Connect with us

Punjab

ਪ੍ਰਧਾਨ ਓਹੀ, ਮਸਲੇ ਵੀ ਓਹੀ, ਫਿਰ SUKHBIR BADAL ਦੀ ਸ਼ਰਨ ਵਿੱਚ ਕਿਉਂ ਆਏ ਚੰਦੂਮਾਜਰੇ? 

Published

on

ਪੰਜਾਬ ਵਿਧਾਨ ਸਭਾ ਦੀਆਂ ਅਗਲੀਆਂ ਚੋਣਾਂ ਨੂੰ ਲੈ ਕੇ ਸਿਆਸੀ ਸਰਗਰਮੀਆਂ ਤੇਜ਼ ਹੋਣ ਲੱਗੀਆਂ ਹਨ। ਪਾਰਟੀਆਂ ਅੰਦਰ ਜੋੜ-ਤੋੜ, ਨਵੇਂ ਸਮੀਕਰਨ ਬਣਾਉਣ ਅਤੇ ਪੁਰਾਣੇ ਸਿਆਸੀ ਸਾਥੀਆਂ ਨੂੰ ਮੁੜ ਇਕੱਠਾ ਕਰਨ ਦੀਆਂ ਕੋਸ਼ਿਸ਼ਾਂ ਜਾਰੀ ਹਨ। ਇਸੇ ਦੌਰਾਨ ਪੰਜਾਬ ਦੇ ਪਿੰਡਾਂ ਦੀਆਂ ਸੱਥਾਂ ਤੋਂ ਲੈ ਕੇ ਸ਼ਹਿਰਾਂ ਦੇ ਸਿਆਸੀ ਦਫ਼ਤਰਾਂ ਤੱਕ ਇੱਕ ਦਿਲਚਸਪ ਚਰਚਾ ਸੁਣਨ ਨੂੰ ਮਿਲ ਰਹੀ ਹੈ ਕਿ ਕੀ ਸਿਆਸਤ ਵਿੱਚ ਸਿਧਾਂਤਾਂ ਦੀ ਕੋਈ ਅਹਿਮੀਅਤ ਰਹਿ ਗਈ ਹੈ ਜਾਂ ਸੱਤਾ ਦੀਆਂ ਸੰਭਾਵਨਾਵਾਂ ਸਾਹਮਣੇ ਸਾਰੇ ਸਿਧਾਂਤ ਪਿੱਛੇ ਰਹਿ ਜਾਂਦੇ ਹਨ? ਇਸ ਚਰਚਾ ਨੂੰ ਹੋਰ ਹਵਾ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਅਤੇ ਉਨ੍ਹਾਂ ਦੇ ਪੁੱਤਰ ਹਰਿੰਦਰਪਾਲ ਸਿੰਘ ਚੰਦੂਮਾਜਰਾ ਵੱਲੋਂ ਅਕਾਲੀ ਦਲ ਪੁਨਰ ਸੁਰਜੀਤ ਨੂੰ ਅਲਵਿਦਾ ਕਹਿ ਕੇ ਸ਼੍ਰੋਮਣੀ ਅਕਾਲੀ ਦਲ ਬਾਦਲ ਵਿੱਚ ਵਾਪਸੀ ਕਰਨ ਦੇ ਫ਼ੈਸਲੇ ਨੇ ਦਿੱਤੀ ਹੈ।
ਇਸ ਫ਼ੈਸਲੇ ਤੋਂ ਬਾਅਦ ਸਭ ਤੋਂ ਵੱਡਾ ਸਵਾਲ ਇਹੀ ਉੱਠ ਰਿਹਾ ਹੈ ਕਿ ਜਿਹੜੇ ਮਸਲਿਆਂ ਕਰਕੇ ਚੰਦੂਮਾਜਰਾ ਸਮੇਤ ਕਈ ਸੀਨੀਅਰ ਅਕਾਲੀ ਆਗੂਆਂ ਨੇ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਨੂੰ ਚੁਣੌਤੀ ਦਿੱਤੀ ਸੀ, ਕੀ ਉਹ ਮਸਲੇ ਹੁਣ ਹੱਲ ਹੋ ਗਏ ਹਨ? ਕੀ ਸ਼੍ਰੋਮਣੀ ਅਕਾਲੀ ਦਲ ਦੀ ਪ੍ਰਧਾਨਗੀ ਬਦਲ ਗਈ ਹੈ? ਕੀ 2007 ਤੋਂ 2017 ਤੱਕ ਦੇ ਸ਼ਾਸਨ ਦੌਰਾਨ ਹੋਈਆਂ ਗਲਤੀਆਂ ਬਾਰੇ ਪਾਰਟੀ ਦੀ ਸੋਚ ਵਿੱਚ ਕੋਈ ਵੱਡੀ ਤਬਦੀਲੀ ਆ ਗਈ ਹੈ? ਜੇਕਰ ਇਨ੍ਹਾਂ ਸਵਾਲਾਂ ਦਾ ਜਵਾਬ ਨਹੀਂ ਹੈ ਤਾਂ ਫਿਰ ਅਜਿਹੀ ਕਿਹੜੀ ਮਜਬੂਰੀ, ਸਿਆਸੀ ਗਣਿਤ ਜਾਂ ਭਵਿੱਖ ਦੀ ਸੰਭਾਵਨਾ ਹੈ ਜਿਸ ਨੇ ਚੰਦੂਮਾਜਰਾ ਵਰਗੇ ਸੀਨੀਅਰ ਆਗੂਆਂ ਨੂੰ ਮੁੜ ਉਸੇ ਲੀਡਰਸ਼ਿਪ ਦੀ ਅਗਵਾਈ ਕਬੂਲਣ ਲਈ ਮਨਾ ਲਿਆ?
