Connect with us

Punjab

ਅਕਾਲੀ ਦਲ ਬਨਾਮ ਅਕਾਲੀ ਦਲ, ਅੰਮ੍ਰਿਤਪਾਲ ਅਤੇ ਰਾਸ਼ਟਰੀ ਪਾਰਟੀਆਂ

Published

on

ਪੰਜਾਬ ਅੰਦਰ ਜੋ ਇਸ ਸਮੇਂ ਸਿਆਸੀ ਮਹੌਲ ਬਣਿਆ ਹੈ ਉਹ ਕਾਫੀ ਦਿਲਚਸਪ ਹੈ। ਬਾਗ਼ੀ ਅਕਾਲੀਆਂ ਵੱਲੋਂ ਬਣਾਏ ਗਏ ਨਵੇਂ ਅਕਾਲੀ ਦਲ ਨਾਲ ਸਿੱਖ ਸਿਆਸਤ ਦਾ ਟਕਰਾਓ ਆਪਸ ਵਿੱਚ ਹੀ ਹੁੰਦਾ ਨਜ਼ਰ ਆ ਰਿਹਾ ਹੈ। ਬਾਦਲ ਦਲ ਅਤੇ ਗਿਆਨੀ ਹਰਪ੍ਰੀਤ ਸਿੰਘ ਦਾ ਅਕਾਲੀ ਦਲ ਦੋਵੇਂ ਹੀ ਇਸ ਮੁੱਦੇ ਉੱਪਰ ਜ਼ਿਆਦਾ ਜ਼ੋਰ ਦੇ ਰਹੇ ਹਨ ਕਿ ਪੰਜਾਬ ਦੇ ਲੋਕ ਕਿਹੜੇ ਅਕਾਲੀ ਦਲ ਨੂੰ ਮਾਨਤਾ ਦਿੰਦੇ ਹਨ। ਇਸ ਤਰ੍ਹਾਂ ਇਸ ਮੌਕੇ ਅਕਾਲੀ ਦਲ ਬਨਾਮ ਅਕਾਲੀ ਦਲ ਵਾਲਾ ਮਹੌਲ ਬਣਿਆ ਹੋਇਆ ਹੈ। ਇਸ ਸਮੇਂ ਗਿਆਨੀ ਹਰਪ੍ਰੀਤ ਸਿੰਘ ਵੱਧ ਤੋਂ ਵੱਧ ਪੁਰਾਣੇ ਟਕਸਾਲੀ ਅਕਾਲੀ ਆਗੂਆਂ ਨੂੰ ਨਾਲ ਜੋੜਨ ਦੀ ਪੂਰੀ ਵਾਹ ਲਗਾ ਰਹੇ ਹਨ। ਇਸੇ ਤਰ੍ਹਾਂ ਹੀ ਸੁਖਬੀਰ ਸਿੰਘ ਬਾਦਲ ਵੀ ਰੁੱਸਿਆ ਨੂੰ ਮਨਾਉਣ ਲਈ ਨਿਕਲੇ ਹੋਏ ਹਨ। ਹੁਣ ਦੋਵਾਂ ਅਕਾਲੀ ਦਲਾਂ ਦਾ ਧਿਆਨ ਤਰਨ ਤਾਰਨ ਜ਼ਿਮਨੀ ਚੋਣ ਵੱਲ ਹੈ। ਜ਼ਿਮਨੀ ਚੋਣਾਂ ਜ਼ਿਆਦਾਤਰ ਸ਼ਾਸਕ ਪਾਰਟੀ ਹੀ ਜਿੱਤਦੀ ਹੈ ਲੇਕਿਨ ਬਾਦਲ ਦਲ ਅਤੇ ਗਿਆਨੀ ਹਰਪ੍ਰੀਤ ਸਿੰਘ ਦੇ ਦਲ ਵੱਲੋਂ ਇੱਕ ਦੂਜੇ ਨਾਲੋਂ ਵੱਧ ਵੋਟਾਂ ਲੈਣ ਲਈ ਜ਼ੋਰ ਲਾਇਆ ਜਾਣਾ ਹੈ ਨਾ ਕਿ ਚੋਣ ਜਿੱਤਣ ਵਾਸਤੇ। ਇੱਥੇ ਇਹ ਵੇਖਣਾ ਹੋਵੇਗਾ ਕਿ ਕਿਹੜੇ ਅਕਾਲੀ ਦਲ ਦੀ ਜ਼ਮਾਨਤ ਜ਼ਬਤ ਹੁੰਦੀ ਹੈ ਅਤੇ ਕਿਹੜੇ ਅਕਾਲੀ ਦਲ ਦੀ ਜ਼ਮਾਨਤ ਬਚਦੀ ਹੈ। ਇੱਥੇ ਜਿਹੜਾ ਅਕਾਲੀ ਦਲ ਦੂਜੇ ਅਕਾਲੀ ਦਲ ਤੋਂ ਵੱਧ ਵੋਟਾਂ ਲਵੇਗਾ ਉਹ ਇਹ ਦਾਅਵਾ ਕਰੇਗਾ ਕਿ ਉਹ ਅਸਲ ਅਕਾਲੀ ਦਲ ਹੈ। ਤਰਨ ਤਾਰਨ ਸੀਟ ਲਈ ਗਿਆਨੀ ਹਰਪ੍ਰੀਤ ਸਿੰਘ ਦਾ ਅਕਾਲੀ ਦਲ ਅੰਮ੍ਰਿਤਪਾਲ ਸਿੰਘ ਦੀ ਪਾਰਟੀ ਵਾਰਿਸ ਪੰਜਾਬ ਦੇ ਨਾਲ ਮਿਲ ਕੇ ਚੋਣ ਲੜਨ ਦੀ ਸੋਚ ਰਿਹਾ ਹੈ। ਅਗਰ ਗਿਆਨੀ ਹਰਪ੍ਰੀਤ ਸਿੰਘ ਵਾਲਾ ਅਕਾਲੀ ਦਲ ਅੰਮ੍ਰਿਤਪਾਲ ਸਿੰਘ ਦੀ ਪਾਰਟੀ ਨਾਲ ਗਠਜੋੜ ਕਰਦਾ ਹੈ ਤਾਂ ਤਰਨ ਤਾਰਨ ਜ਼ਿਮਨੀ ਚੋਣ ਵਿੱਚ ਭਾਵੇਂ ਬਾਦਲ ਦਲ ਨੂੰ ਪਛਾੜ ਦੇਵੇ ਅਤੇ ਇਹ ਦਾਅਵਾ ਵੀ ਕਰੇ ਕਿ ਉਹ ਹੀ ਅਸਲ ਅਕਾਲੀ ਦਲ ਹੈ ਪਰ ਇਸਦਾ ਉਸਨੂੰ ਓਵਰ ਆਲ ਨੁਕਸਾਨ ਹੋਵੇਗਾ ।

