Connect with us

National

ਕਾਂਗਰਸ ਦੇ ਦੋਫਾੜ ਹੋਣ ਦੇ ਆਸਾਰ; ਪੰਜਾਬ ਕਾਂਗਰਸ ‘ਤੇ ਵੀ ਸਾੜਸਤੀ ਦੇ ਬੱਦਲ!

Published

on

ਭਾਰਤੀ ਰਾਜਨੀਤੀ ਵਿੱਚ ਕਾਂਗਰਸ ਪਾਰਟੀ ਇਸ ਵੇਲੇ ਇੱਕ ਅਜਿਹੇ ਮੁਕਾਮ ‘ਤੇ ਖੜ੍ਹੀ ਹੈ, ਜਿੱਥੇ ਹਰ ਕਦਮ ਉਸ ਲਈ ਨਵਾਂ ਸੰਕਟ ਖੜ੍ਹਾ ਕਰ ਸਕਦਾ ਹੈ। ਬਿਹਾਰ ਵਿਧਾਨ ਸਭਾ ਚੋਣਾਂ ਵਿੱਚ ਸਿਰਫ਼ ਛੇ ਸੀਟਾਂ ਤੱਕ ਸਿਮਟ ਜਾਣਾ ਸਿਰਫ਼ ਹਾਰ ਨਹੀਂ, ਸਗੋਂ ਪਾਰਟੀ ਦੇ ਅੰਦਰਲੇ ਕਮਜ਼ੋਰ ਢਾਂਚੇ ਦਾ ਸਪੱਸ਼ਟ ਪ੍ਰਗਟਾਵਾ ਹੈ। ਇਹ ਨਤੀਜੇ ਇੱਕ ਵੱਡੇ ਤੂਫ਼ਾਨ ਦੇ ਆਉਣ ਦੇ ਸੰਕੇਤ ਵਾਂਗ ਲੱਗ ਰਹੇ ਹਨ—ਤੂਫ਼ਾਨ ਜੋ ਕਾਂਗਰਸ ਨੂੰ ਦੋਫਾੜ ਕਰ ਸਕਦਾ ਹੈ।

ਐਨ ਡੀ ਏ ਦੀ ਜਿੱਤ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਕਾਂਗਰਸ ਨੂੰ “ਮੁਸਲਿਮ ਲੀਗੀ ਮਾਓਵਾਦੀ ਕਾਂਗਰਸ” ਕਹਿਣਾ, ਰਾਜਨੀਤਿਕ ਹਮਲਾ ਤਾਂ ਸੀ, ਪਰ ਇਸ ਨਾਲ ਉਹ ਅੰਦਰੂਨੀ ਹਾਲਾਤ ਵੀ ਬੇਨਕਾਬ ਹੋਏ ਜੋ ਇਸ ਵੇਲੇ ਕਾਂਗਰਸ ਨੂੰ ਅੰਦਰੋਂ ਖਾ ਰਹੇ ਹਨ। ਕਾਂਗਰਸ ਨੇ ਇਸ ਬਿਆਨ ਨੂੰ ਸਾਜ਼ਿਸ਼ ਕਰਾਰ ਦਿੱਤਾ, ਪਰ ਹਕੀਕਤ ਇਹ ਹੈ ਕਿ ਪਾਰਟੀ ਦੇ ਅੰਦਰ ਤਿੱਖੀ ਨਾਰਾਜ਼ਗੀ, ਲੀਡਰਸ਼ਿਪ ਉੱਤੇ ਸਵਾਲ ਅਤੇ ਨਕਾਰਾਤਮਿਕ ਰਾਜਨੀਤੀ ਦੀ ਲਹਿਰ ਦੋਫ਼ਾੜ ਹੋਣ ਦੀਆਂ ਚਰਚਾਵਾਂ ਨੂੰ ਬਲ ਦੇ ਰਹੀ ਹੈ।