ਇਸ ਸਾਰੀ ਕਹਾਣੀ ਦੀ ਪਿੱਠਭੂਮੀ ਸਮਝਣ ਲਈ ਕੁਝ ਸਾਲ ਪਿੱਛੇ ਜਾਣਾ ਪਵੇਗਾ। ਇੱਕ ਸਮਾਂ ਸੀ ਜਦੋਂ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀ ਸਿਆਸਤ ਵਿੱਚ ਬਹੁਤ ਮਜ਼ਬੂਤ ਸਥਿਤੀ ਰੱਖਦਾ ਸੀ। ਪਰ 2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਪਾਰਟੀ ਨੂੰ ਵੱਡੀ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਤੋਂ ਬਾਅਦ 2022 ਦੀਆਂ ਚੋਣਾਂ ਵਿੱਚ ਪਾਰਟੀ ਦੀ ਹਾਲਤ ਹੋਰ ਵੀ ਕਮਜ਼ੋਰ ਹੋ ਗਈ। ਅਕਾਲੀ ਦਲ ਦੀ ਇਸ ਲਗਾਤਾਰ ਗਿਰਾਵਟ ਲਈ ਪਾਰਟੀ ਦੀ ਲੀਡਰਸ਼ਿਪ, ਖ਼ਾਸ ਕਰਕੇ ਸੁਖਬੀਰ ਸਿੰਘ ਬਾਦਲ ਦੀ ਕਾਰਜਸ਼ੈਲੀ ਅਤੇ ਫ਼ੈਸਲਾ ਲੈਣ ਦੇ ਢੰਗ ਨੂੰ ਜ਼ਿੰਮੇਵਾਰ ਠਹਿਰਾਇਆ ਜਾਂਦਾ ਰਿਹਾ। ਕਈ ਸੀਨੀਅਰ ਆਗੂਆਂ ਦਾ ਮੰਨਣਾ ਸੀ ਕਿ ਪਾਰਟੀ ਨੂੰ ਮੁੜ ਲੋਕਾਂ ਵਿੱਚ ਭਰੋਸੇਯੋਗ ਬਣਾਉਣ ਲਈ ਲੀਡਰਸ਼ਿਪ ਵਿੱਚ ਤਬਦੀਲੀ ਅਤੇ ਪੁਰਾਣੀਆਂ ਗਲਤੀਆਂ ਦਾ ਆਤਮ-ਮੰਥਨ ਜ਼ਰੂਰੀ ਹੈ।
ਅਕਾਲੀ ਦਲ ਦੇ ਬਾਗੀ ਧੜੇ ਦੀਆਂ ਮੁੱਖ ਮੰਗਾਂ ਵਿੱਚ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਦਾ ਮਸਲਾ ਵੀ ਸ਼ਾਮਲ ਸੀ। ਇਸ ਤੋਂ ਇਲਾਵਾ ਬੇਅਦਬੀ ਦੀਆਂ ਘਟਨਾਵਾਂ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੇ ਮਾਮਲੇ, ਬਹਿਬਲ ਕਲਾਂ ਅਤੇ ਕੋਟਕਪੂਰਾ ਗੋਲੀਕਾਂਡ ਵਰਗੇ ਸੰਵੇਦਨਸ਼ੀਲ ਮੁੱਦਿਆਂ ਉੱਤੇ ਪਾਰਟੀ ਦੀ ਭੂਮਿਕਾ ਅਤੇ ਉਸ ਸਮੇਂ ਦੀ ਸਰਕਾਰ ਦੀ ਜਵਾਬਦੇਹੀ ਵੀ ਵੱਡੇ ਸਵਾਲ ਬਣੇ ਰਹੇ। ਪੰਜਾਬ ਦੇ ਲੋਕਾਂ ਦੇ ਮਨਾਂ ਵਿੱਚ ਇਹ ਸਵਾਲ ਅੱਜ ਵੀ ਮੌਜੂਦ ਹੈ ਕਿ ਜਦੋਂ ਅਕਾਲੀ ਦਲ ਦੀ ਸਰਕਾਰ ਸੀ ਤਾਂ ਇਨ੍ਹਾਂ ਘਟਨਾਵਾਂ ਨੂੰ ਰੋਕਣ ਅਤੇ ਇਨਸਾਫ਼ ਦਿਵਾਉਣ ਲਈ ਉਹ ਕੁਝ ਕਿਉਂ ਨਹੀਂ ਹੋ ਸਕਿਆ ਜਿਸ ਦੀ ਸੰਗਤ ਉਮੀਦ ਕਰਦੀ ਸੀ?
2 ਦਸੰਬਰ 2024 ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੇਸ਼ ਹੋਏ ਅਕਾਲੀ ਆਗੂਆਂ ਅਤੇ ਸੁਖਬੀਰ ਸਿੰਘ ਬਾਦਲ ਵੱਲੋਂ ਆਪਣੀ ਸਰਕਾਰ ਦੇ ਸਮੇਂ ਦੀਆਂ ਗਲਤੀਆਂ ਸਬੰਧੀ ਲਗਾਈ ਗਈ ਤਨਖ਼ਾਹ ਨੇ ਵੀ ਇਸ ਵਿਵਾਦ ਨੂੰ ਨਵਾਂ ਮੋੜ ਦਿੱਤਾ ਸੀ। ਉਸ ਸਮੇਂ ਸੁਖਬੀਰ ਬਾਦਲ ਨੇ ਆਪਣੀ ਸਰਕਾਰ ਦੇ ਫ਼ੈਸਲਿਆਂ ਸਬੰਧੀ ਜਵਾਬਦੇਹੀ ਸਵੀਕਾਰ ਕੀਤੀ। ਪਰ ਬਾਅਦ ਵਿੱਚ ਉਨ੍ਹਾਂ ਵੱਲੋਂ ਇਹ ਕਹਿਣਾ ਕਿ ਉਨ੍ਹਾਂ ਨੇ ਤਾਂ ਦੂਜਿਆਂ ਦੀਆਂ ਗਲਤੀਆਂ ਦੀ ਜ਼ਿੰਮੇਵਾਰੀ ਆਪਣੇ ਸਿਰ ਲੈ ਲਈ ਸੀ, ਸਿਆਸੀ ਅਤੇ ਪੰਥਕ ਹਲਕਿਆਂ ਵਿੱਚ ਚਰਚਾ ਦਾ ਵਿਸ਼ਾ ਬਣਿਆ। ਬਾਗੀ ਆਗੂਆਂ ਨੂੰ ਲੱਗਿਆ ਕਿ ਪਾਰਟੀ ਅੰਦਰ ਅਸਲ ਸੁਧਾਰ ਦੀ ਗੁੰਜਾਇਸ਼ ਨਹੀਂ ਰਹੀ। ਇਸੇ ਪਿਛੋਕੜ ਵਿੱਚ ਅਕਾਲੀ ਦਲ ਪੁਨਰ ਸੁਰਜੀਤ ਹੋਂਦ ਵਿੱਚ ਆਇਆ ਅਤੇ ਗਿਆਨੀ ਹਰਪ੍ਰੀਤ ਸਿੰਘ ਨੂੰ ਇਸ ਦੀ ਅਗਵਾਈ ਸੌਂਪੀ ਗਈ।
