Punjab
AAP ਦੇ ਰਾਜ ਸਭਾ ਮੈਂਬਰ ਵੱਲੋਂ ਹੜ੍ਹ ਪੀੜ੍ਹਤਾਂ ਨੂੰ 5 ਕਰੋੜ ਰੁਪਏ ਦਾ ਕੀਤਾ ਐਲਾਨ
ਪੰਜਾਬ ਦੇ ਬਹੁਤ ਸਾਰੇ ਇਲਾਕਿਆਂ ਨੂੰ ਇਸ ਵੇਲੇ ਹੜ੍ਹਾਂ ਦੀ ਮਾਰ ਝੱਲਣੀ ਪੈ ਰਹੀ ਹੈ। ਇਸ ਦੇ ਚੱਲਦਿਆਂ ਪੰਜਾਬ ਦੀ ਆਪ ਸਰਕਾਰ ਦੇ ਨਾਲ ਨਾਲ ਹੋਰ ਵੱਡੇ ਲੀਡਰ ਵੀ ਪੀੜ੍ਹਤਾਂ ਦੀ ਮਦਦ ਕਰ ਰਹੇ ਹਨ। ਦੱਸ ਦੇਈਏ ਕਿ ਹੁਣ ਆਮ ਆਦਮੀ ਪਾਰਟੀ ਦੇ ਸੀਨੀਅਰ ਲੀਡਰ ਤੇ ਰਾਜ ਸਭਾ ਮੈਂਬਰ ਸੰਦੀਪ ਪਾਠਕ ਵੱਲੋਂ ਆਪਣੇ MP ਲੈਂਡ ਫੰਡ ‘ਚੋਂ ਫਿਰੋਜ਼ਪੁਰ ਲਈ 5 ਕਰੋੜ ਰੁਪਏ ਦੇਣ ਦਾ ਐਲਾਨ ਕੀਤਾ ਹੈ।

ਸੰਦੀਪ ਪਾਠਕ ਨੇ ਕਿਹਾ ਕਿ ਹੜ੍ਹ ਦੀ ਇਸ ਵੱਡੀ ਤਬਾਹੀ ਨੇ ਹਜ਼ਾਰਾਂ ਪਿੰਡਾਂ ਤੇ ਖੇਤਾਂ ਨੂੰ ਪਾਣੀ ਹੇਠ ਕਰ ਦਿੱਤਾ ਹੈ ਅਤੇ ਬੇਸ਼ੁਮਾਰ ਪਰਿਵਾਰਾਂ ਨੂੰ ਭਾਰੀ ਨੁਕਸਾਨ ਝੱਲਣਾ ਪੈ ਰਿਹਾ ਹੈ ਪਰ ਇਨ੍ਹਾਂ ਔਖੇ ਦਿਨਾਂ ‘ਚ ਵੀ ਸਾਡੀ ਹਿੰਮਤ ਕਦੇ ਟੁੱਟੀ ਨਹੀਂ। ਇਸ ਬਖ਼ਸ਼ੀ ਹੋਈ ਧਰਤੀ ਦੇ ਚੜ੍ਹਦੀ ਕਲਾ ਵਿਚ ਰਹਿਣ ਵਾਲੇ ਹਿੰਮਤੀ ਲੋਕ, ਪੰਜਾਬ ਦੀ ਸਰਕਾਰ, ਫ਼ੌਜ, NDRF-ਦਿਨ ਰਾਤ ਮੋਰਚੇ ‘ਤੇ ਖੜ੍ਹੇ ਹੋ ਕੇ ਸਾਡੇ ਲੋਕਾਂ ਨੂੰ ਬਚਾਉਣ ਅਤੇ ਪਿੰਡਾਂ ਨੂੰ ਮੁੜ ਸੁਰਜੀਤ ਕਰਨ ਲਈ ਜੁਟੇ ਹੋਏ ਹਨ।
ਪਾਠਕ ਨੇ ਕਿਹਾ ਕਿ ਤੁਹਾਡੇ ਨੁਮਾਇੰਦੇ ਵਜੋਂ ਮੈਂ ਆਪਣੇ MP ਲੈਂਡ ਫੰਡ ‘ਚੋਂ ₹5 ਕਰੋੜ ਫਿਰੋਜ਼ਪੁਰ ਲਈ ਹੜ੍ਹ ਰਾਹਤ ਤੇ ਨੁਕਸਾਨੀ ਇੰਫ੍ਰਾਸਟ੍ਰਕਚਰ ਦੀ ਮੁੜ ਤਾਮੀਰ ਲਈ ਸਮਰਪਿਤ ਕਰਦਾ ਹਾਂ। ਉਨ੍ਹਾਂ ਨੇ ਸਾਰਿਆਂ ਨੂੰ ਰਲ਼-ਮਿਲ ਕੇ ਪੰਜਾਬ ਨੂੰ ਮੁੜ ਤੋਂ ਹਸਦਾ ਵਸਦਾ ਕਰਨ, ਅਤੇ ਨਵੀਂ ਤਾਕਤ ਨਾਲ ਅੱਗੇ ਵਧਾਉਣ ਲਈ ਮੋਢੇ ਨਾਲ ਮੋਢਾ ਜੋੜਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਇਹ ਬਿਪਤਾ ਸਾਨੂੰ ਹੋਰ ਮਜ਼ਬੂਤ ਬਣਾਵੇਗੀ।
