Connect with us

India

ਸਮਾਜਿਕ ਸੁਰੱਖਿਆ ਵਿਭਾਗ ਵਿੱਚ ਤਰੱਕੀਆਂ ਦੀ ਪ੍ਰਕਿਰਿਆ ਵਿੱਚ ਤੇਜ਼ੀ ਲਿਆਂਦੀ ਜਾਵੇ : ਅਰੁਨਾ ਚੌਧਰੀ

Published

on

ਚੰਡੀਗੜ, 24 ਜੂਨ : ਪੰਜਾਬ ਦੇ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਮੰਤਰੀ ਅਰੁਨਾ ਚੌਧਰੀ ਨੇ ਵਿਭਾਗ ਵਿੱਚ ਤਰੱਕੀਆਂ ਦੀ ਪ੍ਰਕਿਰਿਆ ਵਿੱਚ ਤੇਜ਼ੀ ਲਿਆਉਣ ਅਤੇ ਸੀਨੀਆਰਤਾ ਸੂਚੀ ਨੂੰ ਜਲਦੀ ਅੰਤਮ ਰੂਪ ਦੇਣ ਦਾ ਆਦੇਸ਼ ਦਿੱਤਾ ਹੈ।
ਵਿਭਾਗ ਵਿੱਚ ਖ਼ਾਲੀ ਆਸਾਮੀਆਂ ਭਰਨ ਦੀ ਚੱਲ ਰਹੀ ਪ੍ਰਕਿਰਿਆ ਦੀ ਸਮੀਖਿਆ ਲਈ ਵਿਭਾਗੀ ਅਧਿਕਾਰੀਆਂ ਨਾਲ ਮੀਟਿੰਗ ਦੌਰਾਨ ਚੌਧਰੀ ਨੇ ਕਿਹਾ ਕਿ ਜਿਹੜੀਆਂ ਆਸਾਮੀਆਂ ਤਰੱਕੀ ਰਾਹੀਂ ਭਰੀਆਂ ਜਾਣੀਆਂ ਹਨ, ਉਹਨਾਂ ਦੇ ਕੰਮ ਵਿੱਚ ਤੇਜ਼ੀ ਲਿਆਂਦੀ ਜਾਵੇ ਅਤੇ ਜਿਹੜੀਆਂ ਆਸਾਮੀਆਂ ਪੰਜਾਬ ਲੋਕ ਸੇਵਾ ਕਮਿਸ਼ਨ (ਪੀ.ਪੀ.ਐਸ.ਸੀ.) ਜਾਂ ਅਧੀਨ ਸੇਵਾਵਾਂ ਚੋਣ ਬੋਰਡ (ਐਸ.ਐਸ. ਬੋਰਡ) ਰਾਹੀਂ ਭਰੀਆਂ ਜਾਣੀਆਂ ਹਨ, ਉਹਨਾਂ ਸਬੰਧੀ ਕਮਿਸ਼ਨ ਤੇ ਬੋਰਡ ਦੇ ਨੁਮਾਇੰਦਿਆਂ ਨਾਲ ਗੱਲਬਾਤ ਕੀਤੀ ਜਾਵੇ।
ਸਮਾਜਿਕ ਸੁਰੱਖਿਆ ਮੰਤਰੀ ਨੇ ਆਦੇਸ਼ ਦਿੱਤਾ ਕਿ ਸੁਪਰਵਾਈਜ਼ਰਾਂ ਦੀ ਸੀਨੀਆਰਤਾ ਸੂਚੀ ਨੂੰ ਅਗਲੇ ਮਹੀਨੇ ਤੱਕ ਅੰਤਮ ਰੂਪ ਦੇ ਦਿੱਤਾ ਜਾਵੇ। ਇਸ ਤੋਂ ਇਲਾਵਾ ਤਰੱਕੀਆਂ ਰਾਹੀਂ ਭਰੀਆਂ ਜਾਣ ਵਾਲੀਆਂ ਜਿਹੜੀਆਂ ਹੋਰ ਵੀ ਅਸਾਮੀਆਂ ਰਹਿੰਦੀਆਂ ਹਨ, ਉਹਨਾਂ ਦੀ ਵੀ ਸੀਨੀਆਰਤਾ ਨੂੰ ਛੇਤੀ ਅੰਤਮ ਰੂਪ ਦਿੱਤਾ ਜਾਵੇ ਤਾਂ ਕਿ ਵਿਭਾਗ ਦਾ ਕੰਮ ਸੁਚਾਰੂ ਤਰੀਕੇ ਨਾਲ ਚਲਾਉਣ ਵਿੱਚ ਮਦਦ ਮਿਲ ਸਕੇ। ਉਹਨਾਂ ਨਾਲ ਹੀ ਕਿਹਾ ਕਿ ਤਰੱਕੀਆਂ ਤੋਂ ਬਾਅਦ ਖ਼ਾਲੀ ਹੋਣ ਵਾਲੀਆਂ ਆਸਾਮੀਆਂ ਉਤੇ ਭਰਤੀ ਲਈ ਵੀ ਸਬੰਧਤ ਕਮਿਸ਼ਨ ਜਾਂ ਬੋਰਡ ਨੂੰ ਮੰਗ ਭੇਜੀ ਜਾਵੇ ਤਾਂ ਜੋ ਸਾਰਾ ਬੈਕਲਾਗ ਭਰਿਆ ਜਾ ਸਕੇ।
ਇਸ ਮੌਕੇ ਚੌਧਰੀ ਨੇ ਕਿਹਾ ਕਿ ਇਹ ਆਸਾਮੀਆਂ ਭਰਨ ਨਾਲ ਵਿਭਾਗ ਦਾ ਕੰਮ ਸੁਚਾਰੂ ਕਰਨ ਵਿੱਚ ਮਦਦ ਮਿਲੇਗੀ ਅਤੇ ਮੁਲਾਜ਼ਮਾਂ ਨੂੰ ਉਹਨਾਂ ਦਾ ਹੱਕ ਮਿਲੇਗਾ। ਉਹਨਾਂ ਕਿਹਾ ਕਿ ਵਿਭਾਗ ਵਿੱਚ ਤਰੱਕੀਆਂ ਦਾ ਬੈਕਲਾਗ ਛੇਤੀ ਪੂਰਾ ਕਰ ਦਿੱਤਾ ਜਾਵੇਗਾ। ਉਹਨਾਂ ਵਿਭਾਗ ਵਿੱਚ ਨਵੇਂ ਭਰਤੀ ਹੋਏ ਸੁਪਰਡੈਂਟ ਹੋਮ ਨੂੰ ਆਪਣਾ ਕੰਮ ਤਨਦੇਹੀ ਤੇ ਇਮਾਨਦਾਰੀ ਨਾਲ ਕਰਨ ਦੀ ਪ੍ਰੇਰਨਾ ਦਿੰਦਿਆਂ ਵਿਭਾਗ ਵਿੱਚ ਸਵਾਗਤ ਕੀਤਾ। ਇਸ ਮੌਕੇ ਵਿਭਾਗ ਦੀ ਪ੍ਰਮੁੱਖ ਸਕੱਤਰ ਰਾਜੀ ਪੀ ਸ੍ਰੀਵਾਸਤਵ, ਡਾਇਰੈਕਟਰ ਦੀਪਰਵਾ ਲਾਕਰਾ ਅਤੇ ਵਧੀਕ ਡਾਇਰੈਕਟਰ ਲਿਲੀ ਚੌਧਰੀ ਤੇ ਹੋਰ ਹਾਜ਼ਰ ਸਨ।