ਨਵੇਂ ਅਕਾਲੀ ਦਲ ਤੋਂ ਉਮੀਦ ਕੀਤੀ ਜਾ ਰਹੀ ਸੀ ਕਿ ਇਹ ਪੰਥਕ ਸਿਆਸਤ ਵਿੱਚ ਨਵੀਂ ਦਿਸ਼ਾ ਦੇਵੇਗਾ, ਪਾਰਟੀ ਨੂੰ ਪਰਿਵਾਰਵਾਦ ਅਤੇ ਵਿਅਕਤੀ ਵਿਸ਼ੇਸ਼ ਦੀ ਅਗਵਾਈ ਤੋਂ ਬਾਹਰ ਕੱਢੇਗਾ ਅਤੇ ਪੰਜਾਬ ਦੇ ਅਸਲ ਮੁੱਦਿਆਂ ਨੂੰ ਉਭਾਰੇਗਾ। ਸ਼ੁਰੂਆਤ ਵਿੱਚ ਇਸ ਨੂੰ ਕੁਝ ਸਿਆਸੀ ਅਤੇ ਪੰਥਕ ਹਲਕਿਆਂ ਵਿੱਚ ਹੁੰਗਾਰਾ ਵੀ ਮਿਲਿਆ। ਪਰ ਸਮਾਂ ਬੀਤਣ ਦੇ ਨਾਲ ਇਹ ਪਾਰਟੀ ਕੋਈ ਵੱਡੀ ਸਿਆਸੀ ਤਾਕਤ ਬਣਦੀ ਨਜ਼ਰ ਨਹੀਂ ਆਈ। ਨਾ ਤਾਂ ਇਹ ਪਿੰਡਾਂ ਵਿੱਚ ਆਪਣਾ ਮਜ਼ਬੂਤ ਸੰਗਠਨ ਖੜ੍ਹਾ ਕਰ ਸਕੀ ਅਤੇ ਨਾ ਹੀ ਪੰਜਾਬ ਦੇ ਆਮ ਵੋਟਰਾਂ ਵਿੱਚ ਆਪਣੀ ਕੋਈ ਵੱਡੀ ਪਛਾਣ ਬਣਾ ਸਕੀ। ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਬਾਦਲ ਵੀ ਆਪਣੀ ਪੁਰਾਣੀ ਸਿਆਸੀ ਤਾਕਤ ਮੁੜ ਹਾਸਲ ਕਰਨ ਲਈ ਸੰਘਰਸ਼ ਕਰ ਰਿਹਾ ਹੈ।
ਇਸੇ ਦੌਰਾਨ ਅਕਾਲੀ-ਭਾਜਪਾ ਗੱਠਜੋੜ ਦੀਆਂ ਸੰਭਾਵਨਾਵਾਂ ਬਾਰੇ ਚਰਚਾ ਨੇ ਨਵੇਂ ਸਿਆਸੀ ਸਮੀਕਰਨ ਪੈਦਾ ਕੀਤੇ। ਸਿਆਸੀ ਹਲਕਿਆਂ ਵਿੱਚ ਇਹ ਗੱਲ ਚੱਲਦੀ ਰਹੀ ਕਿ ਜੇਕਰ ਭਾਜਪਾ ਅਤੇ ਅਕਾਲੀ ਦਲ ਮੁੜ ਇਕੱਠੇ ਹੁੰਦੇ ਹਨ ਤਾਂ ਇਸ ਵਿੱਚ ਅਕਾਲੀ ਦਲ ਪੁਨਰ ਸੁਰਜੀਤ ਦੇ ਕੁਝ ਆਗੂਆਂ ਨੂੰ ਵੀ ਸ਼ਾਮਲ ਕਰਨ ਦੀ ਕੋਸ਼ਿਸ਼ ਹੋ ਸਕਦੀ ਹੈ। ਪਰ ਇੱਥੇ ਸਭ ਤੋਂ ਵੱਡੀ ਰੁਕਾਵਟ ਪੰਥਕ ਅਤੇ ਪੰਜਾਬ ਦੇ ਮੁੱਦਿਆਂ ਨੂੰ ਲੈ ਕੇ ਸੀ। ਸਿਆਸੀ ਹਲਕਿਆਂ ਵਿੱਚ ਚਰਚਾ ਰਹੀ ਕਿ ਪੁਨਰ ਸੁਰਜੀਤ ਧੜੇ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ, ਭਾਈ ਬਲਵੰਤ ਸਿੰਘ ਰਾਜੋਆਣਾ ਦੀ ਸਜ਼ਾ ਦਾ ਮਸਲਾ, ਭਾਈ ਜਗਤਾਰ ਸਿੰਘ ਹਵਾਰਾ ਦੀ ਪੈਰੋਲ, ਕਿਸਾਨਾਂ ਦੀਆਂ ਮੰਗਾਂ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਜਲਦੀ ਕਰਵਾਉਣ ਵਰਗੀਆਂ ਸ਼ਰਤਾਂ ਰੱਖੀਆਂ ਗਈਆਂ ਸਨ। ਇਨ੍ਹਾਂ ਮੁੱਦਿਆਂ ਉੱਤੇ ਸਹਿਮਤੀ ਨਾ ਬਣਨ ਕਾਰਨ ਗੱਠਜੋੜ ਦੀਆਂ ਸੰਭਾਵਨਾਵਾਂ ਅੱਗੇ ਨਹੀਂ ਵਧ ਸਕੀਆਂ।
ਇਸ ਸੰਦਰਭ ਵਿੱਚ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਦੀ ਭੂਮਿਕਾ ਵੀ ਚਰਚਾ ਵਿੱਚ ਰਹੀ ਹੈ। ਉਨ੍ਹਾਂ ਨੂੰ ਭਾਜਪਾ ਨਾਲ ਨੇੜਲੇ ਸਬੰਧ ਰੱਖਣ ਵਾਲੇ ਆਗੂਆਂ ਵਿੱਚ ਗਿਣਿਆ ਜਾਂਦਾ ਹੈ। ਜੇਕਰ ਉਹ ਤਿੰਨਾਂ ਧਿਰਾਂ ਨੂੰ ਇੱਕ ਸਿਆਸੀ ਮੰਚ ਉੱਤੇ ਲਿਆਉਣ ਦੀ ਕੋਸ਼ਿਸ਼ ਕਰ ਰਹੇ ਸਨ ਤਾਂ ਇਹ ਉਨ੍ਹਾਂ ਦੀ ਸਿਆਸੀ ਰਣਨੀਤੀ ਦਾ ਹਿੱਸਾ ਹੋ ਸਕਦਾ ਹੈ। ਪਰ ਜਦੋਂ ਪੁਨਰ ਸੁਰਜੀਤ ਧੜੇ ਦੀ ਅਗਵਾਈ ਵੱਲੋਂ ਕੁਝ ਅਹਿਮ ਮੁੱਦਿਆਂ ਤੋਂ ਬਿਨਾਂ ਸਮਝੌਤਾ ਕਰਨ ਲਈ ਸਹਿਮਤੀ ਨਹੀਂ ਦਿੱਤੀ ਗਈ ਤਾਂ ਚੰਦੂਮਾਜਰਾ ਅਤੇ ਉਨ੍ਹਾਂ ਦੇ ਸਾਥੀਆਂ ਨੇ ਵੱਖਰਾ ਰਸਤਾ ਚੁਣ ਲਿਆ। ਹੁਣ ਸਵਾਲ ਇਹ ਹੈ ਕਿ ਕੀ ਇਹ ਫ਼ੈਸਲਾ ਸਿਰਫ਼ ਸਿਆਸੀ ਹਾਲਾਤਾਂ ਦੀ ਮਜਬੂਰੀ ਸੀ ਜਾਂ ਆਉਣ ਵਾਲੀਆਂ ਚੋਣਾਂ ਵਿੱਚ ਕਿਸੇ ਵੱਡੇ ਸਿਆਸੀ ਸਮਝੌਤੇ ਦੀ ਤਿਆਰੀ?
ਇਸ ਸਵਾਲ ਦਾ ਜਵਾਬ ਆਉਣ ਵਾਲਾ ਸਮਾਂ ਹੀ ਦੇਵੇਗਾ। ਪਰ ਇੱਕ ਗੱਲ ਸਪੱਸ਼ਟ ਹੈ ਕਿ ਪੰਜਾਬ ਦੀ ਸਿਆਸਤ ਵਿੱਚ ਸਿਰਫ਼ ਪਾਰਟੀਆਂ ਬਦਲਣ ਨਾਲ ਲੋਕਾਂ ਦਾ ਭਰੋਸਾ ਵਾਪਸ ਨਹੀਂ ਆਉਂਦਾ। ਲੋਕ ਇਹ ਵੀ ਦੇਖਦੇ ਹਨ ਕਿ ਜਿਹੜੇ ਆਗੂ ਕੱਲ੍ਹ ਤੱਕ ਕਿਸੇ ਲੀਡਰਸ਼ਿਪ ਨੂੰ ਗਲਤ ਦੱਸ ਰਹੇ ਸਨ, ਅੱਜ ਉਸੇ ਲੀਡਰਸ਼ਿਪ ਦੀ ਅਗਵਾਈ ਕਬੂਲਣ ਪਿੱਛੇ ਉਨ੍ਹਾਂ ਦਾ ਤਰਕ ਕੀ ਹੈ?
