Connect with us

Punjab

ਰਿਸ਼ਤੇਦਾਰ ਵੱਲੋਂ ਗੋਲੀ ਮਾਰ ਕੇ 16 ਸਾਲਾਂ ਨੌਜਵਾਨ ਦਾ ਕੀਤਾ ਕਤਲ

Published

on

20 ਜਨਵਰੀ 2024: ਹਲਕਾ ਖੇਮਕਰਨ ਅਧੀਨ ਆਉਂਦੇ ਪਿੰਡ ਆਂਸਲ ਉਤਾੜ ਵਿਖੇ ਠਾਕੇ ਦੇ ਸਮਾਗਮ ਵਿੱਚ ਚੱਲ ਰਹੇ ਡੀਜੇ ਦੌਰਾਨ ਠਾਕਾ ਸਮਾਗਮ ਵਿੱਚ ਆਏ ਰਿਸ਼ਤੇਦਾਰ ਵੱਲੋਂ ਡੀਜੇ ਤੇ ਪਰਚੀਆਂ ਚੁਗਣ ਵਾਲੇ 16 ਸਾਲਾ ਨੌਜਵਾਨ ਕੋਲੋਂ ਪੈਸੇ ਲੈਣ ਨੂੰ ਲੈ ਕੇ ਹੋਈ ਬਹਿਸ ਵਿੱਚ ਨੌਜਵਾਨ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ ਅਤੇ ਕਾਤਲ ਮੌਕਾ ਵਾਰਦਾਤ ਤੋਂ ਫਰਾਰ ਦੱਸੇ ਜਾ ਰਹੇ ਹਨ ਫਿਲਹਾਲ ਮੌਕੇ ਤੇ ਪੁੱਜੀ ਥਾਣਾ ਵਲਟੋਹਾ ਦੀ ਪੁਲਿਸ ਵੱਲੋਂ ਮ੍ਰਿਤਕ ਨੌਜਵਾਨ ਦੇ ਪਰਿਵਾਰਿਕ ਮੈਂਬਰਾਂ ਦੇ ਬਿਆਨ ਕਲਮਬੰਦ ਕੀਤੇ ਜਾ ਰਹੇ ਹਨ।

ਮ੍ਰਿਤਕ ਨੌਜਵਾਨ ਦੀ ਪਹਿਚਾਨ ਸੁਰਜੀਤ ਸਿੰਘ ਪੁੱਤਰ ਅੰਗਰੇਜ਼ ਸਿੰਘ ਵਾਸੀ ਪਿੰਡ ਅਲਗੋਂ ਕੋਠੀ ਵਜੋਂ ਹੋਈ ਹੈ ਜੋ ਕਿ ਅਲਗੋ ਕੋਠੀ ਦੇ ਹੀ ਡੀਜਿਆਂ ਉੱਤੇ ਕੰਮ ਕਰਦਾ ਸੀ। ਇਸ ਕਤਲ ਦੀ ਘਟਨਾ ਤੋਂ ਬਾਅਦ ਪੂਰੇ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ। ਉੱਥੇ ਹੀ ਮ੍ਰਿਤਕ ਨੌਜਵਾਨ ਦੇ ਪਿਤਾ ਅੰਗਰੇਜ਼ ਸਿੰਘ ਅਤੇ ਮਾਤਾ ਨਿੰਦਰ ਕੌਰ ਉਨਾਂ ਦੇ ਪੁੱਤਰ ਦੇ ਵਿਯੋਗ ਵਿੱਚ ਸਦਮੇ ਵਿੱਚ ਹਨ । ਦੱਸ ਦਈਏ ਕਿ ਮ੍ਰਿਤਕ ਨੌਜਵਾਨ ਸੁਰਜੀਤ ਸਿੰਘ ਦੀ ਉਮਰ 16 ਸਾਲ ਦੇ ਕਰੀਬ ਹੈ ਅਤੇ ਉਸਦਾ ਇੱਕ ਭਰਾ ਤੇ ਦੋ ਹੋਰ ਭੈਣਾਂ ਹਨ ਅਤੇ ਮ੍ਰਿਤਕ ਸੁਰਜੀਤ ਸਿੰਘ ਘਰੋਂ ਗਰੀਬ ਹੋਣ ਕਰਕੇ ਅਕਸਰ ਹੀ ਡੀਜੇ ਤੇ ਪੈਸੇ ਚੁਗਣ ਲਈ ਜਾਂਦਾ ਸੀ । ਉੱਥੇ ਹੀ ਇਸ ਮਾਮਲੇ ਸੰਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮ੍ਰਿਤਕ ਨੌਜਵਾਨ ਦੀ ਮਾਤਾ ਨਿੰਦਰ ਕੌਰ ਨੇ ਦੱਸਿਆ ਕਿ ਉਸ ਦਾ ਪੁੱਤਰ ਡੀਜੇ ਤੇ ਪਰਚੀਆਂ ਚੁਗਣ ਲਈ ਅਕਸਰ ਜਾਇਆ ਕਰਦਾ ਸੀ ਜਿਸ ਦੀ ਬੀਤੀ ਰਾਤ ਠਾਕਾ ਸਮਾਗਮ ਵਿੱਚ ਆਏ ਇੱਕ ਰਿਸ਼ਤੇਦਾਰ ਵੱਲੋਂ ਪਰਚੀਆਂ ਮੰਗਣ ਨੂੰ ਲੈ ਕੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ। ਮ੍ਰਿਤਕ ਦੀ ਮਾਤਾ ਨੇ ਤਰਨ ਤਾਰਨ ਦੇ ਐਸਐਸਪੀ ਪਾਸੋਂ ਇਨਸਾਫ ਦੀ ਗੁਹਾਰ ਲਗਾਉਂਦਿਆਂ ਉਕਤ ਕਾਤਲ ਨੂੰ ਤੁਰੰਤ ਗ੍ਰਿਫਤਾਰ ਕਰਨ ਦੀ ਮੰਗ ਕੀਤੀ ਹੈ । ਇਸ ਮਾਮਲੇ ਸਬੰਧੀ ਥਾਣਾ ਵਲਟੋਹਾ ਦੀ ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ|