Uncategorized
ਫਿਰੋਜ਼ਪੁਰ ਤੋਂ ਮਾਈਨਿੰਗ ਅਫ਼ਸਰ `ਤੇ ਹਮਲੇ ਦਾ ਦੋਸ਼ੀ ਗ੍ਰਿਫ਼ਤਾਰ
ਵਿਪਨ ਕੁਮਾਰ ਕੰਬੋਜ, ਮਾਈਨਿੰਗ ਅਫਸਰ, ਫਿਰੋਜ਼ਪੁਰ ਦੇ ਬਿਆਨ `ਤੇ 04.03.2021 ਨੂੰ ਆਈ.ਪੀ.ਸੀ. ਦੀ ਧਾਰਾ 186 (ਸਰਕਾਰੀ ਕਰਮਚਾਰੀ ਦੇ ਕੰਮ ਵਿੱਚ ਰੁਕਾਵਟ ਪਾਉਣ), 353 (ਸਰਕਾਰੀ ਕਰਮਚਾਰੀ ਨੂੰ ਆਪਣੀ ਜ਼ਿੰਮੇਵਾਰੀ ਨਿਭਾਉਣ ਤੋਂ ਰੋਕਣ ਲਈ ਹਮਲਾ ਜਾਂ ਅਪਰਾਧਕ ਕਾਰਵਾਈ) 427 (ਸ਼ਰਾਰਤ), 148 (ਮਾਰੂ ਹਥਿਆਰ ਨਾਲ ਦੰਗੇ), 149 (ਗੈਰਕਾਨੂੰਨੀ ਇਕੱਠ), 379 (ਚੋਰੀ) ਅਤੇ ਮਾਈਨਜ਼ ਐਂਡ ਮਿਨਰਲਜ਼ (ਡਿਵੈਲਪਮੈਂਟ ਐਂਡ ਰੈਗੂਲੇਸ਼ਨ) ਐਕਟ ਦੀ ਧਾਰਾ 21 (3) ਤਹਿਤ ਪੁਲਿਸ ਥਾਣਾ ਘੱਲ ਖੁਦ ਜ਼ਿਲ੍ਹਾ ਫਿਰੋਜ਼ਪੁਰ ਵਿਖੇ ਐਫ.ਆਈ.ਆਰ. ਦਰਜੀ ਕੀਤੀ ਗਈ ਸੀ।
04.03.2021 ਦੀ ਰਾਤ ਨੂੰ ਮਾਈਨਿੰਗ ਅਫ਼ਸਰ, ਫਿਰੋਜ਼ਪੁਰ ਵਿਪਨ ਕੁਮਾਰ ਕੰਬੋਜ਼ ਨੇ ਗੁਪਤ ਸੂਚਨਾ ਦੇ ਆਧਾਰ `ਤੇ ਪਿੰਡ ਗਿੱਲ ਮੁਦਕੀ ਵਿਖੇ ਗੈਰਕਨੂੰਨੀ ਮਾਈਨਿੰਗ ਸਾਈਟ `ਤੇ ਛਾਪਾ ਮਾਰਿਆ। ਜਦੋਂ ਮਾਈਨਿੰਗ ਅਧਿਕਾਰੀ ਆਪਣੇ ਸਟਾਫ ਦੇ ਨਾਲ ਮੌਕੇ `ਤੇ ਪਹੁੰਚੇ, ਉਨ੍ਹਾਂ ਨੇ ਦੇਖਿਆ ਕਿ ਸੜਕ ਨੂੰ ਇਕ ਟਰੈਕਟਰ ਜਿਸਦਾ ਨੰਬਰ ਪੀਬੀ 05 ਐਚ 4158 ਹੈ, ਅਤੇ ਗੈਰ ਕਾਨੂੰਨੀ ਖਣਨ ਕਰਕੇ ਰੇਤ ਨਾਲ ਭਰੀ ਟਰਾਲੀ ਨਾਲ ਬੰਦ ਕੀਤਾ ਹੋਇਆ ਸੀ। ਜਦੋਂ ਮਾਈਨਿੰਗ ਅਫਸਰ ਨੇ ਗੈਰਕਾਨੂੰਨੀ ਖਣਨ ਕਰਕੇ ਰੇਤ ਨਾਲ ਭਰੇ ਟਰੈਕਟਰ/ਟਰਾਲੀ ਬਾਰੇ ਪੁੱਛਿਆ ਤਾਂ ਸੁਖਚੈਨ ਸਿੰਘ ਉਰਫ ਚੈਨਾ ਸਮੇਤ ਕੁਝ ਅਣਪਛਾਤੇ ਵਿਅਕਤੀਆਂ ਨੇ ਉਨ੍ਹਾਂ `ਤੇ ਹਮਲਾ ਕਰ ਦਿੱਤਾ ਅਤੇ ਮਾਈਨਿੰਗ ਅਧਿਕਾਰੀ ਦੀ ਗੱਡੀ ਨੂੰ ਨੁਕਸਾਨ ਪਹੁੰਚਿਆ ਗਿਆ।
ਇਨਫੋਰਸਮੈਂਟ ਡਾਇਰੈਕਟਰ ਮਾਈਨਿੰਗ, ਪੰਜਾਬ, ਆਰ.ਐਨ. ਢੋਕੇ ਦੇ ਨਿਰਦੇਸ਼ਾਂ `ਤੇ ਫਿਰੋਜ਼ਪੁਰ ਪੁਲਿਸ 13.04.2021 ਨੂੰ ਮੁੱਖ ਦੋਸ਼ੀ ਸੁਖਚੈਨ ਸਿੰਘ ਉਰਫ ਚੈਨਾ ਨੂੰ ਗ੍ਰਿਫਤਾਰ ਕਰਨ ਵਿੱਚ ਸਫ਼ਲ ਰਹੀ। ਈਡੀ ਮਾਈਨਿੰਗ ਨੇ ਐਸ.ਐਸ.ਪੀ. ਫਿਰੋਜ਼ਪੁਰ ਨੂੰ ਇਸ ਕੇਸ ਦੇ ਬਾਕੀ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਅਤੇ ਪਹਿਲ ਦੇ ਅਧਾਰ ’ਤੇ ਅਦਾਲਤ ਵਿੱਚ ਚਲਾਨ ਪੇਸ਼ ਕਰਨ ਦੀ ਹਦਾਇਤ ਕੀਤੀ ਹੈ।