Haryana
11 ਵਜੇ ਤਕ ਹੁਣ ਹਰਿਆਣਾ ‘ਚ ਖੁੱਲ੍ਹ ਸਕਣਗੇ ਰੈਸਟੋਰੈਂਟ ਤੇ ਮਾਲ
ਹਰਿਆਣਾ ਸਰਕਾਰ ਨੇ ਸੂਬੇ ‘ਚ ਮਹਾਮਾਰੀ ਦੇ ਪ੍ਰਸਾਰ ਨੂੰ ਰੋਕਣ ਲਈ ਕੋਰੋਨਾ ਰੋਕੂ ਲਾਕਡਾਊਨ ਨੂੰ ਸ਼ਨੀਵਾਰ 2 ਅਗਸਤ ਤੱਕ ਇਕ ਹਫ਼ਤੇ ਲਈਹੋਰ ਵਧਾ ਦਿੱਤਾ ਹੈ। ਆਫ਼ਤ ਪ੍ਰਬੰਧਨ ਐਕਟ 2005 ਦੇ ਪ੍ਰਬੰਧਾਂ ਤੱਕ ਸ਼ਕਤੀਆਂ ਦਾ ਇਸਤੇਮਾਲ ਕਰਦੇ ਹੋਏ ਮੁੱਖ ਸਕੱਤਰ ਵਿਜੇ ਵਰਧਨ ਵਲੋਂ ਜਾਰੀ ਆਦੇਸ਼ ‘ਚ ਕਿਹਾ ਗਿਆ,”ਲਾਕਡਾਊਨ 26 ਜੁਲਾਈ ਤੋਂ 2 ਅਗਸਤ ਤੱਕ ਇਕ ਹਫ਼ਤੇ ਲਈ ਹੋਰ ਵਧਾਇਆ ਜਾਂਦਾ ਹੈ।” ਆਦੇਸ਼ ‘ਚ ਕਿਹਾ ਗਿਆ ਹੈ ਕਿ ਕੋਵਿਡ ਪ੍ਰੋਟੋਕੋਲ ਅਧੀਨ ਹੁਣ ਸੂਬੇ ’ਚ ਮਾਲ ਅਤੇ ਭੀੜ ਤੋਂ ਦੂਰ ਬਣੇ ਰੈਸਟੋਰੈਂਟਾਂ ਨੂੰ ਰਾਤ 11 ਵਜੇ ਤੱਕ ਖੋਲ੍ਹਣ ਦੀ ਆਗਿਆ ਦੇ ਦਿੱਤੀ ਹੈ। ਪਹਿਲਾਂ ਇਹ ਆਗਿਆ ਰਾਤ 10 ਵਜੇ ਤੱਕ ਸੀ। ਓਧਰ ਯੂਨੀਵਰਸਿਟੀਆਂ ਦੀ ਦਾਖਲਾ ਪ੍ਰੀਖਿਆ ਅਤੇ ਹਰਿਆਣਾ ਲੋਕ ਸੇਵਾ ਕਮਿਸ਼ਨ ਅਤੇ ਮੁਲਾਜ਼ਮ ਚੋਣ ਕਮਿਸ਼ਨ ਦੀਆਂ ਹੋਣ ਵਾਲੀਆਂ ਪ੍ਰੀਖਿਆਵਾਂ ਲਈ ਵੀ ਹਰੀ ਝੰਡੀ ਦੇ ਦਿੱਤੀ ਗਈ ਹੈ। ਪਹਿਲਾਂ ਵਾਂਗ ਆਮ ਦੁਕਾਨਾਂ ਸਵੇਰੇ 9 ਵਜੇ ਤੋਂ ਰਾਤ 8 ਵਜੇ ਤੱਕ ਅਤੇ ਆਮ ਮਾਲ ਸਵੇਰੇ 10 ਵਜੇ ਤੋਂ ਰਾਤ 8 ਵਜੇ ਤੱਕ ਖੁੱਲ੍ਹ ਸਕਣਗੇ। ਸਰਕਾਰ ਵਲੋਂ ਜਾਰੀ ਮਹਾਮਾਰੀ ਅਲਰਟ- ਸੁਰੱਖਿਅਤ ਹਰਿਆਣਾ ਵਿਚ ਪਹਿਲਾਂ ਦੇ ਨਿਰਧਾਰਤ ਹੁਕਮਾਂ ਨੂੰ ਬਰਕਰਾਰ ਰੱਖਿਆ ਗਿਆ ਹੈ। ਇਸ ਅਧੀਨ ਰਾਤ ਦਾ ਕਰਫਿਊ 11 ਵਜੇ ਤੋਂ ਸਵੇਰੇ 5 ਵਜੇ ਤੱਕ ਚਲਦਾ ਰਹੇਗਾ। ਬਾਕੀ ਦੇ ਹੁਕਮ ਪਹਿਲਾਂ ਵਾਂਗ ਹੀ ਲਾਗੂ ਰਹਿਣਗੇ।
