Punjab
ਭਾਰਤੀ ਚੋਣ ਕਮਿਸ਼ਨ ਦੇ 3 ਵਿਸ਼ੇਸ਼ ਅਬਜ਼ਰਬਰਾਂ ਨੇ ਰਾਜ ਚੋਣਾਂ ਸਬੰਧੀ ਤਿਆਰੀਆਂ ਦਾ ਲਿਆ ਜਾਇਜ਼ਾ
ਚੰਡੀਗੜ੍ਹ :ਸੂਬੇ ਵਿੱਚ 20 ਫਰਵਰੀ, 2022 ਨੂੰ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਸਬੰਧੀ ਰਾਜ ਦੀਆਂ ਤਿਆਰੀਆਂ ਦੀ ਸਮੀਖਿਆ ਕਰਦਿਆਂ ਭਾਰਤੀ ਚੋਣ ਕਮਿਸ਼ਨ (ਈ.ਸੀ.ਆਈ.) ਦੇ ਤਿੰਨ ਵਿਸ਼ੇਸ਼ ਨਿਗਰਾਨ (ਆਬਜ਼ਰਵਰਾਂ) ਨੇ ਸ਼ੁੱਕਰਵਾਰ ਨੂੰ ਤਸੱਲੀ ਅਤੇ ਭਰੋਸਾ ਪ੍ਰਗਟਾਇਆ ਕਿ ਆਗਾਮੀ ਚੋਣਾਂ ਸੁਤੰਤਰ, ਨਿਰਪੱਖ ਅਤੇ ਪਾਰਦਰਸ਼ੀ ਢੰਗ ਨਾਲ ਕਰਵਾਈਆਂ ਜਾਣਗੀਆਂ।
ਵਿਸ਼ੇਸ਼ ਜਨਰਲ ਨਿਗਰਾਨ (ਅਬਜ਼ਰਵਰ) ਵਿਨੋਦ ਜ਼ੁਤਸ਼ੀ, ਵਿਸ਼ੇਸ਼ ਪੁਲਿਸ ਨਿਗਰਾਨ ਰਜਨੀ ਕਾਂਤ ਮਿਸ਼ਰਾ ਅਤੇ ਵਿਸ਼ੇਸ਼ ਖਰਚਾ ਨਿਗਰਾਨ ਸ਼੍ਰੀਮਤੀ ਹਿਮਲਾਨੀ ਕਸ਼ਯੱਪ ਨੇ ਮੁੱਖ ਚੋਣ ਅਫ਼ਸਰ (ਸੀ.ਈ.ਓ.) ਪੰਜਾਬ ਡਾ.ਐਸ.ਕਰੁਣਾ ਰਾਜੂ ਨਾਲ ਉਨ੍ਹਾਂ ਦੇ ਦਫ਼ਤਰ ਵਿਖੇ ਸਮੀਖਿਆ ਮੀਟਿੰਗ ਕੀਤੀ। ਵਧੀਕ ਮੁੱਖ ਚੋਣ ਅਧਿਕਾਰੀ ਅਮਿਤ ਕੁਮਾਰ, ਏਡੀਜੀਪੀ-ਕਮ-ਸਟੇਟ ਪੁਲਿਸ ਨੋਡਲ ਅਫਸਰ (ਐਸ.ਪੀ.ਐਨ.ਓ) ਈਸ਼ਵਰ ਸਿੰਘ ਅਤੇ ਆਈ.ਜੀ ਸੀ.ਆਰ.ਪੀ.ਐਫ-ਕਮ-ਨੋਡਲ ਅਫਸਰ ਸੀ.ਏ.ਪੀ.ਐਫ ਮੂਲ ਚੰਦ ਪੰਵਾਰ ਵੀ ਮੀਟਿੰਗ ਵਿੱਚ ਸ਼ਾਮਲ ਹੋਏ।
ਵਿਸ਼ੇਸ਼ ਨਿਗਰਾਨਾਂ ਨੇ ਚੋਣਾਂ ਸਬੰਧੀ ਸਮੁੱਚੀ ਤਿਆਰੀਆਂ ਸਮੇਤ ਕੋਵਿਡ-19 ਦੀ ਸਬੰਧੀ ਤਿਆਰੀ, ਸਟਾਫ ਦੀ ਤਿਆਰੀ, ਸਵੀਪ ਗਤੀਵਿਧੀਆਂ, ਸੰਵੇਦਨਸ਼ੀਲ ਪੋਲਿੰਗ ਬੂਥਾਂ ਸਬੰਧੀ ਤਿਆਰੀ ਅਤੇ ਈਵੀਐਮ ਦੀ ਲੋੜੀਂਦੀ ਉਪਲਬਧਤਾ ਦਾ ਜਾਇਜ਼ਾ ਲਿਆ।
