Punjab
ਕੈਨੇਡਾ ਤੋਂ ਬਾਅਦ ਹੁਣ ਦੁਬਈ ‘ਚ ਪੰਜਾਬੀ ਨੌਜਵਾਨ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ

JALANDHAR : ਜਲੰਧਰ ਛਾਉਣੀ ਦੇ ਜਮਸ਼ੇਰ ਕਸਬੇ ਪੱਟੀ ਸੇਖੋਂ ਦੇ ਰਹਿਣ ਵਾਲੇ 34 ਸਾਲਾ ਨੌਜਵਾਨ ਦਾ ਦੁਬਈ ‘ਚ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਛਾਣ ਪੰਕਜ ਦੌਲ ਪੁੱਤਰ ਬਲਵਿੰਦਰ ਦੌਲ ਵਜੋਂ ਹੋਈ ਹੈ। ਉਸ ਦੇ ਛੋਟੇ ਭਰਾ ਗੁਰਪ੍ਰੀਤ ਗੋਪੀ ਦੌਲ, ਜੋ ਉਸ ਦੇ ਨਾਲ ਦੁਬਈ ਵਿਚ ਰਹਿੰਦਾ ਹੈ| ਰਾਤ 9.30 ਵਜੇ ਫੋਨ ਕਰਕੇ ਉਸ ਦੇ ਪਰਿਵਾਰ ਨੂੰ ਉਸ ਦੀ ਮੌਤ ਦੀ ਸੂਚਨਾ ਦਿੱਤੀ।
ਗੋਪੀ ਨੇ ਦੱਸਿਆ ਕਿ ਪੰਕਜ ਦੌਲ ਕੱਲ੍ਹ ਐਤਵਾਰ ਨੂੰ ਦੁਬਈ ਦੇ ਅਲਕੋਜ਼ ਸ਼ਹਿਰ ਸਥਿਤ ਗੁਰਦੁਆਰਾ ਸਾਹਿਬ ਤੋਂ ਘਰ ਪਰਤ ਰਿਹਾ ਸੀ। ਇਸੇ ਦੌਰਾਨ ਰਸਤੇ ਵਿੱਚ ਪੱਗੜੀ ਬੰਨ੍ਹੇ ਇੱਕ ਨੌਜਵਾਨ ਨੇ ਉਸ ਨੂੰ ਘੇਰ ਲਿਆ ਅਤੇ ਮਾਮੂਲੀ ਝਗੜੇ ਮਗਰੋਂ ਉਸ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਉਸ ਦਾ ਕਤਲ ਕਰ ਦਿੱਤਾ। ਕਾਤਲ ਪੰਕਜ ਨੂੰ ਖੂਨ ਨਾਲ ਲੱਥਪੱਥ ਛੱਡ ਕੇ ਮੌਕੇ ਤੋਂ ਫਰਾਰ ਹੋ ਗਿਆ। ਪੰਕਜ ਦੇ ਦੋਸਤਾਂ ਨੇ ਵੀ ਉਸ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹ ਫੜਿਆ ਨਹੀਂ ਗਿਆ। ਇਸ ਸਬੰਧੀ ਅਲਕੋਜ਼ ਸਿਟੀ ਪੁਲਿਸ ਨੂੰ ਸੂਚਿਤ ਕੀਤਾ ਗਿਆ ਤਾਂ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਪੰਕਜ ਦੀ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਕਾਰਵਾਈ ਕਰਨ ਤੋਂ ਬਾਅਦ ਪੁਲਸ ਨੇ ਪਗੜੀਧਾਰੀ ਕਾਤਲ ਨੂੰ ਕਾਬੂ ਕਰ ਲਿਆ ਹੈ ਅਤੇ ਉਸ ਤੋਂ ਪੰਕਜ ਦੇ ਕਤਲ ਲਈ ਪੁੱਛਗਿੱਛ ਕੀਤੀ ਜਾ ਰਹੀ ਹੈ। ਪਰਿਵਾਰ ਤੋਂ ਮਿਲੀ ਜਾਣਕਾਰੀ ਮੁਤਾਬਿਕ ਪੰਕਜ 13 ਸਾਲ ਪਹਿਲਾਂ ਦੁਬਈ ਗਿਆ ਸੀ। ਉੱਥੇ ਉਹ ਇੱਕ ਕੰਪਨੀ ਵਿੱਚ ਫੋਰਮੈਨ ਵਜੋਂ ਕੰਮ ਕਰਦਾ ਸੀ। ਉਹ ਕਰੀਬ ਇੱਕ ਸਾਲ ਬਾਅਦ ਛੁੱਟੀ ‘ਤੇ ਆਉਂਦਾ ਸੀ। 5 ਮਹੀਨੇ ਪਹਿਲਾਂ ਵੀ ਉਹ ਕਿਸੇ ਰਿਸ਼ਤੇਦਾਰ ਦੇ ਵਿਆਹ ਸਮਾਗਮ ਵਿੱਚ ਸ਼ਾਮਲ ਹੋਣ ਲਈ ਆਇਆ ਸੀ ਅਤੇ 10 ਦਿਨ ਰੁਕ ਕੇ ਵਾਪਸ ਚਲਾ ਗਿਆ ਸੀ। ਉਸ ਦੀ ਮੌਤ ਦੀ ਖ਼ਬਰ ਮਿਲਦਿਆਂ ਹੀ ਪਰਿਵਾਰ ਵਿੱਚ ਸੋਗ ਦੀ ਲਹਿਰ ਦੌੜ ਗਈ |