Uncategorized
ਨਿਰਮਲ ਰਿਸ਼ੀ ਨੂੰ ਮਿਲਿਆ ਪਦਮ ਸ਼੍ਰੀ ਅਵਾਰਡ,75ਵੇਂ ਗਣਤੰਤਰ ਦਿਵਸ ‘ਤੇ ਮਿਲਿਆ ਮਾਣ
26 ਜਨਵਰੀ 2024: ਦੇਸ਼ ਭਾਰ ਵਿੱਚ ਅੱਜ 75ਵੇਂ ਗਣਤੰਤਰ ਦਿਵਸ ਦੀ ਧੂਮ ਵੇਖਣ ਨੂੰ ਮਿਲ ਰਹੀ ਹੈ। ਇਸ ਵਿਚਾਲੇ ਪਦਮ ਪੁਰਸਕਾਰਾਂ ਦਾ ਐਲਾਨ ਕੀਤਾ ਗਿਆ ਹੈ। ਜਾਣਕਾਰੀ ਲਈ ਦੱਸ ਦੇਈਏ ਕਿ ਇਸ ਸਾਲ 110 ਸ਼ਖਸੀਅਤਾਂ ਨੂੰ ਪਦਮ ਸ਼੍ਰੀ ਦਿੱਤਾ ਜਾਵੇਗਾ। ਜੀ ਹਾਂ, ਇਸ ਵਾਰ ਕੇਂਦਰ ਸਰਕਾਰ ਨੇ ਪ੍ਰਸਿੱਧ ਪੰਜਾਬੀ ਅਦਾਕਾਰਾ ਨਿਰਮਲ ਰਿਸ਼ੀ ਨੂੰ ਚੌਥਾ ਸਭ ਤੋਂ ਵੱਡਾ ਨਾਗਰਿਕ ਪੁਰਸਕਾਰ ਪਦਮ ਸ਼੍ਰੀ ਦੇਣ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਹੀ ਮਸ਼ਹੂਰ ਹਸਤੀ ਪ੍ਰਾਣ ਸੰਭਰਵਾਲ ਦਾ ਨਾਂਅ ਵੀ ਲਿਸਟ ਵਿੱਚ ਸ਼ਾਮਲ ਹੈ। ਇਸ ਗੱਲ ਤੋਂ ਜ਼ਿਆਦਾਤਰ ਲੋਕ ਜਾਣੂ ਹੀ ਹੋਣਗੇ ਕਿ ਕਿਸੇ ਵੀ ਖੇਤਰ ਵਿੱਚ ਵਿਲੱਖਣ ਸੇਵਾ ਲਈ ‘ਪਦਮ ਸ਼੍ਰੀ’ ਪੁਰਸਕਾਰਾਂ ਦਾ ਐਲਾਨ ਹਰ ਸਾਲ ਗਣਤੰਤਰ ਦਿਵਸ ਮੌਕੇ ਕੀਤਾ ਜਾਂਦਾ ਹੈ।
ਇਸ ਗੱਲ ਤੋਂ ਹਰ ਕੋਈ ਜਾਣੂ ਹੈ ਕਿ ਨਿਰਮਲ ਰਿਸ਼ੀ ਕਈ ਪੰਜਾਬੀ ਫਿਲਮਾਂ ਵਿੱਚ ਆਪਣੀ ਅਦਾਕਾਰੀ ਦਾ ਜਲਵਾ ਦਿਖਾ ਚੁੱਕੀ ਹੈ। ਉਹਨਾਂ ਨੂੰ ਪਹਿਲੀ ਫਿਲਮ ਲੌਂਗ ਦਾ ਲਿਸ਼ਕਾਰਾ (1983) ਵਿੱਚ ”ਗੁਲਾਬੋ ਮਾਸੀ” ਦੀ ਭੂਮਿਕਾ ਲਈ ਸਭ ਤੋਂ ਵੱਧ ਯਾਦ ਕੀਤਾ ਜਾਂਦਾ ਹੈ। ਮਾਨਸਾ ਜ਼ਿਲ੍ਹੇ ਦੇ ਪਿੰਡ ਖੀਵਾ ਕਲਾਂ ਵਿੱਚ 1943 ਵਿੱਚ ਜਨਮੀ ਨਿਰਮਲ ਰਿਸ਼ੀ ਕਿਸੇ ਪਛਾਣ ਦੀ ਮੋਹਤਾਜ ਨਹੀਂ ਹੈ। ਉਨ੍ਹਾਂ ਦੇ ਪਿਤਾ ਦਾ ਨਾਂ ਬਲਦੇਵ ਕ੍ਰਿਸ਼ਨ ਰਿਸ਼ੀ ਅਤੇ ਮਾਤਾ ਦਾ ਨਾਂ ਬਚਨੀ ਦੇਵੀ ਸੀ। ਉਸ ਨੂੰ ਸਕੂਲ ਦੇ ਦਿਨਾਂ ਤੋਂ ਹੀ ਰੰਗਮੰਚ ਦਾ ਬਹੁਤ ਸ਼ੌਕ ਸੀ।
ਵਰਕਫਰੰਟ ਦੀ ਗੱਲ ਕਰਿਏ ਤਾਂ ਨਿਰਮਲ ਰਿਸ਼ੀ ਫਿਲਮ ਨੀ ਮੈਂ ਸੱਸ ਕੁੱਟਣੀ 2, ਵਿੱਚ ਵਿਖਾਈ ਦੇਣਗੇ। ਇਹ ਫਿਲਮ 1 ਮਾਰਚ 2024 ਵਿੱਚ ਰਿਲੀਜ਼ ਹੋਏਗੀ। ਇਸ ਤੋਂ ਇਲ਼ਾਵਾ ਉਨ੍ਹਾਂ ਨੂੰ ਫਿਲਮ ਜੱਟ ਨੂੰ ਚੂੜੈਲ ਟੱਕਰੀ ਅਤੇ ਮਜਨੂ ਵਿੱਚ ਵੀ ਵੇਖਿਆ ਜਾਏਗਾ। ਨਿਰਮਲ ਰਿਸ਼ੀ ਆਪਣੀ ਵਿਲੱਖਣ ਸ਼ੈਲੀ ਨਾਲ ਪ੍ਰਸ਼ੰਸਕਾਂ ਦੇ ਦਿਲਾਂ ਉੱਪਰ ਰਾਜ਼ ਕਰ ਰਹੀ ਹੈ। ਇਸ ਤੋਂ ਇਲਾਵਾ ਪਦਮ ਸ਼੍ਰੀ ਅਵਾਰਡ ਦੇ ਐਲਾਨ ਤੋਂ ਬਾਅਦ ਅਦਾਕਾਰਾ ਵੱਲੋਂ ਇੰਸਟਾਗ੍ਰਾਮ ਸਟੋਰੀ ਵਿੱਚ ਪੋਸਟ ਸ਼ੇਅਰ ਕਰ ਇਸ ਉੱਪਰ ਖੁਸ਼ੀ ਜ਼ਾਹਿਰ ਕੀਤੀ ਗਈ ਹੈ।