Punjab
ਬੈਂਕ ਤੋਂ ਅੱਕੇ ਵਿਅਕਤੀ ਨੇ ਆਤਮਹੱਤਿਆ ਕਰਨ ਦੀ ਕੀਤੀ ਕੋਸ਼ਿਸ਼
ਫਿਰੋਜ਼ਪੁਰ, 05 ਜੁਲਾਈ (ਪਰਮਜੀਤ ਪੰਮਾ) : ਸੂਬੇ ਅੰਦਰ ਲਾਕਡਾਉਨ ਦੇ ਚਲਦਿਆਂ ਬੇਸੱਕ ਪੰਜਾਬ ਸਰਕਾਰ ਲੋਕਾਂ ਦੀ ਹਰ ਪੱਖੋਂ ਸਹਾਇਤਾ ਕਰਨ ਦੇ ਲੱਖਾਂ ਦਾਅਵੇ ਕਰ ਰਹੀ ਹੈ। ਪਰ ਰੋਜਗਾਰ ਬੰਦ ਹੋਣ ਕਾਰਨ ਲੋਕਾਂ ਦੀ ਹਾਲਤ ਬਦ ਤੋਂ ਬਤਰ ਹੁੰਦੀ ਨਜਰ ਆ ਰਹੀ ਹੈ। ਇਥੋਂ ਤੱਕ ਕਿ ਲੋਕ ਖੁਦਕੁਸ਼ੀਆਂ ਕਰਨ ਨੂੰ ਤਿਆਰ ਹੋ ਰਹੇ ਹਨ। ਅਜਿਹਾ ਹੀ ਇੱਕ ਮਾਮਲਾ ਜ਼ਿਲ੍ਹਾ ਫਿਰੋਜ਼ਪੁਰ ਤੋਂ ਸਾਹਮਣੇ ਆਇਆ ਹੈ ਜਿਥੇ ਪੁਲਿਸ ਪ੍ਰਸਾਸਨ ਨੂੰ ਉਸ ਸਮੇਂ ਹੱਥਾਂ ਪੈਰਾਂ ਦੀ ਪੈ ਗਈ ਜਦੋਂ ਬੈਂਕ ਦੀਆਂ ਕਿਸ਼ਤਾ ਤੋਂ ਤੰਗ ਆਏ ਇੱਕ ਵਿਅਕਤੀ ਨੇ ਪਹਿਲਾ ਆਪਣੇ ਆਪ ਨੂੰ ਅੱਗ ਲਗਾਉਣੀ ਚਾਹੀ ਅਤੇ ਜਦ ਉਸ ਨੂੰ ਅਜਿਹਾ ਕਰਨ ਤੋਂ ਰੋਕਿਆ ਗਿਆ ਤਾਂ ਉਸ ਨੇ ਆਪਣੇ ਮੋਟਰਸਾਈਕਲ ‘ਤੇ ਤੇਲ ਪਾਕੇ ਅੱਗ ਲਗਾਉਣ ਲੱਗ ਗਿਆ। ਜਾਣਕਾਰੀ ਦਿੰਦਿਆਂ ਉਸ ਵਿਅਕਤੀ ਨੇ ਦੱਸਿਆ ਕਿ ਪਿਛਲੇ ਕਈ ਮਹੀਨਿਆਂ ਤੋਂ ਪੰਜਾਬ ਅੰਦਰ ਲਾਕਡਾਉਨ ਚੱਲ ਰਿਹਾ ਹੈ। ਜਿਸ ਦੇ ਚਲਦਿਆਂ ਲੋਕਾਂ ਦੇ ਕੰਮਕਾਜ ਠੱਪ ਹੋਏ ਪਏ ਹਨ। ਲੋਕ ਰੋਟੀ ਤੋਂ ਮੁਹਤਾਜ ਹੋਏ ਪਏ ਹਨ। ਪਰ ਇਹ ਸਭ ਜਾਣਦੇ ਹੋਏ ਵੀ ਕੰਪਨੀਆਂ ਵਾਲੇ ਲੋਕਾਂ ਨੂੰ ਤੰਗ ਪ੍ਰੇਸ਼ਾਨ ਕਰ ਰਹੇ ਹਨ। ਉਸਨੇ ਦੱਸਿਆ ਕਿ ਉਸ ਨੇ ਇੱਕ ਇਜੰਸੀ ਤੋਂ ਕਿਸ਼ਤਾ ‘ਤੇ ਮੋਟਰਸਾਈਕਲ ਖਰੀਦਿਆ ਸੀ।