ਸੂਬੇ ਭਰ ਦੇ ਸਾਰੇ ਬੂਥਾਂ `ਤੇ ਸੁਰੱਖਿਆ ਦੇ ਪੁਖਤਾ ਪ੍ਰਬੰਧਾਂ ਨੂੰ ਯਕੀਨੀ ਬਣਾਉਣ ਦੀ ਲੋੜ `ਤੇ ਜ਼ੋਰ ਦਿੰਦੇ ਹੋਏ, ਵਿਸ਼ੇਸ਼ ਨਿਗਰਾਨਾਂ ਨੇ ਚੋਣ ਜਾਬਤੇ ਦੌਰਾਨ ਨਕਦੀ, ਸ਼ਰਾਬ, ਅਫੀਮ, ਹਥਿਆਰਾਂ ਅਤੇ ਗੋਲਾ ਬਾਰੂਦ ਦੀ ਕੁੱਲ ਜ਼ਬਤੀ ਦੀ ਵੀ ਸਮੀਖਿਆ ਕੀਤੀ।
ਮੀਟਿੰਗ ਦੌਰਾਨ ਸੀ.ਈ.ਓ ਡਾ. ਐਸ. ਕਰੁਣਾ ਰਾਜੂ ਨੇ ਵਿਸ਼ੇਸ਼ ਨਿਗਰਾਨਾਂ ਨੂੰ ਸਾਰੇ ਪੋਲਿੰਗ ਬੂਥਾਂ `ਤੇ ਕੀਤੇ ਜਾ ਰਹੇ ਪ੍ਰਬੰਧਾਂ, ਪੋਲਿੰਗ ਕਰਮਚਾਰੀਆਂ ਦੀ ਸਿਖਲਾਈ, ਬੂਥਾਂ ਦੀ ਵੈਬਕਾਸਟਿੰਗ, ਸੀ-ਵਿਜੀਲ ਐਪ, ਸੁਵਿਧਾ ਐਪ, ਐਨਜੀਐਸਪੀ ਅਤੇ ਪ੍ਰਿੰਟ, ਇਲੈਕਟ੍ਰਾਨਿਕ ਅਤੇ ਸੋਸ਼ਲ ਮੀਡੀਆ ਦੀ ਨਿਗਰਾਨੀ ਬਾਰੇ ਜਾਣਕਾਰੀ ਦਿੱਤੀ।
ਡਾ. ਰਾਜੂ ਨੇ ਇਹ ਵੀ ਭਰੋਸਾ ਦਿਵਾਇਆ ਕਿ ਕੋਵਿਡ-19 ਦੇ ਓਮਿਕਰੋਨ ਵੇਰੀਐਂਟ ਦੇ ਮੱਦੇਨਜ਼ਰ, ਕੋਵਿਡ-19 ਸਬੰਧੀ ਸਾਰੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕੀਤੀ ਜਾਵੇਗੀ। ਉਨ੍ਹਾਂ ਇਹ ਵੀ ਦੱਸਿਆ ਕਿ ਪੋਲ ਡਿਊਟੀ `ਤੇ ਪੂਰੀ ਤਰ੍ਹਾਂ ਟੀਕਾਕਰਨ ਕਰਵਾਏ ਹੋਏ ਸਟਾਫ ਨੂੰ ਹੀ ਤਾਇਨਾਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਕੋਵਿਡ ਬਾਇਓ-ਮੈਡੀਕਲ ਵੇਸਟ ਦੇ ਨਿਪਟਾਰੇ ਦੀ ਯੋਜਨਾ ਲਈ ਪੁਖਤਾ ਪ੍ਰਬੰਧ ਕੀਤੇ ਜਾ ਰਹੇ ਹਨ।
ਉਨ੍ਹਾਂ ਮੀਟਿੰਗ ਦੌਰਾਨ ਇਹ ਵੀ ਦੱਸਿਆ ਕਿ ਸੂਬੇ ਵਿਚ 97.81 ਫੀਸਦੀ ਲਾਇਸੈਂਸੀ ਹਥਿਆਰ ਜਮ੍ਹਾ ਕਰਵਾਏ ਜਾ ਚੁੱਕੇ ਹਨ।
ਇਸ ਦੌਰਾਨ ਵਿਸ਼ੇਸ਼ ਨਿਗਰਾਨਾਂ ਨੇ ਸਟੇਟ ਕੰਟਰੋਲ ਰੂਮ ਦਾ ਵੀ ਦੌਰਾ ਕੀਤਾ ਜਿੱਥੋਂ ਫੁੱਲ ਐਚ.ਡੀ ਕੈਮਰਾ ਨਾਲ ਲੈਸ ਵਾਹਨਾਂ ਦੀ ਵਰਤੋਂ ਕਰਦਿਆਂ ਫਲਾਇੰਗ ਸਕੁਐਡ ਟੀਮਾਂ ਰਾਹੀਂ ਸਾਰੇ 117 ਵਿਧਾਨ ਸਭਾ ਹਲਕਿਆਂ ਦੀ ਸਮੇਂ- ਸਮੇਂ `ਤੇ ਨਿਗਰਾਨੀ ਕੀਤੀ ਜਾ ਰਹੀ ਹੈ।