Politics
ਅਗਲੇ ਵਿਧਾਨ ਸਭਾ ਸੈਸ਼ਨ ‘ਚ ਮੁੱਢੋਂ ਰੱਦ ਕੀਤੇ ਜਾਣਗੇ ਬਿਜਲੀ ਸਮਝੌਤੇ : ਨਵਜੋਤ ਸਿੱਧੂ
ਮੋਗਾ : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਵਿਧਾਇਕ ਨਵਜੋਤ ਸਿੰਘ ਸਿੱਧੂ ਨੇ ਐਲਾਨ ਕੀਤਾ ਹੈ ਕਿ ਪੰਜਾਬ ਅਤੇ ਪੰਜਾਬੀਆਂ ਦੀ ਆਰਥਿਕਤਾ ਦਾ ਲੱਕ ਤੋੜਨ ਵਾਲੇ ਬਿਜਲੀ ਸਮਝੌਤੇ ਅਤੇ ਕਾਲੇ ਖੇਤੀ ਕਾਨੂੰਨ ਅਗਲੇ ਵਿਧਾਨ ਸਭਾ ਸੈਸ਼ਨ ਵਿੱਚ ਮੁੱਢੋਂ ਰੱਦ ਕਰ ਦਿੱਤੇ ਜਾਣਗੇ। ਉਹ ਅੱਜ ਮੋਗਾ ਵਿਖੇ ਪਾਰਟੀ ਵਰਕਰਾਂ ਦੀ ਭਰਵੀਂ ਮੀਟਿੰਗ ਨੂੰ ਸੰਬੋਧਨ ਕਰ ਰਹੇ ਸਨ। ਇਸ ਮੌਕੇ ਉਨ੍ਹਾਂ ਨਾਲ ਹਲਕਾ ਮੋਗਾ ਦੇ ਵਿਧਾਇਕ ਡਾ. ਹਰਜੋਤ ਕਮਲ, ਧਰਮਕੋਟ ਦੇ ਵਿਧਾਇਕ ਸ੍ਰ. ਸੁਖਜੀਤ ਸਿੰਘ ਕਾਕਾ ਲੋਹਗੜ੍ਹ, ਬਾਘਾਪੁਰਾਣਾ ਦੇ ਵਿਧਾਇਕ ਸ੍ਰ. ਦਰਸ਼ਨ ਸਿੰਘ ਬਰਾੜ, ਸਾਬਕਾ ਮੰਤਰੀ ਸ੍ਰੀਮਤੀ ਮਾਲਤੀ ਥਾਪਰ, ਪੰਜਾਬ ਕਾਂਗਰਸ ਦੇ ਕਾਰਜਕਾਰੀ ਪ੍ਰਧਾਨ ਸ੍ਰੀ ਪਵਨ ਗੋਇਲ, ਸਾਬਕਾ ਵਿਧਾਇਕ ਸ੍ਰੀ ਵਿਜੇ ਸਾਥੀ, ਨਗਰ ਨਿਗਮ ਮੋਗਾ ਦੇ ਮੇਅਰ ਸ੍ਰੀਮਤੀ ਨਿਤੀਕਾ ਭੱਲਾ, ਚੇਅਰਮੈਨ ਸ੍ਰ. ਇੰਦਰਜੀਤ ਸਿੰਘ ਤਲਵੰਡੀ ਭੰਗੇਰੀਆਂ, ਜ਼ਿਲ੍ਹਾ ਪ੍ਰਧਾਨ ਸ੍ਰ. ਮਹੇਸ਼ਇੰਦਰ ਸਿੰਘ ਨਿਹਾਲ ਸਿੰਘ ਵਾਲਾ ਅਤੇ ਹੋਰ ਹਾਜ਼ਰ ਸਨ।
ਆਪਣੇ ਜੋਸ਼ੀਲੇ ਅੰਦਾਜ਼ ਵਿੱਚ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਸ੍ਰ. ਸਿੱਧੂ ਨੇ ਕਿਹਾ ਕਿ ਪਿਛਲੀ ਅਕਾਲੀ ਭਾਜਪਾ ਗਠਜੋੜ ਸਰਕਾਰ ਨੇ ਆਪਣੇ ਨਿੱਜੀ ਹਿੱਤਾਂ ਦੀ ਪੂਰਤੀ ਨੂੰ ਧਿਆਨ ਵਿੱਚ ਰੱਖ ਕੇ ਹੀ ਨਿੱਜੀ ਖੇਤਰ ਦੀਆਂ ਕੰਪਨੀਆਂ ਨਾਲ 65000 ਕਰੋੜ ਰੁਪਏ ਦੇ ਬਿਜਲੀ ਸਮਝੌਤੇ ਕੀਤੇ ਸਨ, ਜਿਸ ਦਾ ਖਮਿਆਜ਼ਾ ਅੱਜ ਹਰ ਪੰਜਾਬੀ ਨੂੰ ਭੁਗਤਣਾ ਪੈ ਰਿਹਾ ਹੈ। ਇਸੇ ਤਰ੍ਹਾਂ ਕੇਂਦਰ ਸਰਕਾਰ ਵੱਲੋਂ ਲਾਗੂ ਕੀਤੇ ਗਏ ਤਿੰਨ ਕਾਲੇ ਕਾਨੂੰਨ ਪੰਜਾਬ ਦੀ ਆਰਥਿਕਤਾ ਦਾ ਲੱਕ ਤੋੜਨ ਦੀ ਕੋਝੀ ਚਾਲ ਹੈ। ਉਨ੍ਹਾਂ ਕਿਹਾ ਕਿ ਪੰਜਾਬ ਇੱਕ ਖੇਤੀ ਪ੍ਰਧਾਨ ਸੂਬਾ ਹੈ ਅਤੇ ਇਸ ਦੀ ਆਰਥਿਕਤਾ ਇਸ ਧੰਦੇ ਉੱਤੇ ਖੜ੍ਹੀ ਹੈ, ਇਸੇ ਕਰਕੇ ਹੀ ਇਹ ਕਾਨੂੰਨ ਜਬਰੀ ਕਿਸਾਨਾਂ ਉੱਤੇ ਥੋਪੇ ਜਾ ਰਹੇ ਹਨ। ਉਨ੍ਹਾਂ ਦਾਅਵੇ ਨਾਲ ਕਿਹਾ ਕਿ ਬਿਜਲੀ ਸਮਝੌਤੇ ਅਤੇ ਤਿੰਨ ਕਾਲੇ ਖੇਤੀ ਕਾਨੂੰਨ ਅਗਲੇ ਪੰਜਾਬ ਵਿਧਾਨ ਸਭਾ ਸੈਸ਼ਨ ਵਿੱਚ ਰੱਦ ਕੀਤੇ ਜਾਣਗੇ।
ਉਨ੍ਹਾਂ ਕਿਹਾ ਕਿ ਪੰਜਾਬ ਨੂੰ ਕਿਸੇ ਵੀ ਦਿੱਲੀ ਮਾਡਲ ਦੀ ਲੋੜ੍ਹ ਨਹੀਂ ਹੈ। ਪੰਜਾਬ ਆਪਣੇ ਆਪ ਵਿੱਚ ਮਾਡਲ ਹੋਵੇਗਾ। ਇਸੇ ਤਰ੍ਹਾਂ ਪੰਜਾਬ ਆਪਣੇ ਕਾਨੂੰਨ ਖੁਦ ਬਣਾਉਣ ਦੇ ਸਮਰੱਥ ਹੈ, ਇਸ ਕਰਕੇ ਪੰਜਾਬ ਨੂੰ ਕੇਂਦਰ ਵੱਲੋਂ ਥੋਪੇ ਜਾ ਰਹੇ ਕਾਨੂੰਨਾਂ ਦੀ ਲੋੜ੍ਹ ਨਹੀਂ ਹੈ। ਉਨ੍ਹਾਂ ਕਾਂਗਰਸ ਪਾਰਟੀ ਦੇ ਵਰਕਰਾਂ ਨੂੰ ਸੱਦਾ ਦਿੱਤਾ ਕਿ ਉਹ ਲੋਕਾਂ ਦੀ ਸੋਚ ਦਾ ਪੰਜਾਬ ਸਿਰਜਣ ਲਈ ਹੁਣ ਘਰਾਂ ਵਿੱਚ ਨਾ ਬੈਠਣ ਸਗੋਂ ਬਾਹਰ ਨਿਕਲ ਕੇ ਆਉਣ। ਅੱਜ ਲੋੜ੍ਹ ਹੈ ਕਿ ਹਰੇਕ ਵਰਗ ਨਵੇਂ ਪੰਜਾਬ ਦੀ ਸਿਰਜਣਾ ਵਿੱਚ ਹਿੱਸਾ ਪਾਵੇ।
