Punjab
ਪੰਜਾਬ ਪੁਲਿਸ ਨੇ ਚੁੱਕਿਆ ਜਾਅਲੀ ਥਾਣੇਦਾਰ, ਗੱਡੀ ‘ਤੇ ਲਿਖਵਾਇਆ …?
ਨਕੋਦਰ : ਇੱਥੇ ਮਹਿਤਪੁਰ ਪੁਲਿਸ ਸਟੇਸ਼ਨ ਵੱਲੋਂ ਲਾਏ ਨਾਕੇ ਦੌਰਾਨ ਫਰਜ਼ੀ ਪੁਲਿਸ ਅਧਿਕਾਰੀ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਕਾਲੀ ਸਫਾਰੀ ਚਲਾ ਰਿਹਾ ਸੀ, ਜਿਸਦੀ ਪਿਛਲੀ ਵਿੰਡਸ਼ੀਲਡ ‘ਤੇ ਪੰਜਾਬੀ ‘ਚ ਥਾਣੇਦਾਰ ਲਿਖਿਆ ਹੋਇਆ ਸੀ।
ਪੁਲਿਸ ਨੇ ਕਿਵੇਂ ਫੜ੍ਹਿਆ ਮੁਲਜ਼ਮ
ਦਰਅਸਲ ਸੀਨੀਅਰ ਪੁਲਿਸ ਕਪਤਾਨ ਹਰਕਮਲਪ੍ਰੀਤ ਸਿੰਘ ਖੱਖ ਨੇ ਕਿਹਾ ਕਿ ਇਹ ਗ੍ਰਿਫ਼ਤਾਰੀ ਸਮਾਜ ਵਿਰੋਧੀ ਅਨਸਰਾਂ ਅਤੇ ਧੋਖੇਬਾਜ਼ਾਂ ਨੂੰ ਬੇਨਕਾਬ ਕਰਨ ਲਈ ਵਿੱਢੀ ਵਿਸ਼ੇਸ਼ ਮੁਹਿੰਮ ਤਹਿਤ ਕੀਤੀ ਗਈ। ਉਨ੍ਹਾਂ ਦੱਸਿਆ ਕਿ ਫੜੇ ਗਏ ਵਿਅਕਤੀ ਅੰਸ਼ ਗਿੱਲ ਵਾਸੀ ਉਗੀ ਨਕੋਦਰ ਨੂੰ ਟੀ-ਪੁਆਇੰਟ ਛੋਟੇ ਬਿੱਲੇ ਮਹਿਤਪੁਰ ‘ਚ ਨਾਕੇ ਦੌਰਾਨ ਰੋਕਿਆ ਗਿਆ। ਪੁੱਛ-ਪੜਤਾਲ ਕਰਨ ‘ਤੇ ਉਹ ਆਪਣੀ ਗੱਡੀ ‘ਤੇ ਥਾਣੇਦਾਰ ਦੇ ਸਾਈਨ ਬੋਰਡ ਬਾਰੇ ਤਸੱਲੀਬਖਸ਼ ਜਵਾਬ ਦੇਣ ਵਿੱਚ ਅਸਫ਼ਲ ਰਿਹਾ। ਹੋਰ ਜਾਂਚ ‘ਚ ਉਸ ਦੇ ਕਬਜ਼ੇ ‘ਚੋਂ ਜਾਅਲੀ ਪੰਜਾਬ ਪੁਲਿਸ ਦਾ ਆਈਡੀ ਕਾਰਡ ਅਤੇ ਇੱਕ ਕਾਲਾ ਰੰਗ ਦਾ ਖਿਡੌਣਾ ਪਿਸਤੌਲ ਬਰਾਮਦ ਕੀਤਾ ਗਿਆ ਹੈ।
ਮੁੱਢਲੀ ਜਾਂਚ ‘ਚ ਇਹ ਸਾਹਮਣੇ ਆਇਆ ਹੈ ਕਿ ਉਸ ਨੇ ਪੁਲਿਸ ਭਰਤੀ ਲਈ ਪੇਪਰ ਦਿੱਤਾ ਸੀ ਪਰ ਇਸ ਨੂੰ ਪਾਸ ਨਹੀਂ ਕਰ ਸਕਿਆ। ਇਹ ਲੋਕਾਂ ਨੂੰ ਦੱਸ ਰਿਹਾ ਸੀ ਕਿ ਉਸ ਨੇ ਇਸ ਨੂੰ ਪਾਸ ਕਰ ਲਿਆ ਹੈ ਅਤੇ ਆਪਣੇ ਝੂਠ ਦਾ ਸਮਰਥਨ ਕਰਨ ਲਈ ਜਾਅਲੀ ਆਈਡੀ ਕਾਰਡ ਬਣਾਇਆ ਸੀ। ਉਸ ਨੇ ਆਪਣੀ ਕਾਰ ‘ਤੇ ਥਾਣੇਦਾਰ ਦਾ ਜਾਅਲੀ ਸਟਿੱਕਰ ਲਗਾਇਆ ਸੀ ਅਤੇ ਟੋਲ ਟੈਕਸ ਤੋਂ ਬਚ ਰਿਹਾ ਸੀ। ਮੁਲਜ਼ਮ ਵਿਰੁੱਧ ਐਫ.ਆਈ.ਆਰ ਥਾਣਾ ਮਹਿਤਪੁਰ ਵਿਖੇ ਬੀ.ਐਨ.ਐਸ ਅਤੇ ਮੋਟਰ ਵਹੀਕਲ ਐਕਟ ਦੀਆਂ ਸਬੰਧਤ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।
ਦੂਜੇ ਪਾਸੇ ਐੱਸ.ਐੱਸ.ਪੀ ਖੱਖ ਨੇ ਜਨਤਾ ਨੂੰ ਜਿੱਥੇ ਸ਼ੱਕੀ ਗਤੀਵਿਧੀਆਂ ਦੀ ਤੁਰੰਤ ਨਜ਼ਦੀਕੀ ਪੁਲਿਸ ਸਟੇਸ਼ਨ ਜਾਂ ਜ਼ਿਲ੍ਹਾ ਕੰਟਰੋਲ ਰੂਮ ਨੂੰ 112 ਹੈਲਪਲਾਈਨ ‘ਤੇ ਜਾਣਕਾਰੀ ਦੇਣ ਲਈ ਕਿਹਾ, ਉੱਥੇ ਨਾਗਰਿਕਾਂ ਨੂੰ ਚੌਕਸ ਰਹਿਣ ਅਤੇ ਪੁਲਿਸ ਅਧਿਕਾਰੀ ਹੋਣ ਦਾ ਦਾਅਵਾ ਕਰਨ ਵਾਲੇ ਵਿਅਕਤੀਆਂ ਦੇ ਪ੍ਰਮਾਣ ਪੱਤਰ ਦੀ ਪੁਸ਼ਟੀ ਕਰਨ ਦੀ ਅਪੀਲ ਵੀ ਕੀਤੀ ਹੈ।