Punjab
ਝੋਨੇ ਦੀ ਪਰਾਲੀ ਦੇ ਸਹੀ ਨਿਪਟਾਰੇ ਲਈ ਕਿਸਾਨਾਂ ਨੂੰ ਕੀਤਾ ਜਾਵੇ ਜਾਗਰੂਕ : ਡਿਪਟੀ ਕਮਿਸ਼ਨਰ
ਪਟਿਆਲਾ : ਪਟਿਆਲਾ ਜ਼ਿਲ੍ਹੇ ਦੇ 2.34 ਲੱਖ ਹੈਕਟੇਅਰ ਰਕਬੇ ਹੇਠ ਬੀਜੇ ਝੋਨੇ ਤੋਂ ਪੈਦਾ ਹੋਣ ਵਾਲੀ 14 ਲੱਖ ਐਮ.ਟੀ ਪਰਾਲੀ ਦਾ ਸਹੀ ਨਿਪਟਾਰਾ ਕਰਨ ਲਈ ਅੱਜ ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ ਨੇ ਸਬੰਧਤ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕਰਦਿਆ ਕਿਹਾ ਕਿ ਜ਼ਿਲ੍ਹੇ ‘ਚ ਪਰਾਲੀ ਦੀ ਸੁਚੱਜੀ ਸਾਂਭ ਸੰਭਾਲ ਲਈ ਕਿਸਾਨਾਂ ਨੂੰ ਜਾਗਰੂਕ ਕਰਨ ਲਈ ਵਿਸ਼ੇਸ਼ ਜਾਗਰੂਕਤਾ ਮੁਹਿੰਮ ਚਲਾਉਣ ਸਮੇਤ ਪਰਾਲੀ ਦੇ ਨਿਪਟਾਰੇ ਲਈ ਵਰਤੀ ਜਾਣ ਵਾਲੀ ਮਸ਼ੀਨਰੀ ਦੀ ਵੈਰੀਫਿਕੇਸ਼ਨ ਤੇ ਮੈਪਿੰਗ ਨੂੰ ਵੀ ਯਕੀਨੀ ਬਣਾਇਆ ਜਾਵੇ ਤਾਂ ਜੋ ਮਸ਼ੀਨਰੀ ਦਾ ਸਹੀ ਉਪਯੋਗ ਕੀਤਾ ਜਾ ਸਕੇ।
ਡਿਪਟੀ ਕਮਿਸ਼ਨਰ ਨੇ ਖੇਤੀਬਾੜੀ ਵਿਭਾਗ, ਸਹਿਕਾਰੀ ਸਭਾਵਾਂ ਤੇ ਪੰਚਾਇਤ ਵਿਭਾਗ ਨੂੰ ਅਜਿਹੇ ਪਿੰਡਾਂ ‘ਚ ਜਿਥੇ ਪਿਛਲੇ ਸਾਲਾਂ ਦੌਰਾਨ 10 ਤੋਂ ਘੱਟ ਅੱਗ ਲਗਾਉਣ ਦੇ ਕੇਸ ਸਾਹਮਣੇ ਆਏ ਸਨ ਨੂੰ ਇਸ ਵਾਰ ਮੁਕੰਮਲ ਤੌਰ ‘ਤੇ ਅੱਗ ਨਾ ਲਗਾਉਣ ਲਈ ਪ੍ਰੇਰਿਤ ਕਰਨ ਲਈ ਕਿਹਾ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ‘ਚ ਉਪਲਬਧ ਸੁਪਰ ਸੀਡਰ, ਮਲਚਰ, ਆਰ.ਐਮ.ਬੀ. ਪਲੋਅ, ਹੈਪੀ ਸੀਡਰ, ਸੁਪਰ ਐਸ.ਐਮ.ਐਸ ਸਮੇਤ 2354 ਮਸ਼ੀਨਾਂ ਉਪਲਬਧ ਹਨ, ਜਿਨ੍ਹਾਂ ਦੀ ਸਹੀ ਵਰਤੋਂ ਕਰਕੇ ਪਰਾਲੀ ਦਾ ਨਿਪਟਾਰਾ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਕਿਸਾਨ ਸਮੂਹਾਂ, ਪੰਚਾਇਤਾਂ, ਸਹਿਕਾਰੀ ਸਭਾਵਾਂ ਤੇ ਕਸਟਮਰ ਹਾਇਰਿੰਗ ਸੈਂਟਰਾਂ ਰਾਹੀਂ ਛੋਟੇ ਅਤੇ ਸੀਮਾਂਤ ਕਿਸਾਨਾਂ ਤੋਂ ਫਸਲਾਂ ਦੀ ਰਹਿੰਦ ਖੂੰਹਦ ਦੇ ਪ੍ਰਬੰਧਨ ਲਈ ਮਸ਼ੀਨਰੀ ਦਾ ਕਿਰਾਇਆ ਨਾ ਲਿਆ ਜਾਵੇ।