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ੍ਰ. ਸੁਖਬੀਰ ਸਿੰਘ ਬਾਦਲ ਵੱਲੋਂ ਦਿੱਤੇ 13 ਨੁਕਾਤੀ ਪ੍ਰੋਗਰਾਮ ਨੂੰ ਇੱਕ ਹੋਰ ਨਵਾਂ ‘ਲਾਲੀਪਾਪ’ ਦੱਸਦਿਆਂ ਸ੍ਰ. ਸਿੱਧੂ ਨੇ ਕਿਹਾ ਕਿ ਲੋਕਾਂ ਨੂੰ ਨਵੇਂ ਸਬਜ਼ਬਾਗ ਦਿਖਾਉਣ ਵਾਲੇ ਸੁਖਬੀਰ ਸਿੰਘ ਬਾਦਲ ਨੂੰ ਚਾਹੀਦਾ ਹੈ ਕਿ ਉਹ ਇਹ ਸਪੱਸ਼ਟ ਕਰੇ ਕਿ ਇਸ ਪ੍ਰੋਗਰਾਮ ਨੂੰ ਹਕੀਕਤ ਵਿੱਚ ਬਦਲਣ ਲਈ ਸਰਕਾਰ ਕੋਲ ਸਾਧਨ ਕਿੱਥੋਂ ਆਉਣਗੇ? ਉਨ੍ਹਾਂ ਕਿਹਾ ਕਿ ਅਕਾਲੀ ਭਾਜਪਾ ਸਰਕਾਰ ਨੇ ਪੰਜਾਬ ਨੂੰ ਡੇਢ ਲੱਖ ਰੁਪਏ ਦੇ ਕਰਜ਼ੇ ਵਿੱਚ ਡਬੋ ਦਿੱਤਾ। ਜਿਸ ਦੇ ਵਿਆਜ ਦੇ ਚੱਲਦਿਆਂ ਅੱਜ ਵੀ ਪੰਜਾਬ ਦੇ ਸਿਰ 3 ਲੱਖ ਕਰੋੜ ਰੁਪਏ ਦਾ ਕਰਜ਼ਾ ਖੜ੍ਹਾ ਹੈ। ਅੱਜ ਲੋਕਾਂ ਨੂੰ ਸਬਜ਼ਬਾਜ਼ ਦਿਖਾਉਣ ਦੀ ਬਿਜਾਏ ਇਹ ਸੋਚਣ ਦੀ ਲੋੜ੍ਹ ਹੈ ਕਿ ਪੰਜਾਬ ਦਾ ਖ਼ਜ਼ਾਨਾ ਭਰਨਾ ਕਿਵੇਂ ਹੈ।
ਉਨ੍ਹਾਂ ਕਿਹਾ ਕਿ ਪਿਛਲੀ ਸਰਕਾਰ ਨੇ ਪੰਜਾਬ ਦੇ ਕੁਦਰਤੀ ਸਰੋਤਾਂ ਦੀ ਰੱਜ ਦੇ ਲੁੱਟ ਕੀਤੀ। ਪੰਜਾਬ ਵਿੱਚੋਂ 1100 ਕਿਲੋਮੀਟਰ ਦਰਿਆਵਾਂ ਦਾ ਖੇਤਰ ਹੈ। ਪਰ ਪਿਛਲੀ ਸਰਕਾਰ ਵੱਲੋਂ ਰੇਤੇ ਦੇ ਪ੍ਰਤੀ ਮਹੀਨਾ ਸਿਰਫ਼ 3 ਕਰੋੜ ਰੁਪਏ ਸਰਕਾਰੀ ਖ਼ਜ਼ਾਨੇ ਵਿੱਚ ਜਮ੍ਹਾਂ ਕਰਵਾਏ ਜਾਂਦੇ ਸਨ ਜੋ ਕਿ ਹੁਣ ਕਾਂਗਰਸ ਪਾਰਟੀ ਦੀ ਸਰਕਾਰ ਵੱਲੋਂ 300 ਕਰੋੜ ਰੁਪਏ ਕਰਵਾਏ ਜਾ ਰਹੇ ਹਨ। ਪੰਜਾਬ ਵਿੱਚ ਕੇਬਲ ਮਾਫੀਆ, ਰੇਤ ਮਾਫੀਆ, ਟਰਾਂਸਪੋਰਟ ਮਾਫੀਆ ਅਤੇ ਹੋਰ ਮਾਫੀਆ ਲੋਕਾਂ ਦਾ ਕਬਜ਼ਾ ਸੀ ਜੋ ਕਿ ਹੌਲੀ ਹੌਲੀ ਖ਼ਤਮ ਕੀਤਾ ਜਾ ਰਿਹਾ ਹੈ। ਉਨ੍ਹਾਂ ਦਾਅਵੇ ਨਾਲ ਕਿਹਾ ਕਿ ਉਨ੍ਹਾਂ ਨੇ ਅੱਜ ਤੱਕ ਕਦੇ ਵੀ ਆਪਣੀ ਕੁਰਸੀ ਦੀ ਪ੍ਰਵਾਹ ਨਹੀਂ ਕੀਤੀ। ਭਵਿੱਖ ਵਿੱਚ ਵੀ ਉਹ ਆਪਣੀ ਕੁਰਸੀ ਦੀ ਪ੍ਰਵਾਹ ਨਾ ਕਰਦਿਆਂ ਹਰ ਤਰ੍ਹਾਂ ਦੇ ਮਾਫੀਆ ਰਾਜ ਨੂੰ ਖ਼ਤਮ ਕਰਕੇ ਹੀ ਸਾਹ ਲੈਣਗੇ।
ਉਨ੍ਹਾਂ ਕਿਹਾ ਕਿ ਪੰਜਾਬ ਕਾਂਗਰਸ ਵਿੱਚ ਇਸ ਵੇਲੇ ਕੋਈ ਵੀ ਧੜੇਬੰਦੀ ਜਾਂ ਵਿਰੋਧ ਵਿਚਾਰ ਵਾਲੀ ਸਥਿਤੀ ਨਹੀਂ ਹੈ। ਸਾਰੇ ਪਾਰਟੀ ਇੱਕਜੁੱਟ ਹੈ। ਉਨ੍ਹਾਂ ਐਲਾਨ ਕੀਤਾ ਕਿ ਉਹ ਆਗਾਮੀ 15 ਅਗਸਤ ਨੂੰ ਹਲਕਾਵਾਰ ਰੈਲੀਆਂ ਦੀ ਸ਼ੁਰੂਆਤ ਕਰਨਗੇ, ਜਿਸ ਦਾ ਆਗਾਜ਼ ਉਨ੍ਹਾਂ ਨੇ ਇਤਿਹਾਸਕ ਧਰਤੀ ਮੋਗਾ ਤੋਂ ਅੱਜ ਕਰ ਦਿੱਤਾ ਹੈ। ਉਨ੍ਹਾਂ ਇਸ ਰੈਲੀ ਵਿੱਚ ਵਰਕਰਾਂ ਦੇ ਭਰਵੇਂ ਇਕੱਠ ਤੋਂ ਗਦਗਦ ਹੁੰਦਿਆਂ ਹਲਕਾ ਵਿਧਾਇਕ ਡਾ. ਹਰਜੋਤ ਕਮਲ ਵੱਲੋਂ ਕੀਤੀ ਜਾ ਰਹੀ ਲੋਕ ਸੇਵਾ ਅਤੇ ਮਿਹਨਤ ਦੀ ਭਰਪੂਰ ਸ਼ਲਾਘਾ ਕੀਤੀ।
ਇਸ ਤੋਂ ਪਹਿਲਾਂ ਆਪਣੇ ਸਵਾਗਤੀ ਭਾਸ਼ਣ ਵਿੱਚ ਹਲਕਾ ਵਿਧਾਇਕ ਡਾ. ਹਰਜੋਤ ਕਮਲ ਨੇ ਕਿਹਾ ਕਿ ਸ੍ਰ. ਨਵਜੋਤ ਸਿੰਘ ਸਿੱਧੂ ਦੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦਾ ਪ੍ਰਧਾਨ ਬਣਨ ਨਾਲ ਪਾਰਟੀ ਅਤੇ ਵਰਕਰਾਂ ਵਿੱਚ ਇੱਕ ਨਵੀਂ ਰੂਹ ਫੂਕੀ ਗਈ ਹੈ। ਵਰਕਰਾਂ ਵਿੱਚ ਏਨਾਂ ਉਤਸ਼ਾਹ ਹੈ ਕਿ ਹੁਣ ਆਗਾਮੀ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਪਾਰਟੀ ਦੀ ਜਿੱਤ ਨੂੰ ਕੋਈ ਵੀ ਤਾਕਤ ਰੋਕ ਨਹੀਂ ਸਕਦੀ।