Punjab
ਸ਼ੱਕੀ ਹਾਲਾਤਾਂ ‘ਚ ਮਾਲ ਪਟਵਾਰੀ ਦੀ ਕਮਰੇ ‘ਚੋਂ ਮਿਲੀ ਲਾਸ਼, ਜਾਂਚ ‘ਚ ਜੁੱਟੀ ਪੁਲਿਸ
ਜ਼ਿਲ੍ਹਾਂ ਮੋਗਾ ਦੇ ਹਲਕਾ ਧਰਮਕੋਟ ਤੋਂ ਵੱਡੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਪਿਛਲੇ ਕਰੀਬ 8 ਸਾਲ ਤੋਂ ਤਾਇਨਾਤ ਮਾਲ ਪਟਵਾਰੀ ਹਰਸ਼ ਕੁਮਾਰ (35) ਨਿਵਾਸੀ ਫਾਜ਼ਿਲਕਾ ਦੀ ਲਾਸ਼ ਪੱਖੇ ਨਾਲ ਲਟਕਦੀ ਮਿਲਣ ਦਾ ਪਤਾ ਲੱਗਾ ਹੈ, ਜਿਸ ਦੇ ਦੋਨੋਂ ਹੱਥ ਬੰਨ੍ਹੇ ਹੋਏ ਸਨ, ਜਿਸ ਕਾਰਣ ਉਕਤ ਮਾਮਲਾ ਸ਼ੱਕ ਦੇ ਘੇਰੇ ਵਿਚ ਹੈ। ਪੁਲਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਇਸ ਘਟਨਾ ਦਾ ਪਤਾ ਲੱਗਣ ‘ਤੇ ਥਾਣਾ ਧਰਮਕੋਟ ਦੇ ਮੁੱਖ ਅਫਸਰ ਪਲਵਿੰਦਰ ਸਿੰਘ ਅਤੇ ਸਹਾਇਕ ਥਾਣੇਦਾਰ ਮਨਜਿੰਦਰ ਸਿੰਘ ਪੁਲਸ ਪਾਰਟੀ ਸਮੇਤ ਮੌਕੇ ‘ਤੇ ਪੁੱਜੇ ਅਤੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਮੋਗਾ ਪਹੁੰਚਾਇਆ ਗਿਆ। ਜਾਣਕਾਰੀ ਅਨੁਸਾਰ ਹਰਸ਼ ਕੁਮਾਰ ਜੋ ਕੁਆਰਾ ਸੀ ਪਿਛਲੇ ਅੱਠ ਸਾਲ ਤੋਂ ਧਰਮਕੋਟ ਵਿਖੇ ਤਾਇਨਾਤ ਸੀ ਤੇ ਉਹ ਇਕ ਕਿਰਾਏ ਦੇ ਕਮਰੇ ‘ਚ ਰਹਿ ਰਿਹਾ ਸੀ। ਅੱਜ ਸਵੇਰੇ ਉਸਦੀ ਲਾਸ਼ ਪੱਖੇ ਨਾਲ ਲਟਕਦੀ ਮਿਲੀ। ਜਦੋਂ ਇਸ ਦੀ ਜਾਣਕਾਰੀ ਗੁਆਂਢੀਆਂ ਨੂੰ ਮਿਲੀ ਤਾਂ ਉਨ੍ਹਾਂ ਪੁਲਸ ਨੂੰ ਸੂਚਿਤ ਕੀਤਾ।
ਇਸ ਸਬੰਧ ਵਿਚ ਪੁਲਸ ਵਲੋਂ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕੀਤਾ ਗਿਆ ਜਿਸ ‘ਤੇ ਉਸਦਾ ਭਰਾ ਸਤਪਾਲ ਅਤੇ ਹੋਰ ਮੈਂਬਰ ਪੁੱਜੇ। ਉਨ੍ਹਾਂ ਕਿਹਾ ਕਿ ਸਾਨੂੰ ਕਿਸੇ ‘ਤੇ ਕੋਈ ਸ਼ੱਕ ਹੈ ਅਤੇ ਨਾ ਹੀ ਸਾਡੇ ਭਰਾ ਨੇ ਸਾਨੂੰ ਕੋਈ ਗੱਲ ਦੱਸੀ ਹੈ । ਬੀਤੇ ਸ਼ੁੱਕਰਵਾਰ ਉਸਨੇ ਸਾਨੂੰ ਕਿਹਾ ਸੀ ਕਿ ਮੈਂ ਸ਼ਨੀਵਾਰ ਘਰ ਆਵਾਂਗਾ, ਪਰ ਉਹ ਨਹੀਂ ਆਇਆ। ਅਸੀਂ ਫੋਨ ਵੀ ਕੀਤਾ, ਪਰ ਸੰਪਰਕ ਨਹੀਂ ਹੋ ਸਕਿਆ। ਅੱਜ ਸਾਨੂੰ ਪਤਾ ਲੱਗਾ ਕਿ ਇਹ ਹਾਦਸਾ ਵਾਪਰ ਗਿਆ।
ਸਹਾਇਕ ਥਾਣੇਦਾਰ ਮਨਜਿੰਦਰ ਸਿੰਘ ਨੇ ਦੱਸਿਆ ਕਿ ਸਿਵਲ ਹਸਪਤਾਲ ਦੇ ਤਿੰਨ ਡਾਕਟਰਾਂ ਦਾ ਪੈਨਲ ਬਣਾ ਕੇ ਉਸਦੀ ਲਾਸ਼ ਦਾ ਪੋਸਟਮਾਰਟਮ ਕਰਵਾਇਆ ਗਿਆ, ਜਿਸ ਨੂੰ ਬਾਅਦ ਵਿਚ ਵਾਰਿਸਾਂ ਦੇ ਹਵਾਲੇ ਕੀਤਾ ਗਿਆ। ਉਨ੍ਹਾਂ ਕਿਹਾ ਕਿ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਜਾਂਚ ਦੇ ਬਾਅਦ ਹੀ ਪਤਾ ਲੱਗੇਗਾ ਕਿ ਪਟਵਾਰੀ ਨੇ ਖੁਦਕੁਸ਼ੀ ਕੀਤੀ ਹੈ ਜਾਂ ਕੋਈ ਹੋਰ ਗੱਲ ਹੈ।
