Punjab
ਬਰਗਾੜੀ ਮਾਮਲੇ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਬਦਨਾਮ ਕਰਨ ਦੀਆਂ ਕੋਸ਼ਿਸ਼ਾਂ ਹੋਈਆਂ ਨਾਕਾਮ : ਜਗਦੀਪ ਚੀਮਾ
ਫਤਿਹਗੜ੍ਹ ਸਾਹਿਬ: ਬਰਗਾੜੀ ਮਾਮਲੇ ਸਬੰਧੀ ‘ਸਿੱਟ’ ਦੀ ਸਾਹਮਣੇ ਆਈ ਰਿਪੋਰਟ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਬਦਨਾਮ ਕਰਨ ਦੀਆਂ ਸਾਰੀਆਂ ਕੋਸ਼ਿਸ਼ਾਂ ਬੁਰੀ ਤਰ੍ਹਾਂ ਨਾਕਾਮ ਹੋ ਚੁੱਕੀਆਂ ਹਨ, ਕਿਉਂਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਦੁਖਦਾਈ ਬੇਅਦਬੀ ਬਾਰੇ ਵਿਸ਼ੇਸ਼ ਜਾਂਚ ਟੀਮ ਦੀ ਸਾਹਮਣੇ ਆਈ ਰਿਪੋਰਟ ਨੇ ਸ਼੍ਰੋਮਣੀ ਅਕਾਲੀ ਦਲ, ਉਸ ਦੀ ਸਰਕਾਰ ਤੇ ਆਗੂਆਂ ਦੀ ਬੇਗੁਨਾਹਾਂ ਨੂੰ ਸਾਬਤ ਕਰਕੇ ਰੱਖ ਦਿੱਤਾ ਹੈ ।
ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੇ ਪ੍ਰਧਾਨ ਅਤੇ ਹਲਕਾ ਇੰਚਾਰਜ ਜਗਦੀਪ ਸਿੰਘ ਚੀਮਾ ਨੇ ਫਤਹਿਗੜ੍ਹ ਸਾਹਿਬ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਬਰਗਾੜੀ ਮਾਮਲੇ ਸੰਬੰਧੀ ਸਿੱਟ ਦੀ ਰਿਪੋਰਟ ਸਾਹਮਣੇ ਆ ਜਾਣ ਨਾਲ ਸਿੱਖ ਵਿਰੋਧੀ ਤਾਕਤਾਂ, ਦੋ ਸਰਕਾਰਾਂ, ਤਿੰਨ ਮੁੱਖ ਮੰਤਰੀਆਂ ਵੱਲੋਂ ਰਚੀਆਂ ਗਈਆਂ ਸਾਜ਼ਿਸ਼ਾਂ ਵੀ ਮਿੱਟੀ ਵਿੱਚ ਮਿਲ ਕੇ ਰਹਿ ਗਈਆਂ ਹਨ। ਉਨ੍ਹਾਂ ਕਿਹਾ ਕਿ ਸਮੇਂ ਸਮੇਂ ਦੀਆਂ ਸਰਕਾਰਾਂ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਅਕਸ ਨੂੰ ਖ਼ਰਾਬ ਕਰਨ ਲਈ ਅਤੇ ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬੇਅਦਬੀ ਦੇ ਬੇਬੁਨਿਆਦ ਦੋਸ਼ ਮੜਨ ਲਈ ਅਨੇਕਾਂ ਸਿੱਖ ਵਿਰੋਧੀ ਪਾਰਟੀਆਂ ਤੇ ਸ਼ਖ਼ਸੀਅਤਾਂ ਵੱਲੋਂ ਚਿੱਟੇ ਝੂਠ, ਚਾਲਬਾਜ਼ੀਆਂ ਭਰੇ ਪ੍ਰਚਾਰ ਦੇ ਤੰਤਰ, ਸਰਕਾਰੀ ਮਸ਼ੀਨਰੀ ਦੀ ਖੁੱਲ੍ਹੀ ਦੁਰਵਰਤੋਂ ਕਰਨ ਵਰਗੇ ਲਗਾਏ ਗਏ ਗੰਭੀਰ ਇਲਜ਼ਾਮ ਵੀ ਖ਼ਤਮ ਹੋ ਕੇ ਰਹਿ ਗਏ ਹਨ ਨੀਨਾ ਨੇ ਸਾਬਤ ਕਰ ਦਿੱਤਾ ਹੈ ਕਿ ਜਿੱਤ ਆਖਰ ਸੱਚ ਦੀ ਹੀ ਹੁੰਦੀ ਹੈ ਜਥੇਦਾਰ ਚੀਮਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦੇ ਅਕਸ ਨੂੰ ਖ਼ਰਾਬ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਸਨ,
ਜਿਸ ਸਬੰਧੀ ਹੁਣ ਸੱਚਾਈ ਸਾਹਮਣੇ ਆ ਚੁੱਕੀ ਹੈ ।ਉਨ੍ਹਾਂ ਕਿਹਾ ਕਿ ਬੇਅਦਬੀਆਂ ਦੇ ਮਾਮਲੇ ਵਿਚ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਦੀ ਸ਼ਮੂਲੀਅਤ ਤੇ ਲਗਾਏ ਗਏ ਬੇਬੁਨਿਆਦ ਇਲਜ਼ਾਮਾਂ ਦੀ ਵੀ ਪੂਰੀ ਤਰ੍ਹਾਂ ਹਵਾ ਨਿਕਲ ਕੇ ਰਹਿ ਗਈ ਹੈ ।ਜਥੇਦਾਰ ਚੀਮਾ ਨੇ ਕਿਹਾ ਕਿ ਪਹਿਲਾਂ ਕਾਂਗਰਸ ਅਤੇ ਹੁਣ ਆਮ ਆਦਮੀ ਪਾਰਟੀ ਵੱਲੋਂ ਝੂਠ ਨੂੰ ਸੱਚ ਬਣਾ ਕੇ ਸੰਗਤ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਸੀ ।ਇਸ ਮੌਕੇ ਹੋਰਨਾਂ ਤੋਂ ਇਲਾਵਾ, ਜ਼ਿਲ੍ਹਾ ਅਕਾਲੀ ਦਲ ਦੇ ਖਜ਼ਾਨਚੀ ਕੁਲਵਿੰਦਰ ਸਿੰਘ ਡੇਰਾ, ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਮੁੱਖ ਬੁਲਾਰੇ ਹਰਵਿੰਦਰ ਸਿੰਘ ਬੱਬਲ, ਬਰਿੰਦਰ ਸਿੰਘ ਸੋਢੀ ਸਾਬਕਾ ਚੇਅਰਮੈਨ, ਨਰਿੰਦਰ ਸਿੰਘ ਰਸੀਦਪੁਰਾ, ਜਸਵੰਤ ਸਿੰਘ ਮੰਡੋਫਲ, ਜ਼ੈਲਦਾਰ ਸੁਖਵਿੰਦਰ ਸਿੰਘ ਘੁਮੰਡਗਡ਼੍ਹ ਸਮੇਤ ਹੋਰ ਅਕਾਲੀ ਦਲ ਦੇ ਵਰਕਰ ਤੇ ਅਹੁਦੇਦਾਰ ਵੀ ਹਾਜ਼ਰ ਸਨ