Uncategorized
ਦੇਹ ਵਪਾਰ ਕਰਨ ਵਾਲਿਆਂ ਦਾ ਪਰਦਾ ਫਾਸ਼
ਨਾਭਾ, 09 ਅਪ੍ਰੈਲ: ਪੰਜਾਬ ਵਿੱਚ ਭਾਵੇਂ ਕਰਫ਼ਿਊ ਦਾ ਦੌਰ ਲਗਾਤਾਰ ਜਾਰੀ ਹੈ। ਭਾਵੇਂ ਚੱਪੇ-ਚੱਪੇ ‘ਤੇ ਪੁਲਿਸ ਵੱਲੋਂ ਪਹਿਰਾ ਦਿੱਤਾ ਜਾ ਰਿਹਾ ਹੈ, ਪਰ ਸ਼ਰਾਰਤੀ ਅਨਸਰ ਮਾੜੀਆਂ ਹਰਕਤਾਂ ਤੋਂ ਬਾਜ਼ ਨਹੀਂ ਆ ਰਹੇ ਜਿਸਦੀ ਤਾਜ਼ਾ ਮਿਸਾਲ ਵੇਖਣ ਨੂੰ ਮਿਲੀ ਨਾਭਾ ਸ਼ਹਿਰ ਵਿਖੇ ਜਿੱਥੇ ਨਾਭਾ ਕੋਤਵਾਲੀ ਪੁਲਿਸ ਨੇ ਦੇਹ ਵਪਾਰ ਦਾ ਧੰਦਾ ਕਰਨ ਵਾਲੇ ਦੋ ਔਰਤਾਂ ਅਤੇ ਤਿੰਨ ਵਿਅਕਤੀਆਂ ਨੂੰ ਰੰਗੇ ਹੱਥੀਂ ਕਾਬੂ ਕਰਕੇ ਜੇਲ੍ਹ ਦੀਆਂ ਸਲਾਖਾਂ ਪਿੱਛੇ ਪਹੁੰਚਾ ਦਿੱਤਾ ਹੈ। ਇਹ ਦੇਹ ਵਪਾਰ ਦਾ ਧੰਦਾ ਇੱਕ ਘਰ ਵਿੱਚ ਹੀ ਚਲਾ ਰਹੇ ਸੀ ਪੁਲਿਸ ਨੇ ਗੁਪਤ ਸੂਚਨਾ ਦੇ ਅਧਾਰ ‘ਤੇ ਇਨ੍ਹਾਂ ਨੂੰ ਦਬੋਚਿਆ ਹੈ। ਪਰ ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਜਿੱਥੇ ਲੋਕ ਕਰਫ਼ਿਊ ਦੌਰਾਨ ਡਰਦੇ ਮਾਰੇ ਘਰਾਂ ਵਿੱਚ ਹੀ ਨਜ਼ਰਬੰਦ ਹਨ। ਦੂਜੇ ਪਾਸੇ ਦੇਹ ਵਪਾਰ ਦਾ ਧੰਦਾ ਕਰਨ ਵਾਲੇ ਕਰਫ਼ਿਊ ਦੀਆਂ ਉਲੰਘਣਾ ਕਰਕੇ ਸ਼ਰੇਆਮ ਜਿਸਮ ਫਰੋਸ਼ੀ ਦੇ ਧੰਦੇ ਵਿੱਚ ਡੁੱਬ ਚੁੱਕੇ ਹਨ।
ਇਸ ਮੌਕੇ ਤੇ ਨਾਭਾ ਕੋਤਵਾਲੀ ਪੁਲਿਸ ਦੇ ਐਸਐਚਓ ਸਰਬਜੀਤ ਸਿੰਘ ਚੀਮਾ ਨੇ ਕਿਹਾ ਕਿ ਇਹ ਕਾਫੀ ਲੰਮੇ ਸਮੇਂ ਤੋਂ ਧੰਦਾ ਚੱਲ ਰਿਹਾ ਸੀ ਸਾਨੂੰ ਕਈ ਸ਼ਿਕਾਇਤਾਂ ਮਿਲੀਆਂ ਸਨ ਜਿਸ ਦੇ ਆਧਾਰ ਤੇ ਅਸੀਂ ਰੇਡ ਕਰਕੇ ਦੋ ਔਰਤਾਂ ਤੇ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਦੇ ਖਿਲਾਫ ਦੇਹ ਵਪਾਰ ਅਤੇ ਕਰਫ਼ਿਊ ਦੀ ਉਲੰਘਣਾ ਦੇ ਜੁਰਮ ਹੇਠ ਮਾਮਲਾ ਦਰਜ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ।