ਦੀ ਬੱਚੀ ਨੇ ਗੁਆਂਢੀਆਂ ਦਾ ਦਰਵਾਜਾ ਖੜਕਾ ਕੇ ਜਾਣਕਾਰੀ ਦਿੱਤੀ। ਘਟਨਾ ਦਾ ਪਤਾ ਚੱਲਦਿਆਂ ਹੀ ਮੌਕੇ ‘ਤੇ ਡੀਐੱਸਪੀ ਪੱਟੀ ਕੁਲਵੰਤ ਸਿੰਘ, ਥਾਣਾ ਸਿਟੀ ਪੱਟੀ ਦੇ ਮੁਖੀ ਇੰਸਪੈਕਟਰ ਅਜੈ ਕੁਮਾਰ ਖੁੱਲਰ, ਸੀਆਈਏ ਸਟਾਫ ਤਰਨਤਾਰਨ ਦੀ ਪੁਲਿਸ ਤੋਂ ਇਲਾਵਾ ਡਾਗ ਸਕਵਾਇਡ ਵੀ ਪਹੁੰਚਿਆ।
ਮ੍ਰਿਤਕਾਂ ਦੀ ਪਛਾਣ ਬ੍ਰਿੱਜ ਲਾਲ, ਉਸਦਾ ਲੜਕਾ ਬੰਟੀ (25), ਨੂੰਹ ਅਮਨ ਪਤਨੀ ਪਰਮਜੀਤ ਪੰਮਾ, ਜੱਸ ਪਤਨੀ ਬਖਸ਼ੀਸ਼ ਸੋਨਾ ਤੋਂ ਇਲਾਵਾ ਡਰਾਇਵਰ ਗੁਰਸਾਹਿਬ ਸਿੰਘ (33) ਪੁੱਤਰ ਬਖਸ਼ੀਸ਼ ਸਿੰਘ ਵਜੋਂ ਹੋਈ ਹੈ। ਮਾਰੀਆਂ ਗਈਆਂ ਔਰਤਾਂ ਦੇ ਪਤੀ ਪੰਮਾ ਅਤੇ ਸੋਨਾ ਨਸ਼ਾ ਛੁਡਾਉ ਕੇਂਦਰ ਵਿਚ ਇਲਾਜ ਅਧੀਨ ਹਨ। ਜਦੋਂਕਿ ਪਰਿਵਾਰ ਦਾ ਇਕ ਹੋਰ ਲੜਕਾ ਗੁਰਜੰਟ ਪੁਲਿਸ ਨੂੰ ਘਰ ਦੇ ਬਾਹਰ ਗਲੀ ‘ਚ ਘੁੰਮਦਾ ਮਿਲਿਆ। ਜਿਸ ਨੂੰ ਪੁੱਛਗਿੱਛ ਲਈ ਹਿਰਾਸਤ ‘ਚ ਲੈ ਲਿਆ ਗਿਆ ਹੈ। ਘਰ ਦੇ ਨੇੜੇ-ਤੇੜੇ ਗਲੀ ‘ਚ ਲੱਗੇ ਹੋਏ ਸੀਸੀਟੀਵੀ ਕੈਮਰਿਆਂ ਨੂੰ ਵੀ ਤੋੜ ਦਿੱਤਾ ਗਿਆ ਹੈ। ਡੀਐੱਸਪੀ ਕੁਲਵੰਤ ਸਿੰਘ ਨੇ ਦੱਸਿਆ ਕਿ ਲਾਸ਼ਾਂ ਨੂੰ ਕਬਜ਼ੇ ‘ਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਮ੍ਰਿਤਕਾਂ ਦੇ ਮੋਬਾਈਲ ਫੋਨ ਵੀ ਕਬਜ਼ੇ ਵਿਚ ਲੈ ਲਏ ਗਏ ਹਨ। ਉਨ੍ਹਾਂ ਦੱਸਿਆ ਕਿ ਦੋਵਾਂ ਔਰਤਾਂ ਤੇ ਬੰਟੀ ਦੀ ਲਾਸ਼ ਤਿੰਨ ਵੱਖੋਂ-ਵੱਖ ਕਮਰਿਆਂ ‘ਚ ਮਿਲੀ ਹੈ। ਜਦੋਂਕਿ ਬ੍ਰਿਜ ਲਾਲ ਤੇ ਡਰਾਇਵਰ ਇਕੋ ਕਮਰੇ ‘ਚ ਮ੍ਰਿਤਕ ਪਾਏ ਗਏ ਹਨ। ਉਨ੍ਹਾਂ ਦੱਸਿਆ ਕਿ ਘਟਨਾ ਦੀ ਹਰ ਪਹਿਲੂ ਤੋਂ ਜਾਂਚ ਕੀਤੀ ਜਾਵੇਗੀ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਪਰਿਵਾਰ ਨਾਮੀ ਸਮੱਗਲਰਾਂ ਵਿਚ ਜਾਣਿਆ ਜਾਂਦਾ ਸੀ ਤੇ ਇਨ੍ਹਾਂ ਖ਼ਿਲਾਫ਼ ਕਈ ਮਾਮਲੇ ਦਰਜ ਹਨ।