ਸ੍ਰੀ ਕੁਮਾਰ ਅਮਿਤ ਨੇ ਕਿਹਾ ਕਿ ਪਰਾਲੀ ਦੇ ਸਹੀ ਨਿਪਟਾਰੇ ਨੂੰ ਯਕੀਨੀ ਬਣਾਉਣ ਲਈ ਅਤਿ ਆਧੁਨਿਕ ਸਾਧਨਾਂ ਦੀ ਵਰਤੋਂ ਕੀਤੀ ਜਾ ਰਹੀ ਹੈ, ਜਿਸ ਤਹਿਤ ਮਸ਼ੀਨਰੀ ਦੀ ਉਪਲਬਧਤਾ ਸਬੰਧੀ ਕਿਸਾਨਾਂ ਨੂੰ ਜਾਣਕਾਰੀ ਦੇਣ ਲਈ ਐਪ ਵਿਕਸਤ ਕੀਤੀ ਗਈ ਹੈ ਜਿਸ ਦੀ ਮਦਦ ਨਾਲ ਕਿਸਾਨ ਆਪਣੇ ਨੇੜੇ ਮੌਜੂਦ ਮਸ਼ੀਨਰੀ ਦੀ ਉਪਲਬਧਤਾ ਸਬੰਧੀ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ ਤੇ ਪਰਾਲੀ ਨੂੰ ਅੱਗ ਲਗਾਉਣ ਵਾਲਿਆਂ ‘ਤੇ ਨਿਗਾਹ ਰੱਖਣ ਲਈ ਰਿਮੋਟ ਸੈਂਸਿੰਗ ਸੈਟੇਲਾਈਟ ਦੀ ਮਦਦ ਲਈ ਜਾਵੇਗੀ ਤਾਂ ਜੋ ਅੱਗ ਲਗਾਉਣ ਵਾਲਿਆਂ ਖਿਲਾਫ਼ ਕਾਰਵਾਈ ਕੀਤੀ ਜਾ ਸਕੇ।
ਮੀਟਿੰਗ ਦੌਰਾਨ ਮੁੱਖ ਖੇਤੀਬਾੜੀ ਅਫ਼ਸਰ ਡਾ. ਜਸਵਿੰਦਰਪਾਲ ਸਿੰਘ ਗਰੇਵਾਲ ਨੇ ਦੱਸਿਆ ਕਿ ਪਰਾਲੀ ਦੇ ਨਿਪਟਾਰੇ ਸਬੰਧੀ ਜਾਣਕਾਰੀ ਦੇਣ ਅਤੇ ਪਰਾਲੀ ਨੂੰ ਅੱਗ ਲਗਾਉਣ ਨਾਲ ਹੁੰਦੇ ਨੁਕਸਾਨ ਸਬੰਧੀ ਕਿਸਾਨਾਂ ਨੂੰ ਜਾਗਰੂਕ ਕਰਨ ਲਈ ਪਿੰਡ ਤੇ ਬਲਾਕ ਪੱਧਰ ‘ਤੇ ਵਿਸ਼ੇਸ਼ ਕੈਂਪ ਲਗਾਏ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਇਸ ਵਾਰ ਹੁਣ ਤੱਕ ਸਹਿਕਾਰੀ ਸਭਾਵਾਂ ਲਈ ਸੱਤ, ਪੰਚਾਇਤਾਂ ਨੂੰ 34 ਅਤੇ ਕਿਸਾਨ ਸਮੂਹਾਂ ਨੂੰ 302 ਹੋਰ ਨਵੀਂਆਂ ਮਸ਼ੀਨਾਂ ਸਬਸਿਡੀ ‘ਤੇ ਦੇਣ ਲਈ ਅਰਜ਼ੀਆਂ ਸਵੀਕਾਰ ਲਈ ਗਈਆਂ ਹਨ। ਇਸ ਤੋਂ ਇਲਾਵਾ ਵਿਭਾਗ ਵੱਲੋਂ ਜ਼ਿਲ੍ਹੇ ‘ਚ ਪੈਦਾ ਹੋਣ ਵਾਲੀ 14 ਲੱਖ ਐਮ.ਟੀ ਪਰਾਲੀ ਦੀ ਵਪਾਰਕ ਵਰਤੋਂ ਕਰਨ ਦੇ ਮਕਸਦ ਨਾਲ ਫਰਮਾਂ ਨਾਲ ਵੀ ਸੰਪਰਕ ਕੀਤਾ ਗਿਆ ਹੈ ਤੇ ਪਰਾਲੀ ਦੀ ਸੰਭਾਲ ਲਈ ਪਿੰਡਾਂ ਦੀਆਂ ਸਾਂਝੀਆਂ ਥਾਵਾਂ ਦੀ ਚੋਣ ਕੀਤੀ ਜਾ ਰਹੀ ਹੈ ਜਿਥੋਂ ਫਰਮਾਂ ਪਰਾਲੀ ਨੂੰ ਲਿਜਾ ਸਕਣ।
ਮੀਟਿੰਗ ਦੌਰਾਨ ਵਧੀਕ ਡਿਪਟੀ ਕਮਿਸ਼ਨ (ਜ) ਪੂਜਾ ਸਿਆਲ ਗਰੇਵਾਲ, ਸਹਾਇਕ ਕਮਿਸ਼ਨਰ ਜਸਲੀਨ ਕੌਰ ਭੁੱਲਰ ਸਮੇਤ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਮੌਜੂਦ ਸਨ।