Amritsar
ਅੰਮ੍ਰਿਤਸਰ ‘ਚ ਰੈਸਟੋਰੈਂਟ ਦੀ ਆੜ ‘ਚ ਬਾਰ: ਲਾਇਸੈਂਸ ਦੀ ਮਿਆਦ ਖਤਮ ਹੋਣ ਤੋਂ ਬਾਅਦ ਵੀ ਪਰੋਸੀ ਜਾ ਰਹੀ ਸੀ ਸ਼ਰਾਬ
ਅੰਮ੍ਰਿਤਸਰ: ਪੰਜਾਬ ਦੇ ਅੰਮ੍ਰਿਤਸਰ ‘ਚ ਪੁਲਿਸ ਅਤੇ ਆਬਕਾਰੀ ਵਿਭਾਗ ਨੇ ਸਾਂਝੇ ਆਪ੍ਰੇਸ਼ਨ ਦੌਰਾਨ ਰਣਜੀਤ ਐਵੀਨਿਊ ‘ਤੇ ਹੋਪਰਜ਼ ਰੈਸਟੋਰੈਂਟ ਦੀ ਆੜ ‘ਚ ਚੱਲ ਰਹੇ ਬਾਰ ‘ਤੇ ਕਾਰਵਾਈ ਕੀਤੀ ਹੈ। ਰੈਸਟੋਰੈਂਟ ਵਿੱਚ ਬਿਨਾਂ ਲਾਇਸੈਂਸ ਤੋਂ ਸ਼ਰਾਬ ਪਰੋਸੀ ਜਾ ਰਹੀ ਸੀ। ਛਾਪੇਮਾਰੀ ਦੌਰਾਨ ਭਾਰੀ ਮਾਤਰਾ ਵਿੱਚ ਸ਼ਰਾਬ ਬਰਾਮਦ ਹੋਈ ਹੈ। ਪੁਲੀਸ ਨੇ ਬਾਰ ਦੇ ਮੈਨੇਜਰ ਓਮਪ੍ਰਕਾਸ਼ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।
ਏਸੀਪੀ ਨਾਰਥ ਵਰਿੰਦਰ ਖੋਸਾ ਨੇ ਦੱਸਿਆ ਕਿ ਸੋਮਵਾਰ ਰਾਤ ਨੂੰ ਰੈਸਟੋਰੈਂਟ ਵਿੱਚ ਸ਼ਰਾਬ ਪਰੋਸੀ ਜਾਣ ਦੀ ਸੂਚਨਾ ਮਿਲੀ ਸੀ। ਰੈਸਟੋਰੈਂਟ ਕੋਲ ਪਹਿਲਾਂ ਸ਼ਰਾਬ ਦਾ ਲਾਇਸੈਂਸ ਸੀ, ਜਿਸ ਦੀ ਮਿਆਦ ਪਿਛਲੇ ਵਿੱਤੀ ਸਾਲ 31 ਮਾਰਚ ਨੂੰ ਖਤਮ ਹੋ ਗਈ ਸੀ। ਇਸ ਦੇ ਬਾਵਜੂਦ ਸ਼ਰਾਬ ਪਰੋਸੀ ਜਾ ਰਹੀ ਸੀ। ਆਬਕਾਰੀ ਵਿਭਾਗ ਦੇ ਇੰਸਪੈਕਟਰ ਸੰਜੀਵ ਕੁਮਾਰ ਦੀ ਟੀਮ ਸਮੇਤ ਪੁਲੀਸ ਮੌਕੇ ’ਤੇ ਪੁੱਜੀ। ਮੈਨੇਜਰ ਓਮਪ੍ਰਕਾਸ਼ ਦੀ ਨਿਗਰਾਨੀ ਹੇਠ ਗਾਹਕਾਂ ਨੂੰ ਸ਼ਰਾਬ ਦਿੱਤੀ ਜਾ ਰਹੀ ਸੀ।
ਭਾਰੀ ਮਾਤਰਾ ‘ਚ ਸ਼ਰਾਬ ਬਰਾਮਦ
ਪੁਲਿਸ ਰਿਕਾਰਡ ਅਨੁਸਾਰ ਰੈਸਟੋਰੈਂਟ ਵਿੱਚ ਸ਼ਰਾਬ ਦਾ ਭੰਡਾਰ ਸੀ। 27 ਪੇਟੀਆਂ ਸ਼ਰਾਬ ਬਰਾਮਦ ਜਿਸ ਵਿੱਚ 266 ਬੋਤਲਾਂ ਵੱਖ-ਵੱਖ ਮਾਰਕਾ ਸ਼ਰਾਬ ਦੀਆਂ ਸਨ। ਜਿਨ੍ਹਾਂ ਨੂੰ ਜ਼ਬਤ ਕਰ ਲਿਆ ਗਿਆ ਹੈ। ਰੈਸਟੋਰੈਂਟ ਦੇ ਮੈਨੇਜਰ ਖ਼ਿਲਾਫ਼ ਪੰਜਾਬ ਐਕਸਾਈਜ਼ ਐਕਟ 1914 ਦੀ ਧਾਰਾ 68, 1, 14 ਤਹਿਤ ਕੇਸ ਦਰਜ ਕੀਤਾ ਗਿਆ ਹੈ।