ਇਸੇ ਸੰਦਰਭ ਵਿੱਚ ਬੀਬੀ ਜਗੀਰ ਕੌਰ ਦਾ ਨਾਂ ਵੀ ਸਿਆਸੀ ਚਰਚਾ ਵਿੱਚ ਆ ਰਿਹਾ ਹੈ। ਅਜਿਹੀਆਂ ਕਿਆਸਅਰਾਈਆਂ ਹਨ ਕਿ ਉਹ ਵੀ ਅਕਾਲੀ ਦਲ ਪੁਨਰ ਸੁਰਜੀਤ ਨੂੰ ਛੱਡ ਕੇ ਬਾਦਲ ਦਲ ਵਿੱਚ ਜਾ ਸਕਦੇ ਹਨ। ਹਾਲਾਂਕਿ ਇਸ ਸਬੰਧੀ ਉਨ੍ਹਾਂ ਦੀ ਪੁਸ਼ਟੀ ਸਾਹਮਣੇ ਆਉਣੀ ਬਾਕੀ ਹੈ। ਉਨ੍ਹਾਂ ਦਾ ਪੱਖ ਜਾਣਨ ਲਈ ਫ਼ੋਨ ਰਾਹੀਂ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ, ਪਰ ਸੰਪਰਕ ਨਹੀਂ ਹੋ ਸਕਿਆ। ਜੇਕਰ ਅਜਿਹੇ ਹੋਰ ਆਗੂ ਵੀ ਬਾਦਲ ਦਲ ਵਿੱਚ ਵਾਪਸੀ ਕਰਦੇ ਹਨ ਤਾਂ ਇਹ ਪੁਨਰ ਸੁਰਜੀਤ ਧੜੇ ਲਈ ਇੱਕ ਹੋਰ ਵੱਡੀ ਸਿਆਸੀ ਚੁਣੌਤੀ ਹੋਵੇਗੀ।
ਪਰ ਇਸ ਸਾਰੇ ਸਿਆਸੀ ਘਟਨਾਕ੍ਰਮ ਵਿੱਚ ਸਭ ਤੋਂ ਮਹੱਤਵਪੂਰਨ ਸਵਾਲ ਪੰਜਾਬ ਦੇ ਅਸਲ ਮੁੱਦਿਆਂ ਦਾ ਹੈ। ਪੰਜਾਬ ਦੀ ਸਿਆਸਤ ਨੂੰ ਸਿਰਫ਼ ਅਕਾਲੀ ਦਲ, ਭਾਜਪਾ, ਕਾਂਗਰਸ ਜਾਂ ਆਮ ਆਦਮੀ ਪਾਰਟੀ ਦੇ ਗੱਠਜੋੜਾਂ ਤੱਕ ਸੀਮਤ ਨਹੀਂ ਕੀਤਾ ਜਾ ਸਕਦਾ। ਪੰਜਾਬ ਅੱਜ ਕਈ ਅਜਿਹੀਆਂ ਸਮੱਸਿਆਵਾਂ ਨਾਲ ਜੂਝ ਰਿਹਾ ਹੈ ਜਿਨ੍ਹਾਂ ਦਾ ਹੱਲ ਕਿਸੇ ਵੀ ਪਾਰਟੀ ਦੇ ਚੋਣ ਮਨੋਰਥ ਪੱਤਰ ਦਾ ਕੇਂਦਰੀ ਹਿੱਸਾ ਹੋਣਾ ਚਾਹੀਦਾ ਹੈ।
ਸਭ ਤੋਂ ਪਹਿਲਾ ਅਤੇ ਅਹਿਮ ਮੁੱਦਾ ਕਿਸਾਨੀ ਦਾ ਹੈ। ਪੰਜਾਬ ਦੀ ਆਰਥਿਕਤਾ ਦੀ ਰੀੜ੍ਹ ਦੀ ਹੱਡੀ ਮੰਨੀ ਜਾਂਦੀ ਖੇਤੀ ਅੱਜ ਗੰਭੀਰ ਸੰਕਟ ਵਿੱਚੋਂ ਲੰਘ ਰਹੀ ਹੈ। ਕਿਸਾਨਾਂ ਸਿਰ ਕਰਜ਼ੇ ਦਾ ਬੋਝ, ਫ਼ਸਲਾਂ ਦੀ ਲਾਗਤ ਵਿੱਚ ਵਾਧਾ, ਘੱਟਦੀ ਜ਼ਮੀਨੀ ਉਪਜਾਊ ਸ਼ਕਤੀ, ਪਾਣੀ ਦਾ ਡਿੱਗਦਾ ਪੱਧਰ, ਬਦਲਵੀਆਂ ਫਸਲਾਂ ਦੀ ਘਾਟ ਅਤੇ ਐੱਮਐੱਸਪੀ ਦੀ ਕਾਨੂੰਨੀ ਗਾਰੰਟੀ ਵਰਗੇ ਮੁੱਦੇ ਅੱਜ ਵੀ ਜਿਉਂ ਦੇ ਤਿਉਂ ਹਨ। ਕਿਸਾਨਾਂ ਨੂੰ ਸਿਰਫ਼ ਚੋਣਾਂ ਵੇਲੇ ਮਿਲਣ ਵਾਲੇ ਭਰੋਸਿਆਂ ਦੀ ਨਹੀਂ, ਸਗੋਂ ਅਜਿਹੀ ਨੀਤੀ ਦੀ ਲੋੜ ਹੈ ਜਿਸ ਨਾਲ ਉਨ੍ਹਾਂ ਦੀ ਆਮਦਨ ਸਥਿਰ ਹੋਵੇ ਅਤੇ ਖੇਤੀ ਲਾਹੇਵੰਦ ਧੰਦਾ ਬਣ ਸਕੇ। ਕੇਂਦਰ ਸਰਕਾਰ ਵੱਲੋਂ ਕਿਸਾਨਾਂ ਦੀਆਂ ਮੰਗਾਂ ਨੂੰ ਲੈ ਕੇ ਕੋਈ ਠੋਸ ਅਤੇ ਭਰੋਸੇਯੋਗ ਹੱਲ ਨਾ ਨਿਕਲਣਾ ਪੰਜਾਬ ਦੇ ਕਿਸਾਨਾਂ ਵਿੱਚ ਨਿਰਾਸ਼ਾ ਪੈਦਾ ਕਰਦਾ ਹੈ। ਇਸ ਲਈ ਜਿਹੜੀ ਵੀ ਪਾਰਟੀ ਭਾਜਪਾ ਨਾਲ ਗੱਠਜੋੜ ਕਰਨਾ ਚਾਹੁੰਦੀ ਹੈ, ਉਸ ਨੂੰ ਸਭ ਤੋਂ ਪਹਿਲਾਂ ਇਹ ਸਪੱਸ਼ਟ ਕਰਨਾ ਪਵੇਗਾ ਕਿ ਉਹ ਕਿਸਾਨਾਂ ਦੇ ਮੁੱਦਿਆਂ ਉੱਤੇ ਕਿਹੜਾ ਸਟੈਂਡ ਲਵੇਗੀ।
