Ludhiana
ਲੁਧਿਆਣਾ ‘ਚ 2 ਮੰਜ਼ਿਲਾ ਕੱਪੜਾ ਫੈਕਟਰੀ ਨੂੰ ਲੱਗੀ ਅੱਗ,ਪੂਰੀ ਮੰਜ਼ਿਲ ਆਈ ਚਪੇਟ ‘ਚ…

ਲੁਧਿਆਣਾ 21 ਜੂਨ 2023 : ਮੰਗਲਵਾਰ ਦੁਪਹਿਰ ਇੱਕ ਦੋ ਮੰਜ਼ਿਲਾ ਕੱਪੜਾ ਫੈਕਟਰੀ ਵਿੱਚ ਅੱਗ ਲੱਗ ਗਈ। ਅੱਗ ਨੇ ਪੂਰੀ ਹੀ ਮੰਜ਼ਿਲ ਨੂੰ ਆਪਣੀ ਚਪੇਟ ਵਿੱਚ ਲੈ ਲਿਆ। ਅੱਗ ਕਾਰਨ ਕਾਲੇ ਧੂੰਏਂ ਦਾ ਗੁਬਾਰ ਦੂਰ-ਦੂਰ ਤੱਕ ਫੈਲ ਗਿਆ। ਜਦੋਂ ਅੱਗ ਲੱਗੀ ਤਾਂ ਫੈਕਟਰੀ ਵਿੱਚ ਮਜ਼ਦੂਰ ਕੰਮ ਕਰ ਰਹੇ ਸਨ। ਕਈ ਮਜ਼ਦੂਰਾਂ ਨੇ ਕੱਪੜੇ ਦੀ ਲਾਈਨ ਫੜ ਕੇ ਹੇਠਾਂ ਆ ਕੇ ਆਪਣੀ ਜਾਨ ਬਚਾਈ, ਜਦਕਿ ਕੁਝ ਮਜ਼ਦੂਰਾਂ ਨੇ ਛੱਤ ਤੋਂ ਛਾਲ ਮਾਰ ਕੇ ਆਪਣੀ ਜਾਨ ਬਚਾਈ, ਜਿਸ ਕਾਰਨ ਅੱਧੀ ਦਰਜਨ ਮਜ਼ਦੂਰ ਜ਼ਖ਼ਮੀ ਹੋ ਗਏ। ਜ਼ਖਮੀਆਂ ਨੂੰ ਇਕ ਆਟੋ ਵਿਚ ਸਿਵਲ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰ ਨੇ ਦੋ ਨੂੰ ਦਾਖਲ ਕੀਤਾ ਅਤੇ ਬਾਕੀ ਜ਼ਖਮੀਆਂ ਨੂੰ ਮੁੱਢਲੀ ਸਹਾਇਤਾ ਦੇ ਬਾਅਦ ਛੁੱਟੀ ਦੇ ਦਿੱਤੀ। ਫਾਇਰ ਬ੍ਰਿਗੇਡ ਦੇ ਮੁਲਾਜ਼ਮਾਂ ਨੇ ਕਰੀਬ ਤਿੰਨ ਘੰਟੇ ਦੀ ਮੁਸ਼ੱਕਤ ਅਤੇ ਫਾਇਰ ਬ੍ਰਿਗੇਡ ਦੇ ਕਰੀਬ 10 ਟੈਂਡਰਾਂ ਦੀ ਮਦਦ ਨਾਲ ਅੱਗ ‘ਤੇ ਕਾਬੂ ਪਾਇਆ। ਅੱਗ ਲੱਗਣ ਕਾਰਨ ਫੈਕਟਰੀ ਵਿੱਚ ਪਿਆ ਸਾਰਾ ਸਾਮਾਨ ਸੜ ਕੇ ਸੁਆਹ ਹੋ ਗਿਆ। ਫੈਕਟਰੀ ਦੀ ਇਮਾਰਤ ਨੂੰ ਵੀ ਕਾਫ਼ੀ ਨੁਕਸਾਨ ਪਹੁੰਚਿਆ ਹੈ। ਅੱਗ ਲੱਗਣ ਕਾਰਨ ਹੋਏ ਨੁਕਸਾਨ ਦਾ ਸਹੀ ਪਤਾ ਨਹੀਂ ਲੱਗ ਸਕਿਆ। ਇਹ ਹਜੇ ਤੱਕ ਸਪੱਸ਼ਟ ਨਹੀਂ ਹੋਇਆ ਹੈ ਕਿ ਅੱਗ ਕਿਸ ਕਾਰਨ ਕਰਕੇ ਲੱਗੀ।