News
ਅਮਰਨਾਥ ਯਾਤਰਾ ਹੋਈ ਸ਼ੁਰੂ ! ਸੁਰੱਖਿਆ ਦੇ ਸਖ਼ਤ ਪ੍ਰਬੰਧ
ਬਾਬਾ ਬਰਫਾਨੀ ਦੇ ਦਰਸ਼ਨਾਂ ਲਈ ਉਡੀਕ ਕਰ ਰਹੇ ਲੱਖਾਂ ਸ਼ਰਧਾਲੂਆਂ ਲਈ ਵੱਡੀ ਖ਼ਬਰ ਹੈ। ਸਾਲਾਨਾ ਅਮਰਨਾਥ ਯਾਤਰਾ ਸ਼ੁਰੂ ਹੋ ਚੁੱਕੀ ਹੈ। ਪਹਿਲਾ ਜੱਥਾ ਅੱਜ ਪਵਿੱਤਰ ਗੁਫਾ ਵਿੱਚ ਦਰਸ਼ਨ ਕਰੇਗਾ। ਯਾਤਰਾ ਨੂੰ ਸੁਚਾਰੂ ਅਤੇ ਸੁਰੱਖਿਅਤ ਬਣਾਉਣ ਲਈ ਪ੍ਰਸ਼ਾਸਨ ਵੱਲੋਂ ਸੁਰੱਖਿਆ ਅਤੇ ਸਹੂਲਤਾਂ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ।
ਅਮਰਨਾਥ ਯਾਤਰਾ ਲਈ ਦੇਸ਼ ਦੇ ਵੱਖ-ਵੱਖ ਸੂਬਿਆਂ ਤੋਂ ਹਜ਼ਾਰਾਂ ਸ਼ਰਧਾਲੂ ਰਵਾਨਾ ਹੋ ਚੁੱਕੇ ਹਨ। ਪਹਿਲਾ ਜੱਥਾ ਬਾਲਟਾਲ ਅਤੇ ਪਹਿਲਗਾਮ ਦੋਵੇਂ ਰੂਟਾਂ ਰਾਹੀਂ ਪਵਿੱਤਰ ਅਮਰਨਾਥ ਗੁਫਾ ਵੱਲ ਵਧ ਰਿਹਾ ਹੈ। ਅੱਜ ਪਹਿਲੇ ਜੱਥੇ ਦੇ ਸ਼ਰਧਾਲੂ ਬਾਬਾ ਬਰਫਾਨੀ ਦੇ ਦਰਸ਼ਨ ਕਰਨਗੇ।
ਅਮਰਨਾਥ ਯਾਤਰਾ 2026 ਲਈ ਸ਼ਰਧਾਲੂਆਂ ਦਾ ਪਹਿਲਾ ਜੱਥਾ ਵੀਰਵਾਰ ਨੂੰ ਕਸ਼ਮੀਰ ਘਾਟੀ ਪਹੁੰਚਿਆ, ਜਿਸਦਾ ਨਿੱਘਾ ਸਵਾਗਤ ਕੀਤਾ ਗਿਆ। ਅਧਿਕਾਰੀਆਂ ਨੇ ਕਿਹਾ ਕਿ ਸ਼ਰਧਾਲੂ ਸੁਰੱਖਿਆ ਪ੍ਰਬੰਧਾਂ ਦੀਆਂ ਕਈ ਪਰਤਾਂ ਵਿਚਕਾਰ ਉਤਸ਼ਾਹ ਨਾਲ ਅੱਗੇ ਵਧ ਰਹੇ ਸਨ।
4,800 ਤੋਂ ਵੱਧ ਸ਼ਰਧਾਲੂਆਂ ਦੇ ਕਾਫ਼ਲੇ ਨੂੰ ਦਿਨ ਦੇ ਸ਼ੁਰੂ ਵਿੱਚ ਲੈਫਟੀਨੈਂਟ ਗਵਰਨਰ ਮਨੋਜ ਸਿਨਹਾ ਨੇ ਜੰਮੂ ਦੇ ਭਗਵਤੀ ਨਗਰ ਯਾਤਰੀ ਨਿਵਾਸ ਤੋਂ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਅਧਿਕਾਰੀਆਂ ਨੇ ਦੱਸਿਆ ਕਿ ਕਸ਼ਮੀਰ ਪਹੁੰਚਣ ‘ਤੇ ਵਾਦੀ ਦੇ ਵੱਖ-ਵੱਖ ਥਾਵਾਂ ‘ਤੇ ਸ਼ਰਧਾਲੂਆਂ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ।