ਪੰਜਾਬ ਦਾ ਦੂਜਾ ਵੱਡਾ ਮੁੱਦਾ ਪਾਣੀਆਂ ਦਾ ਹੈ। ਦਰਿਆਈ ਪਾਣੀਆਂ ਦੀ ਵੰਡ, ਸਤਲੁਜ-ਯਮੁਨਾ ਲਿੰਕ ਨਹਿਰ, ਪੰਜਾਬ ਦੇ ਦਰਿਆਈ ਪਾਣੀਆਂ ਉੱਤੇ ਸੂਬੇ ਦੇ ਹੱਕ ਅਤੇ ਧਰਤੀ ਹੇਠਲੇ ਪਾਣੀ ਦੀ ਲਗਾਤਾਰ ਘਟ ਰਹੀ ਮਾਤਰਾ ਅਜਿਹੇ ਮਸਲੇ ਹਨ ਜਿਨ੍ਹਾਂ ਦਾ ਸਬੰਧ ਪੰਜਾਬ ਦੇ ਭਵਿੱਖ ਨਾਲ ਜੁੜਿਆ ਹੋਇਆ ਹੈ। ਪੰਜਾਬ ਪਹਿਲਾਂ ਹੀ ਪਾਣੀ ਦੀ ਗੰਭੀਰ ਸਮੱਸਿਆ ਦਾ ਸਾਹਮਣਾ ਕਰ ਰਿਹਾ ਹੈ। ਅਜਿਹੇ ਵਿੱਚ ਕਿਸੇ ਵੀ ਸਿਆਸੀ ਪਾਰਟੀ ਨੂੰ ਇਹ ਦੱਸਣਾ ਪਵੇਗਾ ਕਿ ਉਹ ਪੰਜਾਬ ਦੇ ਪਾਣੀਆਂ ਦੀ ਰਾਖੀ ਲਈ ਕੀ ਠੋਸ ਕਦਮ ਚੁੱਕੇਗੀ।
ਇਸੇ ਤਰ੍ਹਾਂ ਚੰਡੀਗੜ੍ਹ ਦਾ ਮਸਲਾ ਵੀ ਪੰਜਾਬ ਦੀ ਸਿਆਸਤ ਦਾ ਅਹਿਮ ਮੁੱਦਾ ਹੈ। ਚੰਡੀਗੜ੍ਹ ਪੰਜਾਬ ਦੀ ਰਾਜਧਾਨੀ ਹੈ ਅਤੇ ਪੰਜਾਬ ਇਸ ਨੂੰ ਆਪਣੇ ਹੱਕ ਨਾਲ ਜੋੜ ਕੇ ਦੇਖਦਾ ਹੈ। ਚੰਡੀਗੜ੍ਹ ਵਿੱਚ ਪੰਜਾਬ ਦੀ ਪ੍ਰਸ਼ਾਸਕੀ ਅਤੇ ਭਾਸ਼ਾਈ ਹਿੱਸੇਦਾਰੀ, ਪੰਜਾਬੀ ਬੋਲਦੇ ਇਲਾਕਿਆਂ ਦਾ ਮਸਲਾ ਅਤੇ ਕੇਂਦਰ ਵੱਲੋਂ ਚੰਡੀਗੜ੍ਹ ਦੇ ਪ੍ਰਸ਼ਾਸਕੀ ਪ੍ਰਬੰਧਾਂ ਸਬੰਧੀ ਲਏ ਜਾਂਦੇ ਫ਼ੈਸਲੇ ਪੰਜਾਬ ਦੀਆਂ ਭਾਵਨਾਵਾਂ ਨਾਲ ਜੁੜੇ ਹੋਏ ਹਨ। ਇਸ ਦੇ ਨਾਲ ਹੀ ਪੰਜਾਬ ਯੂਨੀਵਰਸਿਟੀ ਦੀ ਖੁਦਮੁਖਤਿਆਰੀ ਅਤੇ ਪੰਜਾਬ ਨਾਲ ਇਸ ਦੇ ਇਤਿਹਾਸਕ ਸਬੰਧਾਂ ਦੀ ਰਾਖੀ ਵੀ ਇੱਕ ਮਹੱਤਵਪੂਰਨ ਮੁੱਦਾ ਹੈ। ਕੀ ਭਾਜਪਾ ਨਾਲ ਗੱਠਜੋੜ ਕਰਨ ਵਾਲੇ ਅਕਾਲੀ ਆਗੂ ਇਨ੍ਹਾਂ ਮੁੱਦਿਆਂ ਉੱਤੇ ਖੁੱਲ੍ਹ ਕੇ ਆਪਣਾ ਪੱਖ ਰੱਖਣਗੇ?
ਪੰਜਾਬ ਦੇ ਨੌਜਵਾਨਾਂ ਦਾ ਭਵਿੱਖ ਵੀ ਵੱਡੀ ਚਿੰਤਾ ਦਾ ਵਿਸ਼ਾ ਹੈ। ਬੇਰੁਜ਼ਗਾਰੀ ਕਾਰਨ ਨੌਜਵਾਨਾਂ ਦਾ ਵਿਦੇਸ਼ਾਂ ਵੱਲ ਪਲਾਇਨ ਲਗਾਤਾਰ ਚਰਚਾ ਵਿੱਚ ਹੈ। ਨੌਜਵਾਨ ਆਪਣਾ ਘਰ-ਬਾਰ, ਜ਼ਮੀਨ ਅਤੇ ਮਾਪਿਆਂ ਨੂੰ ਛੱਡ ਕੇ ਵਿਦੇਸ਼ਾਂ ਵਿੱਚ ਜਾਣ ਲਈ ਮਜਬੂਰ ਮਹਿਸੂਸ ਕਰ ਰਹੇ ਹਨ। ਸੂਬੇ ਵਿੱਚ ਰੁਜ਼ਗਾਰ ਦੇ ਮੌਕੇ ਪੈਦਾ ਕਰਨ, ਉਦਯੋਗਾਂ ਨੂੰ ਉਤਸ਼ਾਹਿਤ ਕਰਨ, ਸਿੱਖਿਆ ਪ੍ਰਣਾਲੀ ਵਿੱਚ ਸੁਧਾਰ ਕਰਨ ਅਤੇ ਨੌਜਵਾਨਾਂ ਨੂੰ ਹੁਨਰਮੰਦ ਬਣਾਉਣ ਲਈ ਕਿਸੇ ਵੀ ਸਰਕਾਰ ਕੋਲ ਕੋਈ ਲੰਬੇ ਸਮੇਂ ਦੀ ਠੋਸ ਯੋਜਨਾ ਹੋਣੀ ਚਾਹੀਦੀ ਹੈ। ਨਸ਼ਿਆਂ ਦੀ ਸਮੱਸਿਆ ਵੀ ਇਸੇ ਸੰਕਟ ਨਾਲ ਜੁੜੀ ਹੋਈ ਹੈ। ਨਸ਼ਾ ਤਸਕਰੀ ਦੇ ਨੈੱਟਵਰਕ, ਨਸ਼ਿਆਂ ਦੀ ਸਪਲਾਈ, ਪੁਲਿਸ ਅਤੇ ਪ੍ਰਸ਼ਾਸਨ ਦੀ ਜਵਾਬਦੇਹੀ ਅਤੇ ਨਸ਼ਾ ਪੀੜਤਾਂ ਦੇ ਇਲਾਜ ਤੇ ਮੁੜ ਵਸੇਬੇ ਬਾਰੇ ਸਾਰੀਆਂ ਪਾਰਟੀਆਂ ਨੂੰ ਆਪਣਾ ਸਪੱਸ਼ਟ ਰੋਡਮੈਪ ਦੇਣਾ ਚਾਹੀਦਾ ਹੈ। ਸਿਰਫ਼ ਨਸ਼ਿਆਂ ਵਿਰੁੱਧ ਰੈਲੀਆਂ ਅਤੇ ਨਾਅਰੇ ਲਗਾਉਣ ਨਾਲ ਪੰਜਾਬ ਦੀ ਨੌਜਵਾਨ ਪੀੜ੍ਹੀ ਨਹੀਂ ਬਚਾਈ ਜਾ ਸਕਦੀ।