ਮਹਾਰਾਸ਼ਟਰ ਵਿੱਚ ਸ਼ਿਵ ਸੈਨਾ ਅਤੇ ਐਨ ਸੀ ਪੀ ਦੀ ਵੰਡ ਨੇ ਦੇਸ਼ ਦੀ ਸਿਆਸਤ ਨੂੰ ਦਿਖਾਇਆ ਕਿ ਕਿਸ ਤਰ੍ਹਾਂ ਅੰਦਰੂਨੀ ਫੁੱਟ ਨੂੰ ਰਾਜਨੀਤਿਕ ਤਾਕਤਾਂ ਕਿਵੇਂ ਇਕ ਮੋੜ ਦੇ ਸਕਦੀਆਂ ਹਨ। ਦੋਹਾਂ ਪਾਰਟੀਆਂ ਦੇ ਬਾਗੀ ਧੜਿਆਂ ਨੂੰ ਭਾਜਪਾ ਦੀ ਖੁੱਲ੍ਹੀ ਮਦਦ ਮਿਲੀ ਅਤੇ ਅੱਜ ਹਾਲਾਤ ਸਭ ਦੇ ਸਾਹਮਣੇ ਹਨ। ਕਈ ਵਿਸ਼ਲੇਸ਼ਕ ਮੰਨ ਰਹੇ ਹਨ ਕਿ ਕਾਂਗਰਸ ਦਾ ਭਵਿੱਖ ਵੀ ਇਸ ਤੋਂ ਵੱਖਰਾ ਨਹੀਂ। ਇੱਕ ਪ੍ਰਮੁੱਖ ਪੰਜਾਬੀ ਅਖਬਾਰਾਂ ਨੇ ਤਾਂ ਇੱਥੋਂ ਤੱਕ ਲਿਖਿਆ ਹੈ ਕਿ ਜੇ ਕਾਂਗਰਸ ‘ਚ ਫੁੱਟ ਪਈ, ਤਾਂ ਚੋਣ ਨਿਸ਼ਾਨ ਵੀ ਬਾਗੀਆਂ ਦੇ ਖੇਮੇ ਵਿੱਚ ਜਾ ਸਕਦਾ ਹੈ—ਜਿਵੇਂ ਸ਼ਿਵ ਸੈਨਾ ਅਤੇ ਐਨ ਸੀ ਪੀ ਦੇ ਮਾਮਲੇ ਵਿੱਚ ਹੋਇਆ ਸੀ।

ਕੇਂਦਰ ਵਿੱਚ ਕਾਂਗਰਸ ਦੀ ਲੀਡਰਸ਼ਿਪ ਲਾਈਨ ਵੀ ਮਨਮੁੱਟਾਵਾਂ ਨਾਲ ਭਰੀ ਦਿਖ ਰਹੀ ਹੈ। ਪੀ. ਚਿਦੰਬਰਮ ਵੱਲੋਂ ਲਿਖੇ ਗਏ ਲੇਖ ਵਿੱਚ ਰਾਹੁਲ ਗਾਂਧੀ ਦਾ ਸਿੱਧਾ ਨਾਮ ਨਾ ਲੈ ਕੇ ਵੀ ਉਨ੍ਹਾਂ ਦੇ ਲੀਡਰਸ਼ਿਪ ‘ਤੇ ਹਮਲਾ ਕੀਤਾ ਗਿਆ ਹੈ। ਸੂਤਰਾਂ ਦੇ ਮੁਤਾਬਿਕ 15 ਤੋਂ 28 ਤੱਕ ਸੰਸਦ ਮੈਂਬਰ ਇਸ ਸਮੇਂ ਕਾਫ਼ੀ ਅਸੰਤੁਸ਼ਟ ਹਨ—ਜਿਨ੍ਹਾਂ ਵਿੱਚ ਸ਼ਸ਼ੀ ਥਰੂਰ, ਮਨੀਸ਼ ਤਿਵਾੜੀ, ਸਲਮਾਨ ਖੁਰਸ਼ੀਦ ਵਰਗੇ ਨਾਮ ਵੀ ਸ਼ਾਮਲ ਹਨ। ਇਸਦੇ ਨਾਲ ਹੀ ਈ. ਡੀ. ਅਤੇ ਸੀ. ਬੀ. ਆਈ. ਵੱਲੋਂ ਕੁੱਝ ਕਾਂਗਰਸੀ ਨੇਤਾਵਾਂ ਉੱਤੇ ਹੋ ਸਕਣ ਵਾਲੀਆਂ ਕਾਰਵਾਈਆਂ ਨੇ ਪਾਰਟੀ ਵਿੱਚ ਬੇਚੈਨੀ ਦਾ ਪਾਰਾ ਹੋਰ ਚੜ੍ਹਾ ਦਿੱਤਾ ਹੈ। ਇਹ ਸਾਰੇ ਤੱਥ ਮਿਲ ਕੇ ਦੋਫਾੜ ਹੋਣ ਦੀ ਸੰਭਾਵਨਾ ਨੂੰ ਹੋਰ ਮਜ਼ਬੂਤ ਕਰ ਰਹੇ ਹਨ।

ਪੰਜਾਬ ਕਾਂਗਰਸ—ਧੜਿਆਂ ਦਾ ਜੰਗ ਅਤੇ ਗੁੱਸੇ ਦਾ ਜਵਾਲਾਮੁਖੀ
ਹੁਣ ਗੱਲ ਕਰਦੇ ਹਾਂ ਪੰਜਾਬ ਕਾਂਗਰਸ ਦੀ —ਜਿਥੇ ਹਾਲਾਤ ਰਾਸ਼ਟਰੀ ਪੱਧਰ ਨਾਲੋਂ ਵੀ ਵੱਧ ਤਬਾਹਕੁਨ ਹਨ। ਤਰਨਤਾਰਨ ਜ਼ਿਮਨੀ ਚੋਣ ਨੇ ਸਾਫ਼ ਕਰ ਦਿੱਤਾ ਕਿ ਪਾਰਟੀ ਦੀ ਜ਼ਮੀਨੀ ਤਾਕਤ ਖੋਖਲੀ ਹੋ ਚੁੱਕੀ ਹੈ। ਧੜੇਬੰਦੀ ਨੇ ਤਾਕਤ ਨੂੰ ਚੂਰ–ਚੂਰ ਕਰ ਦਿੱਤਾ ਹੈ ਅਤੇ ਨੇਤਾਵਾਂ ਦੇ ਵਿਵਾਦੀ ਬਿਆਨ ਅੱਗ ‘ਤੇ ਘਿਉ ਪਾਉਣ ਦਾ ਕੰਮ ਕਰ ਰਹੇ ਹਨ।

ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਸ. ਬੂਟਾ ਸਿੰਘ ਬਾਰੇ ਕੀਤੀਆਂ ਟਿੱਪਣੀਆਂ—ਜਿਨ੍ਹਾਂ ਵਿੱਚ ਉਨ੍ਹਾਂ ਨੇ ਕਿਹਾ ਸੀ ਕਿ ਬੂਟਾ ਸਿੰਘ ਮਜ਼੍ਹਬੀ ਸਿੱਖ ਮਜ਼੍ਹਬੀ ਸਿੱਖ ਸੀ ਅਤੇ ਰੰਗ ਦਾ ਕਾਲਾ ਸੀ ਤੇ ਪੱਠੇ ਪਾਉਂਦਾ” ਫ਼ਿਰ ਵੀਕਾਂਗਰਸ ਪਾਰਟੀਨੇ ਉਹਨੂੰ ਦੇਸ਼ ਦਾ ਗ੍ਰਹਿ ਮੰਤਰੀ ਬਣਾਇਆ ਸੀ—ਨੇ ਕਾਂਗਰਸ ਪ੍ਰਤੀ ਮਜ਼੍ਹਬੀ ਸਿੱਖਾਂ ਅਤੇ ਵਾਲਮੀਕੀ ਭਾਈਚਾਰੇ ਦਾ ਗੁੱਸਾ ਵਧਾਇਆ ਹੈ। ਇਹ ਗੁੱਸਾ ਛੋਟਾ ਨਹੀਂ… ਸਗੋਂ ਕਾਂਗਰਸ ਲਈ ਖਤਰਨਾਕ ਸਾਬਤ ਹੋ ਸਕਦਾ ਹੈ।

ਦੂਜੇ ਪਾਸੇ, ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਮਜ਼੍ਹਬੀ ਸਿੱਖਾਂ ਅਤੇ ਵਾਲਮੀਕੀਆਂ ਨੂੰ ਮਿਲ ਰਹੀ ਵਿਸ਼ੇਸ਼ ਰਿਜ਼ਰਵੇਸ਼ਨ ਖ਼ਤਮ ਕਰਵਾਉਣ ਲਈ ਸੁਪਰੀਮ ਕੋਰਟ ਵਿੱਚ ਦਾਇਰ ਪਟੀਸ਼ਨ ਇਸ ਭਾਈਚਾਰੇ ਲਈ ਇੱਕ ਵੱਡਾ ਮਸਲਾ ਬਣ ਚੁੱਕੀ ਹੈ। ਕੈਪਟਨ ਅਮਰਿੰਦਰ ਸਿੰਘ ਦੀ ਪੁਰਾਣੀ ਵਾਇਰਲ ਵੀਡੀਓ—ਜਿਸ ਵਿੱਚ ਉਹ ਦੱਸਦੇ ਹਨ ਕਿ ਮਜ਼੍ਹਬੀ ਸਿੱਖਾਂ ਅਤੇ ਵਾਲਮੀਕੀ ਭਾਈਚਾਰੇ ਦੀ ਵਿਸ਼ੇਸ਼ ਰਿਜ਼ਰਵੇਸ਼ਨ ਨੂੰ ਉਹਨਾਂ ਨੇ ਕਾਨੂੰਨੀ ਰੂਪ ਦਿੱਤਾ ਸੀ ਅਤੇ ਚੰਨੀ ਨੇ ਉਸਨੂੰ ਤੋੜਨ ਦੀ ਕੋਸ਼ਿਸ਼ ਕੀਤੀ ਅਤੇ ਮੁੱਖਮੰਤਰੀ ਹੁੰਦਿਆਂ ਇਸ ਰਿਜਰਵੇਸ਼ਨ ਨੂੰ ਤੋੜਨ ਦੀ ਅਰਜ਼ੀ ਦਾਖਲ ਕੀਤੀ— ਹੁਣ ਇਹ ਵੀਡੀਓ ਕਲਿੱਪਾਂ ਦੂਜੀਆਂ ਪਾਰਟੀਆਂ ਦਾ ਸਭ ਤੋਂ ਤਾਕਤਵਰ ਹਥਿਆਰ ਬਣ ਚੁੱਕੀਆਂ ਹਨ।

ਜੇ ਇਹ ਭਾਈਚਾਰੇ ਕਾਂਗਰਸ ਤੋਂ ਦੂਰ ਹੋ ਗਏ ਤਾਂ ਇਹ ਸਿਰਫ਼ ਨੁਕਸਾਨ ਨਹੀਂ—ਸਗੋਂ 2027 ਦੀਆਂ ਚੋਣਾਂ ਤੋਂ ਪਹਿਲਾਂ ਹੀ ਕਾਂਗਰਸ ਲਈ ਸਿਆਸੀ ਤਬਾਹੀ ਦਾ ਐਲਾਨ ਹੋ ਜਾਵੇਗਾ।

ਨਤੀਜਾ—ਕਾਂਗਰਸ ਲਈ ਸਮਾਂ ਘੱਟ, ਚੁਣੌਤੀਆਂ ਵੱਡੀਆਂ-
ਹਾਲਾਂਕਿ ਕਾਂਗਰਸੀ ਨੇਤਾ ਦੋਫਾੜ ਦੀਆਂ ਖਬਰਾਂ ਨੂੰ ਰੱਦ ਕਰ ਰਹੇ ਹਨ, ਪਰ ਜਮੀਨੀ ਹਕੀਕਤ ਕੁਝ ਹੋਰ ਹੀ ਦੱਸ ਰਹੀ ਹੈ। ਰਾਸ਼ਟਰੀ ਅਤੇ ਸੂਬਾਈ, ਦੋਹਾਂ ਪੱਧਰਾਂ ‘ਤੇ ਕਾਂਗਰਸ ਦਬਾਅ ਵਿੱਚ ਹੈ। ਨੇਤ੍ਰਿਤਵ ਮਾਡਲ ਡਗਮਗਾ ਰਿਹਾ ਹੈ। ਧੜੇ ਬੇਕਾਬੂ ਹੋ ਰਹੇ ਹਨ। ਵੋਟ–ਬੈਂਕ ਦੂਰ ਹੁੰਦਾ ਜਾ ਰਿਹਾ ਹੈ। ਅਤੇ ਰਾਜਨੀਤਿਕ ਵਿਰੋਧੀ ਹਰ ਇੱਕ ਕਮਜ਼ੋਰੀ ਨੂੰ ਮੌਕੇ ਵਾਂਗ ਵਰਤ ਰਹੇ ਹਨ।

ਹੁਣ ਜੋ ਵੀ ਹੋਵੇ—ਇੱਕ ਗੱਲ ਤਾਂ ਪੱਕੀ ਹੈ:
ਜੇਕਰ ਕਾਂਗਰਸ ਨੇ ਫੌਰੀ, ਸਖ਼ਤ ਅਤੇ ਹਿੰਮਤੀ ਕਦਮ ਨਾ ਚੁੱਕੇ…
ਤਾਂ ਆਉਣ ਵਾਲਾ ਸਮਾਂ ਪਾਰਟੀ ਲਈ ਇਤਿਹਾਸ ਵਿੱਚ ਸਭ ਤੋਂ ਭਾਰੀ ਸਾਬਤ ਹੋ ਸਕਦਾ ਹੈ।

ਕੁਲਵੰਤ ਸਿੰਘ ਗੱਗੜਪੁਰੀ