ਪਰ ਕਰੋਨਾਵਾਇਰਸ ਦੇ ਚਲਦਿਆਂ ਪੰਜਾਬ ਸਰਕਾਰ ਵੱਲੋਂ ਲਾਕਡਾਉਨ ਲਗਾਇਆ ਗਿਆ ਜਿਸ ਦੇ ਚਲਦਿਆਂ ਉਸਦਾ ਕੰਮਕਾਜ ਠੱਪ ਹੋ ਗਿਆ ਕਿਉਂਕਿ ਉਹ ਦਿਹਾੜੀ ਤੇ ਆਟੋ ਰਿਕਸ਼ਾ ਚਲਾਉਣ ਦਾ ਕੰਮ ਕਰਦਾ ਹੈ। ਪਰ ਬੈਂਕ ਸਭ ਕੁੱਝ ਜਾਣਦੇ ਹੋਏ ਵੀ ਉਸ ਨੂੰ ਪਿਛਲੇ ਕੁੱਝ ਮਹੀਨਿਆਂ ਤੋਂ ਕਿਸਤਾ ਨੂੰ ਲੇਕੇ ਤੰਗ ਪ੍ਰੇਸ਼ਾਨ ਕਰ ਰਹੀ ਹੈ। ਉਸ ਨੇ ਦੱਸਿਆ ਕਿ ਉਹ ਕਈ ਵਾਰ ਬੈਂਕ ਦਾ ਮਿੰਨਤ ਤਰਲਾ ਵੀ ਕਰ ਚੁੱਕਿਆ ਹੈ ਕਿ ਜਦ ਉਸਦਾ ਕੰਮਕਾਰ ਚੱਲ ਪਿਆ ਤਾਂ ਉਹ ਮੋਟਰਸਾਈਕਲ ਦੀਆਂ ਸਭ ਕਿਸ਼ਤਾ ਭਰ ਦਵੇਗਾ। ਪਰ ਬੈਂਕ ਉਸਦੀ ਕੋਈ ਸੁਣਵਾਈ ਨਹੀਂ ਕਰ ਰਿਹਾ ਜਿਸ ਤੋਂ ਦੁਖੀ ਹੋਏ ਉਸਨੇ ਆਪਣੇ ਆਪ ‘ਤੇ ਤੇਲ ਪਾਕੇ ਆਤਮਹੱਤਿਆ ਕਰਨ ਦਾ ਫੈ਼ਸਲਾ ਕਰ ਲਿਆ। ਪਰ ਖੁਸ਼ਕਿਸਮਤੀ ਨਾਲ ਉਸਨੂੰ ਇੱਕ ਪੁਲਿਸ ਅਧਿਕਾਰੀ ਨੇ ਬਚਾ ਲਿਆ ਅਤੇ ਬਾਅਦ ਵਿੱਚ ਉਸ ਨੇ ਮੋਟਰਸਾਈਕਲ ਤੇ ਤੇਲ ਪਾਕੇ ਉਸਨੂੰ ਸਾੜਨ ਦੀ ਕੋਸ਼ਿਸ਼ ਕੀਤੀ। ਪਰ ਮੌਕੇ ਤੇ ਮੌਜੂਦ ਕੁੱਝ ਲੋਕਾਂ ਅਤੇ ਪੁਲਿਸ ਨੇ ਉਸਨੂੰ ਅਜਿਹਾ ਕੁੱਝ ਵੀ ਨਹੀਂ ਕਰਨ ਦਿੱਤਾ। ਜਿਸ ਤੋਂ ਬਾਅਦ ਚੋਂਕ ਵਿੱਚ ਕਾਫੀ ਦੇਰ ਹਾਈ ਵੋਲਟੇਜ ਡਰਾਮਾ ਚੱਲਿਆ।