ਪੰਜਾਬ ਦੀ ਆਰਥਿਕਤਾ ਵੀ ਇੱਕ ਵੱਡੀ ਚੁਣੌਤੀ ਹੈ। ਸੂਬੇ ਸਿਰ ਵਧ ਰਿਹਾ ਕਰਜ਼ਾ, ਉਦਯੋਗਾਂ ਦੀ ਘਾਟ, ਵਪਾਰੀਆਂ ਦੀਆਂ ਮੁਸ਼ਕਲਾਂ, ਛੋਟੇ ਕਾਰੋਬਾਰਾਂ ਦਾ ਸੰਕਟ ਅਤੇ ਸਰਕਾਰੀ ਖ਼ਜ਼ਾਨੇ ਉੱਤੇ ਵਧਦਾ ਬੋਝ ਅਜਿਹੇ ਮੁੱਦੇ ਹਨ ਜਿਨ੍ਹਾਂ ਉੱਤੇ ਗੰਭੀਰ ਚਰਚਾ ਦੀ ਲੋੜ ਹੈ। ਪੰਜਾਬ ਵਿੱਚ ਨਵੇਂ ਉਦਯੋਗ ਲਿਆਉਣ, ਪੁਰਾਣੇ ਉਦਯੋਗਾਂ ਨੂੰ ਬਚਾਉਣ, ਸਰਹੱਦੀ ਇਲਾਕਿਆਂ ਵਿੱਚ ਆਰਥਿਕ ਗਤੀਵਿਧੀਆਂ ਵਧਾਉਣ ਅਤੇ ਨੌਜਵਾਨਾਂ ਲਈ ਸਥਾਨਕ ਪੱਧਰ ਉੱਤੇ ਰੁਜ਼ਗਾਰ ਪੈਦਾ ਕਰਨ ਲਈ ਕਿਹੜੀ ਪਾਰਟੀ ਕੋਲ ਕੀ ਯੋਜਨਾ ਹੈ? ਕੀ ਚੋਣਾਂ ਤੋਂ ਪਹਿਲਾਂ ਸਿਆਸੀ ਪਾਰਟੀਆਂ ਇਸ ਬਾਰੇ ਕੋਈ ਠੋਸ ਖਾਕਾ ਪੇਸ਼ ਕਰਨਗੀਆਂ?
ਇਸ ਤੋਂ ਇਲਾਵਾ ਪੰਜਾਬ ਦੀ ਕਾਨੂੰਨ ਵਿਵਸਥਾ, ਗੈਂਗਸਟਰਵਾਦ, ਫਿਰੌਤੀਆਂ, ਸਰਹੱਦ ਪਾਰੋਂ ਨਸ਼ਿਆਂ ਅਤੇ ਹਥਿਆਰਾਂ ਦੀ ਤਸਕਰੀ, ਪੁਲਿਸ ਪ੍ਰਸ਼ਾਸਨ ਦੀ ਜਵਾਬਦੇਹੀ ਅਤੇ ਆਮ ਲੋਕਾਂ ਦੀ ਸੁਰੱਖਿਆ ਵੀ ਅਹਿਮ ਮੁੱਦੇ ਹਨ। ਪਿੰਡਾਂ ਵਿੱਚ ਬੁਨਿਆਦੀ ਸਹੂਲਤਾਂ, ਸਿਹਤ ਸੇਵਾਵਾਂ, ਸਰਕਾਰੀ ਸਕੂਲਾਂ ਦੀ ਗੁਣਵੱਤਾ, ਹਸਪਤਾਲਾਂ ਵਿੱਚ ਡਾਕਟਰਾਂ ਅਤੇ ਦਵਾਈਆਂ ਦੀ ਉਪਲਬਧਤਾ, ਬਿਜਲੀ ਅਤੇ ਸੜਕਾਂ ਵਰਗੇ ਮੁੱਦੇ ਵੀ ਚੋਣਾਂ ਦੀ ਚਰਚਾ ਦਾ ਹਿੱਸਾ ਬਣਨੇ ਚਾਹੀਦੇ ਹਨ। ਇਸੇ ਤਰ੍ਹਾਂ ਦਲਿਤ ਵਰਗ ਦੀ ਸਮਾਜਿਕ ਅਤੇ ਆਰਥਿਕ ਭਲਾਈ, ਬੇਜ਼ਮੀਨੇ ਮਜ਼ਦੂਰਾਂ ਦੀਆਂ ਸਮੱਸਿਆਵਾਂ, ਪੰਚਾਇਤੀ ਜ਼ਮੀਨਾਂ, ਪਿੰਡਾਂ ਦੇ ਵਿਕਾਸ ਅਤੇ ਨਗਰ ਨਿਗਮਾਂ ਦੀ ਕਾਰਗੁਜ਼ਾਰੀ ਵਰਗੇ ਮੁੱਦੇ ਵੀ ਪੰਜਾਬ ਦੀ ਸਿਆਸਤ ਤੋਂ ਅੱਖੋਂ-ਪਰੋਖੇ ਨਹੀਂ ਹੋਣੇ ਚਾਹੀਦੇ।
ਪੰਥਕ ਮੁੱਦਿਆਂ ਦੀ ਗੱਲ ਕਰੀਏ ਤਾਂ ਬੰਦੀ ਸਿੰਘਾਂ ਦੀ ਰਿਹਾਈ, ਭਾਈ ਬਲਵੰਤ ਸਿੰਘ ਰਾਜੋਆਣਾ ਦੀ ਸਜ਼ਾ ਦਾ ਮਾਮਲਾ, ਭਾਈ ਜਗਤਾਰ ਸਿੰਘ ਹਵਾਰਾ ਦੀ ਪੈਰੋਲ, ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮਾਣ-ਮਰਿਆਦਾ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਨਿਰਪੱਖ ਤੇ ਸਮੇਂ ਸਿਰ ਚੋਣਾਂ ਅਜਿਹੇ ਮੁੱਦੇ ਹਨ ਜਿਨ੍ਹਾਂ ਨੂੰ ਪੰਜਾਬ ਦੀ ਪੰਥਕ ਸਿਆਸਤ ਵਿੱਚ ਵਿਸ਼ੇਸ਼ ਮਹੱਤਵ ਹਾਸਲ ਹੈ। ਸ਼੍ਰੋਮਣੀ ਕਮੇਟੀ ਵਰਗੀ ਸੰਸਥਾ ਨੂੰ ਸਿਆਸੀ ਪ੍ਰਭਾਵ ਤੋਂ ਮੁਕਤ ਕਰਕੇ ਸਿੱਖ ਸੰਗਤ ਦੀ ਇੱਛਾ ਅਨੁਸਾਰ ਚਲਾਉਣ ਦੀ ਮੰਗ ਲੰਮੇ ਸਮੇਂ ਤੋਂ ਉੱਠਦੀ ਰਹੀ ਹੈ। ਇਸ ਦੇ ਨਾਲ ਹੀ ਗੁਰਦੁਆਰਾ ਪ੍ਰਬੰਧ ਵਿੱਚ ਪਾਰਦਰਸ਼ਤਾ, ਸਿੱਖਿਆ ਸੰਸਥਾਵਾਂ ਦੀ ਮਜ਼ਬੂਤੀ ਅਤੇ ਸਿੱਖ ਨੌਜਵਾਨਾਂ ਵਿੱਚ ਵਧ ਰਹੀਆਂ ਸਮਾਜਿਕ ਚੁਣੌਤੀਆਂ ਵੱਲ ਧਿਆਨ ਦੇਣਾ ਵੀ ਜ਼ਰੂਰੀ ਹੈ।
