Punjab
AGTF ਨੂੰ ਮਿਲੀ ਵੱਡੀ ਕਾਮਯਾਬੀ,ਅੱਤਵਾਦੀ ਹਰਵਿੰਦਰ ਰਿੰਦਾ ਦੇ 6 ਸਾਥੀਆਂ ਨੂੰ ਕੀਤਾ ਗ੍ਰਿਫਤਾਰ
31ਅਗਸਤ 2023: ਪੰਜਾਬ ਪੁਲਿਸ ਦੀ ਐਂਟੀ ਗੈਂਗਸਟਰ ਟਾਸਕ ਫੋਰਸ ਨੇ ਆਈਐਸਆਈ ਦੇ ਸਹਿਯੋਗੀ ਨਾਲ ਛੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ ਸਾਰੇ ਪਾਕਿਸਤਾਨ ਵਿੱਚ ਬੈਠੇ ਅੱਤਵਾਦੀ ਹਰਿੰਦਰ ਸਿੰਘ ਰਿੰਦਾ ਦੇ ਸੰਪਰਕ ਵਿੱਚ ਸਨ। ਪੁਲੀਸ ਨੇ ਇਨ੍ਹਾਂ ਕੋਲੋਂ 20 ਕਾਰਤੂਸ ਅਤੇ ਪੰਜ ਪਿਸਤੌਲ ਬਰਾਮਦ ਕੀਤੇ ਹਨ। ਗ੍ਰਿਫ਼ਤਾਰ ਮੁਲਜ਼ਮਾਂ ਵਿੱਚੋਂ ਇੱਕ 23 ਅਪਰੈਲ ਨੂੰ ਪਟਿਆਲਾ ਵਿੱਚ ਹੋਏ ਕਤਲ ਵਿੱਚ ਵੀ ਸ਼ਾਮਲ ਸੀ।
ਮੁਲਜ਼ਮ ਖ਼ਿਲਾਫ਼ ਐਂਟੀ ਗੈਂਗਸਟਰ ਟਾਸਕ ਫੋਰਸ ਦੇ ਮੁਹਾਲੀ ਥਾਣੇ ਵਿੱਚ ਕੇਸ ਦਰਜ ਕੀਤਾ ਗਿਆ ਹੈ। ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਮੁਲਜ਼ਮਾਂ ਦਾ ਮਕਸਦ ਪੰਜਾਬ ਵਿੱਚ ਸਨਸਨੀ ਫੈਲਾਉਣ ਵਾਲੀ ਵੱਡੀ ਵਾਰਦਾਤ ਨੂੰ ਅੰਜਾਮ ਦੇਣਾ ਸੀ। ਇਸ ਬਹਾਨੇ ਉਹ ਪੰਜਾਬ ਦੀ ਅਮਨ-ਕਾਨੂੰਨ ਨੂੰ ਵਿਗਾੜਨਾ ਚਾਹੁੰਦੇ ਸਨ। ਇਸ ਮਹੀਨੇ ਫੜਿਆ ਗਿਆ ਇਹ ਤੀਜਾ ਆਈਐਸਆਈ ਸਮਰਥਤ ਸਮੂਹ ਹੈ। ਇਸ ਤੋਂ ਪਹਿਲਾਂ 15 ਅਗਸਤ ਨੂੰ ਦੋ ਅਜਿਹੇ ਗਿਰੋਹ ਫੜੇ ਗਏ ਸਨ ਜੋ ਸਰਹੱਦ ਪਾਰੋਂ ਨਸ਼ਾ ਤਸਕਰੀ ਅਤੇ ਹਥਿਆਰਾਂ ਦੀ ਤਸਕਰੀ ਕਰਦੇ ਸਨ।