Health
ਕੋਰੋਨਾ ਕੇਸ ਦਾ ਨਵਾਂ ਰਿਕਾਰਡ ਆਇਆ ਸਾਹਮਣੇ,24 ਘੰਟਿਆਂ ‘ਚ 4 ਹਜ਼ਾਰ ਤੋਂ ਵੱਧ ਲੋਕ ਸੰਕਰਮਿਤ ਮਿਲੇ

ਦੇਸ਼ ‘ਚ ਇਕ ਵਾਰ ਫਿਰ ਤੋਂ ਕੋਰੋਨਾ ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ। ਇਨਫੈਕਸ਼ਨ ਕਾਰਨ ਜਾਨ ਗੁਆਉਣ ਵਾਲੇ ਲੋਕਾਂ ਦੀ ਗਿਣਤੀ ਵੀ ਵਧੀ ਹੈ। ਹਰ ਰੋਜ਼ ਮਿਲਣ ਵਾਲੇ ਨਵੇਂ ਮਰੀਜ਼ਾਂ ਦੇ ਮਾਮਲੇ ਵਿੱਚ ਭਾਰਤ ਪਹਿਲਾਂ ਹੀ ਦੁਨੀਆ ਦੇ ਚੋਟੀ ਦੇ 10 ਦੇਸ਼ਾਂ ਦੀ ਸੂਚੀ ਵਿੱਚ ਸ਼ਾਮਲ ਹੋ ਗਿਆ ਸੀ। ਹੁਣ ਭਾਰਤ ਵੀ ਮੌਤਾਂ ਦੇ ਮਾਮਲੇ ਵਿੱਚ ਟਾਪ-10 ਦੇਸ਼ਾਂ ਵਿੱਚ ਸ਼ਾਮਲ ਹੋ ਗਿਆ ਹੈ।
ਅੰਕੜਿਆਂ ਦੇ ਅਨੁਸਾਰ, ਦੇਸ਼ ਵਿੱਚ ਪਿਛਲੇ 24 ਘੰਟਿਆਂ ਵਿੱਚ ਰਿਕਾਰਡ 4,435 ਲੋਕ ਸੰਕਰਮਿਤ ਪਾਏ ਗਏ ਹਨ। ਇਹ ਪਿਛਲੇ 163 ਦਿਨਾਂ ਦੇ ਅੰਕੜਿਆਂ ਵਿੱਚ ਸਭ ਤੋਂ ਵੱਧ ਹੈ। ਇਸ ਨਾਲ ਦੇਸ਼ ਵਿੱਚ ਐਕਟਿਵ ਕੇਸਾਂ ਦੀ ਗਿਣਤੀ 23 ਹਜ਼ਾਰ 91 ਹੋ ਗਈ ਹੈ। ਐਕਟਿਵ ਕੇਸ ਦਾ ਮਤਲਬ ਹੈ ਉਹ ਮਰੀਜ਼ ਜੋ ਅਜੇ ਵੀ ਇਲਾਜ ਅਧੀਨ ਹਨ।
24 ਘੰਟਿਆਂ ਵਿੱਚ 15 ਮੌਤਾਂ, ਚਾਰ ਦਿਨਾਂ ਵਿੱਚ 40 ਮੌਤਾਂ
ਕੋਰੋਨਾ ਕਾਰਨ ਮੌਤਾਂ ਵੀ ਵਧੀਆਂ ਹਨ। ਪਿਛਲੇ 24 ਘੰਟਿਆਂ ਵਿੱਚ 15 ਲੋਕਾਂ ਦੀ ਜਾਨ ਚਲੀ ਗਈ ਹੈ। ਇਨ੍ਹਾਂ ਵਿੱਚੋਂ ਕੇਰਲ ਅਤੇ ਮਹਾਰਾਸ਼ਟਰ ਵਿੱਚ ਚਾਰ-ਚਾਰ ਮੌਤਾਂ ਹੋਈਆਂ ਹਨ। ਛੱਤੀਸਗੜ੍ਹ, ਦਿੱਲੀ, ਗੁਜਰਾਤ, ਹਰਿਆਣਾ, ਕਰਨਾਟਕ, ਪੁਡੂਚੇਰੀ ਅਤੇ ਰਾਜਸਥਾਨ ਵਿੱਚ ਇੱਕ-ਇੱਕ ਕਰੋਨਾ ਸੰਕਰਮਿਤ ਵਿਅਕਤੀ ਦੀ ਮੌਤ ਹੋ ਗਈ ਹੈ। ਹੁਣ ਤੱਕ ਸੰਕਰਮਣ ਕਾਰਨ ਕੁੱਲ 5 ਲੱਖ 30 ਹਜ਼ਾਰ 916 ਮੌਤਾਂ ਹੋ ਚੁੱਕੀਆਂ ਹਨ।
ਜੇਕਰ ਅੰਕੜਿਆਂ ‘ਤੇ ਨਜ਼ਰ ਮਾਰੀਏ ਤਾਂ ਪਿਛਲੇ ਚਾਰ ਦਿਨਾਂ ‘ਚ ਮੌਤਾਂ ਦੀ ਦਰ 200 ਫੀਸਦੀ ਵਧ ਗਈ ਹੈ। ਇਸ ਦੌਰਾਨ 40 ਲੋਕਾਂ ਦੀ ਜਾਨ ਚਲੀ ਗਈ। 1 ਅਪ੍ਰੈਲ ਨੂੰ ਪੰਜ ਲੋਕਾਂ ਦੀ ਮੌਤ ਹੋ ਗਈ ਸੀ। 2 ਅਪ੍ਰੈਲ ਨੂੰ 11, 3 ਅਪ੍ਰੈਲ ਨੂੰ 9 ਅਤੇ 4 ਅਪ੍ਰੈਲ ਨੂੰ 14 ਲੋਕਾਂ ਦੀ ਜਾਨ ਚਲੀ ਗਈ ਸੀ।