ਇਹ ਸਾਰੇ ਮੁੱਦੇ ਅਜਿਹੇ ਹਨ ਜਿਨ੍ਹਾਂ ਨੂੰ ਲੈ ਕੇ ਅਕਾਲੀ ਦਲ ਬਾਦਲ ਅਤੇ ਭਾਜਪਾ ਦੋਵਾਂ ਨੂੰ ਆਪਣਾ ਪੱਖ ਸਪੱਸ਼ਟ ਕਰਨਾ ਪਵੇਗਾ। ਕਿਉਂਕਿ ਅਕਾਲੀ ਦਲ ਲੰਮੇ ਸਮੇਂ ਤੱਕ ਭਾਜਪਾ ਦਾ ਸਿਆਸੀ ਭਾਈਵਾਲ ਰਿਹਾ ਹੈ ਅਤੇ ਦੋਵਾਂ ਨੇ ਮਿਲ ਕੇ ਪੰਜਾਬ ਵਿੱਚ ਸਰਕਾਰ ਵੀ ਚਲਾਈ ਹੈ। ਹੁਣ ਜੇਕਰ ਮੁੜ ਗੱਠਜੋੜ ਹੁੰਦਾ ਹੈ ਤਾਂ ਲੋਕ ਇਹ ਜਾਣਨਾ ਚਾਹੁਣਗੇ ਕਿ ਪੁਰਾਣੇ ਗੱਠਜੋੜ ਨਾਲੋਂ ਇਸ ਵਾਰ ਕੀ ਵੱਖਰਾ ਹੋਵੇਗਾ? ਕੀ ਅਕਾਲੀ ਦਲ ਪੰਜਾਬ ਦੇ ਹੱਕਾਂ ਦੀ ਗੱਲ ਭਾਜਪਾ ਸਾਹਮਣੇ ਪੂਰੀ ਦ੍ਰਿੜਤਾ ਨਾਲ ਰੱਖੇਗਾ ਜਾਂ ਫਿਰ ਚੋਣਾਂ ਜਿੱਤਣ ਦੀ ਰਣਨੀਤੀ ਤਹਿਤ ਕਈ ਮੁੱਦਿਆਂ ਉੱਤੇ ਚੁੱਪ ਧਾਰ ਲਈ ਜਾਵੇਗੀ?
ਦੂਜੇ ਪਾਸੇ ਭਾਜਪਾ ਵੀ ਪੰਜਾਬ ਵਿੱਚ ਆਪਣਾ ਸਿਆਸੀ ਆਧਾਰ ਵਧਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਭਾਜਪਾ ਲਈ ਇਹ ਸਮਝਣਾ ਜ਼ਰੂਰੀ ਹੈ ਕਿ ਪੰਜਾਬ ਦੀ ਸਿਆਸਤ ਦੂਜੇ ਰਾਜਾਂ ਵਰਗੀ ਨਹੀਂ ਹੈ। ਇੱਥੇ ਕਿਸਾਨੀ, ਪਾਣੀਆਂ, ਚੰਡੀਗੜ੍ਹ, ਪੰਜਾਬੀ ਭਾਸ਼ਾ, ਪੰਥਕ ਸੰਸਥਾਵਾਂ ਅਤੇ ਸਿੱਖ ਭਾਵਨਾਵਾਂ ਨਾਲ ਜੁੜੇ ਮੁੱਦਿਆਂ ਦੀ ਆਪਣੀ ਵਿਸ਼ੇਸ਼ ਅਹਿਮੀਅਤ ਹੈ। ਸਿਰਫ਼ ਸੱਤਾ ਵਿੱਚ ਹਿੱਸੇਦਾਰੀ ਜਾਂ ਚੋਣਾਂ ਵਿੱਚ ਸੀਟਾਂ ਦਾ ਸਮਝੌਤਾ ਕਰ ਲੈਣ ਨਾਲ ਪੰਜਾਬ ਦੇ ਲੋਕਾਂ ਦਾ ਭਰੋਸਾ ਹਾਸਲ ਨਹੀਂ ਕੀਤਾ ਜਾ ਸਕਦਾ।
ਇਸ ਸਾਰੀ ਸਥਿਤੀ ਵਿੱਚ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੀ ਭੂਮਿਕਾ ਵੀ ਮਹੱਤਵਪੂਰਨ ਰਹੇਗੀ। ਕਾਂਗਰਸ ਆਪਣੇ ਅੰਦਰੂਨੀ ਧੜਿਆਂ ਅਤੇ ਲੀਡਰਸ਼ਿਪ ਦੇ ਸਵਾਲਾਂ ਨਾਲ ਜੂਝ ਰਹੀ ਹੈ, ਜਦਕਿ ਆਮ ਆਦਮੀ ਪਾਰਟੀ ਨੂੰ ਸੱਤਾ ਵਿੱਚ ਰਹਿੰਦਿਆਂ ਆਪਣੇ ਵਾਅਦਿਆਂ ਅਤੇ ਕਾਰਗੁਜ਼ਾਰੀ ਦਾ ਹਿਸਾਬ ਦੇਣਾ ਪਵੇਗਾ। ਇਸ ਲਈ ਆਉਣ ਵਾਲੀਆਂ ਚੋਣਾਂ ਵਿੱਚ ਮੁਕਾਬਲਾ ਸਿਰਫ਼ ਪਾਰਟੀਆਂ ਅਤੇ ਚਿਹਰਿਆਂ ਦਾ ਨਹੀਂ, ਸਗੋਂ ਪੰਜਾਬ ਦੇ ਭਵਿੱਖ ਬਾਰੇ ਵੱਖ-ਵੱਖ ਸਿਆਸੀ ਦ੍ਰਿਸ਼ਟੀਕੋਣਾਂ ਦਾ ਵੀ ਹੋਵੇਗਾ।
ਅਕਾਲੀ ਦਲ ਪੁਨਰ ਸੁਰਜੀਤ ਲਈ ਵੀ ਇਹ ਸਮਾਂ ਆਤਮ-ਮੰਥਨ ਦਾ ਹੈ। ਜੇਕਰ ਪਾਰਟੀ ਆਪਣੇ ਆਗੂਆਂ ਨੂੰ ਇਕੱਠਾ ਨਹੀਂ ਰੱਖ ਸਕਦੀ ਅਤੇ ਪੰਜਾਬ ਦੇ ਲੋਕਾਂ ਤੱਕ ਆਪਣੀ ਗੱਲ ਪ੍ਰਭਾਵਸ਼ਾਲੀ ਢੰਗ ਨਾਲ ਨਹੀਂ ਪਹੁੰਚਾ ਸਕਦੀ ਤਾਂ ਸਿਰਫ਼ ਪੰਥਕ ਮੁੱਦਿਆਂ ਦੀ ਗੱਲ ਕਰਕੇ ਵੱਡੀ ਸਿਆਸੀ ਤਾਕਤ ਬਣਨਾ ਮੁਸ਼ਕਲ ਹੋਵੇਗਾ। ਦੂਜੇ ਪਾਸੇ ਬਾਦਲ ਦਲ ਲਈ ਵੀ ਇਹ ਸੋਚਣ ਦਾ ਸਮਾਂ ਹੈ ਕਿ ਜਿਹੜੇ ਆਗੂ ਕਦੇ ਉਸ ਦੀ ਲੀਡਰਸ਼ਿਪ ਅਤੇ ਕਾਰਜਸ਼ੈਲੀ ਨੂੰ ਚੁਣੌਤੀ ਦੇ ਕੇ ਵੱਖ ਹੋਏ ਸਨ, ਉਨ੍ਹਾਂ ਦੀ ਵਾਪਸੀ ਨੂੰ ਸਿਰਫ਼ ਸਿਆਸੀ ਤਾਕਤ ਵਧਾਉਣ ਵਜੋਂ ਦੇਖਿਆ ਜਾਵੇਗਾ ਜਾਂ ਪਾਰਟੀ ਅੰਦਰ ਅਸਲ ਸੁਧਾਰ ਦੀ ਸ਼ੁਰੂਆਤ ਵੀ ਹੋਵੇਗੀ?
