Punjab
ਅਬੋਹਰ ‘ਚ 30 ਫੁੱਟ ਦੀ ਉਚਾਈ ਤੋਂ ਹੇਠਾਂ ਡਿੱਗਿਆ ਝੂਲਾ,12 ਦੇ ਕਰੀਬ ਸਵਾਰ ਸਨ ਲੋਕ
ਅਬੋਹਰ 26june 2023: ਪੁਰਾਣੇ ਵਾਟਰ ਵਰਕਸ ਕੋਲ ਡਿਗੀਆਂ (ਆਭਾ ਚੌਕ) ‘ਚ ਚੱਲ ਰਹੇ ਅਬੋਹਰ ਕਾਰਨੀਵਲ ਮੇਲੇ ਦੌਰਾਨ ਝੂਲਾ ਡਿੱਗਣ ਨਾਲ ਭਗਦੜ ਮੱਚ ਗਈ। ਖੁਸ਼ਕਿਸਮਤੀ ਨਾਲ ਕੋਈ ਜਾਨੀ ਜਾਂ ਮਾਲੀ ਨੁਕਸਾਨ ਨਹੀਂ ਹੋਇਆ। ਕਰੀਬ 30 ਫੁੱਟ ਉੱਪਰ ਚੱਲ ਰਹੇ ਝੂਲੇ ਵਿੱਚ ਦਰਜਨਾਂ ਬੱਚੇ ਅਤੇ ਔਰਤਾਂ ਸਵਾਰ ਸਨ, ਜੋ ਕਿ ਵਾਲ-ਵਾਲ ਬਚ ਗਏ।
ਝੂਲੇ ਦੀ ਪ੍ਰੈਸ਼ਰ ਪਾਈਪ ਫਟਣ ਕਾਰਨ ਉਸ ਵਿੱਚੋਂ ਨਿਕਲਿਆ ਗਰਮ ਡੀਜ਼ਲ ਨੇੜਲੇ ਸਟੈਂਡ ’ਤੇ ਜਾ ਡਿੱਗਿਆ, ਜਿਸ ਕਾਰਨ ਮੇਲੇ ਵਾਲੀ ਥਾਂ ’ਤੇ ਭਗਦੜ ਮੱਚ ਗਈ। ਮੌਕੇ ‘ਤੇ ਮੌਜੂਦ ਲੋਕਾਂ ਦਾ ਕਹਿਣਾ ਹੈ ਕਿ ਝੂਲਾ ਹੌਲੀ-ਹੌਲੀ ਹੇਠਾਂ ਆ ਗਿਆ, ਜਿਸ ਕਾਰਨ ਲੋਕਾਂ ਦੀ ਜਾਨ ਬਚ ਗਈ। ਮੇਲੇ ਦੇ ਪ੍ਰਬੰਧਕਾਂ ਵੱਲੋਂ ਸੁਰੱਖਿਆ ਦੇ ਪੁਖਤਾ ਪ੍ਰਬੰਧ ਨਾ ਕੀਤੇ ਜਾਣ ਕਾਰਨ ਗੁੱਸੇ ਵਿੱਚ ਆਏ ਲੋਕਾਂ ਨੇ ਪ੍ਰਬੰਧਕਾਂ ਨਾਲ ਧੱਕਾ-ਮੁੱਕੀ ਵੀ ਕੀਤੀ। ਅਬੋਹਰ ਦੇ ਜਾਗਰੂਕ ਲੋਕਾਂ ਨੇ ਮੇਲੇ ਦੀ ਇਜਾਜ਼ਤ ਰੱਦ ਕਰਕੇ ਮੇਲਾ ਚੁਕਵਾਉਣ ਦੀ ਮੰਗ ਕੀਤੀ ਹੈ। ਐਤਵਾਰ ਹੋਣ ਕਾਰਨ ਮੇਲੇ ਵਾਲੀ ਥਾਂ ‘ਤੇ ਕਾਫੀ ਭੀੜ ਸੀ।