ਅੰਤ ਵਿੱਚ ਗੱਲ ਮੁੜ ਉਸੇ ਸਵਾਲ ਉੱਤੇ ਆ ਕੇ ਰੁਕਦੀ ਹੈ ਕਿ ਜਿਹੜੇ ਸੁਖਬੀਰ ਸਿੰਘ ਬਾਦਲ ਨੂੰ ਪ੍ਰਧਾਨਗੀ ਤੋਂ ਲਾਂਭੇ ਕਰਨ ਲਈ ਮੁਹਿੰਮ ਚਲਾਈ ਗਈ ਸੀ, ਜਿਹੜੇ ਮਸਲਿਆਂ ਨੂੰ ਲੈ ਕੇ ਬਾਦਲ ਦਲ ਤੋਂ ਵੱਖ ਹੋਇਆ ਗਿਆ ਸੀ, ਜੇਕਰ ਉਹ ਮਸਲੇ ਅਜੇ ਵੀ ਮੌਜੂਦ ਹਨ ਅਤੇ ਪ੍ਰਧਾਨਗੀ ਵੀ ਉਹੀ ਹੈ ਤਾਂ ਫਿਰ ਵਾਪਸੀ ਦਾ ਆਧਾਰ ਕੀ ਹੈ? ਕੀ ਸਿਆਸੀ ਹਾਲਾਤ ਬਦਲ ਗਏ ਹਨ ਜਾਂ ਸਿਆਸੀ ਮਜਬੂਰੀਆਂ ਨੇ ਸਿਧਾਂਤਾਂ ਨੂੰ ਪਿੱਛੇ ਛੱਡ ਦਿੱਤਾ ਹੈ? ਕੀ ਇਹ ਪੰਜਾਬ ਅਤੇ ਪੰਥ ਦੇ ਹਿੱਤਾਂ ਲਈ ਲਿਆ ਗਿਆ ਫ਼ੈਸਲਾ ਹੈ ਜਾਂ ਆਉਣ ਵਾਲੀਆਂ ਚੋਣਾਂ ਵਿੱਚ ਆਪਣੀ ਸਿਆਸੀ ਹੋਂਦ ਬਚਾਉਣ ਦੀ ਕੋਸ਼ਿਸ਼?
ਪੰਜਾਬ ਦੇ ਲੋਕ ਹੁਣ ਸਿਰਫ਼ ਸਿਆਸੀ ਆਗੂਆਂ ਦੇ ਬਿਆਨਾਂ ਅਤੇ ਗੱਠਜੋੜਾਂ ਨੂੰ ਨਹੀਂ ਦੇਖ ਰਹੇ, ਸਗੋਂ ਉਨ੍ਹਾਂ ਦੇ ਪਿਛਲੇ ਰਿਕਾਰਡ ਅਤੇ ਅੱਜ ਦੇ ਫ਼ੈਸਲਿਆਂ ਦੀ ਤੁਲਨਾ ਵੀ ਕਰ ਰਹੇ ਹਨ। ਲੋਕਾਂ ਨੂੰ ਇਹ ਨਹੀਂ ਦੱਸਿਆ ਜਾ ਸਕਦਾ ਕਿ ਕੱਲ੍ਹ ਜਿਸ ਲੀਡਰਸ਼ਿਪ ਨੂੰ ਗਲਤ ਕਿਹਾ ਸੀ, ਅੱਜ ਉਹ ਅਚਾਨਕ ਸਹੀ ਕਿਵੇਂ ਹੋ ਗਈ। ਸਿਆਸਤ ਵਿੱਚ ਵਿਚਾਰ ਬਦਲ ਸਕਦੇ ਹਨ, ਪਰ ਉਨ੍ਹਾਂ ਪਿੱਛੇ ਕੋਈ ਠੋਸ ਤਰਕ ਅਤੇ ਸਪੱਸ਼ਟ ਜਵਾਬਦੇਹੀ ਵੀ ਹੋਣੀ ਚਾਹੀਦੀ ਹੈ।
ਆਉਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਇਹ ਸਪੱਸ਼ਟ ਹੋ ਜਾਵੇਗਾ ਕਿ ਲੋਕਾਂ ਲਈ ਸਿਆਸੀ ਗੱਠਜੋੜ ਅਤੇ ਚਿਹਰੇ ਵੱਡੇ ਹਨ ਜਾਂ ਪੰਜਾਬ ਦੇ ਅਸਲ ਮੁੱਦੇ। ਕਿਉਂਕਿ ਪੰਜਾਬ ਨੂੰ ਇਸ ਵੇਲੇ ਸਿਰਫ਼ ਨਵੇਂ ਸਿਆਸੀ ਸਮੀਕਰਨਾਂ ਦੀ ਨਹੀਂ, ਸਗੋਂ ਪਾਣੀਆਂ, ਕਿਸਾਨੀ, ਨੌਜਵਾਨਾਂ, ਰੁਜ਼ਗਾਰ, ਨਸ਼ਿਆਂ, ਉਦਯੋਗ, ਕਾਨੂੰਨ ਵਿਵਸਥਾ, ਪੰਥਕ ਮਸਲਿਆਂ ਅਤੇ ਸੂਬੇ ਦੇ ਹੱਕਾਂ ਬਾਰੇ ਸਪੱਸ਼ਟ ਨੀਤੀ ਦੀ ਲੋੜ ਹੈ। ਜੇਕਰ ਸਿਆਸੀ ਆਗੂ ਇਨ੍ਹਾਂ ਸਵਾਲਾਂ ਦੇ ਜਵਾਬ ਦੇਣ ਦੀ ਬਜਾਏ ਸਿਰਫ਼ ਕੁਰਸੀਆਂ ਅਤੇ ਗੱਠਜੋੜਾਂ ਦੀ ਸਿਆਸਤ ਕਰਦੇ ਰਹੇ ਤਾਂ ਲੋਕਾਂ ਦੇ ਮਨਾਂ ਵਿੱਚ ਉੱਠ ਰਿਹਾ ਇਹ ਸਵਾਲ ਹੋਰ ਵੀ ਤਿੱਖਾ ਹੁੰਦਾ ਜਾਵੇਗਾ ਕਿ ਪੰਜਾਬ ਦੀ ਸਿਆਸਤ ਵਿੱਚ ਸਿਧਾਂਤ ਬਚੇ ਵੀ ਹਨ ਜਾਂ ਨਹੀਂ?

 

ਕੁਲਵੰਤ ਸਿੰਘ ਗੱਗੜਪੁਰੀ

2