ਪੰਜਾਬ ਪੱਧਰ ‘ਤੇ ਸ਼ਾਇਦ ਲੋਕ ਇਸ ਗੱਲ ਨੂੰ ਸਵੀਕਾਰ ਨਹੀਂ ਕਰਨਗੇ ਕਿ ਨਵਾਂ ਅਕਾਲੀ ਦਲ ਖਾਲਿਸਤਾਨ ਦੀ ਮੰਗ ਕਰਨ ਵਾਲੀ ਪਾਰਟੀ ਨਾਲ ਗਠਜੋੜ ਕਰੇ। ਖਾਡੂਰ ਸਾਹਿਬ ਦੀ ਲੋਕ ਸਭਾ ਸੀਟ ਜਿੱਤਣ ਨਾਲ ਇਹ ਨਹੀਂ ਸਮਝ ਲੈਣਾ ਚਾਹੀਦਾ ਕਿ ਖਾਲਿਸਤਾਨੀ ਆਗੂ ਅੰਮ੍ਰਿਤਪਾਲ ਨੂੰ ਪੂਰੇ ਪੰਜਾਬ ਨੇ ਸਵੀਕਾਰ ਕਰ ਲਿਆ ਹੈ। ਇਹ ਪਹਿਲੀ ਵਾਰ ਨਹੀਂ ਹੋਇਆ ਕਿ ਪੰਜਾਬ ਅੰਦਰ ਬਾਦਲ ਦਲ ਦੇ ਖਿਲਾਫ ਕੋਈ ਨਵਾਂ ਅਕਾਲੀ ਦਲ ਖੜ੍ਹਾ ਹੋਇਆ ਹੈ। ਇੱਕ ਸਮਾਂ ਸੀ ਜਦੋਂ ਪੰਜਾਬ ਵਿੱਚ ਤੇਰਾਂ ਅਕਾਲੀ ਦਲ ਬਣ ਗਏ ਸਨ ਪਰ ਜ਼ਿਆਦਾਤਰ ਗਰਮ ਦਲੀਏ ਹੋਣ ਕਰਕੇ ਪਿਟ ਗਏ ਅਤੇ ਲਾਭ ਬਾਦਲ ਦਲ ਨੂੰ ਹੋਇਆ ਸੀ। ਪੰਜਾਬ ਦਾ ਇਹ ਵੀ ਇਤਿਹਾਸ ਰਿਹਾ ਹੈ ਕਿ ਕੇਵਲ ਇੱਕ ਵਾਰ ਨੂੰ ਛੱਡ ਕੇ ਜ਼ਿਆਦਾਤਰ ਪੰਜਾਬ ਦੇ ਲੋਕਾਂ ਨੇ ਕੱਟੜ ਪੰਥੀਆਂ ਨੂੰ ਨਕਾਰਿਆ ਹੀ ਹੈ। ਇਸ ਲਈ ਅਗਰ ਗਿਆਨੀ ਹਰਪ੍ਰੀਤ ਸਿੰਘ ਦੀ ਪਾਰਟੀ ਅੰਮ੍ਰਿਤਪਾਲ ਸਿੰਘ ਦੀ ਪਾਰਟੀ ਨਾਲ ਗਠਜੋੜ ਕਰਦੀ ਹੈ ਤਾਂ ਪੰਜਾਬ ਪੱਧਰ ‘ਤੇ ਬਾਦਲ ਦਲ ਇਸਨੂੰ ਪਛਾੜ ਦੇਵੇਗਾ। ਗਿਆਨੀ ਹਰਪ੍ਰੀਤ ਸਿੰਘ ਦੇ ਧੜੇ ਨੂੰ ਇਹ ਵੀ ਸਮਝ ਲੈਣਾ ਚਾਹੀਦਾ ਹੈ ਕਿ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਦੋ ਗੱਲਾਂ ਨੂੰ ਧਿਆਨ ਵਿੱਚ ਰੱਖਦਿਆਂ ਅਕਾਲੀ ਦਲ ਦੇ ਦੋਵਾਂ ਧੜਿਆਂ ਵਿੱਚੋਂ ਇੱਕ ਨਾਲ ਗਠਜੋੜ ਕਰੇਗੀ। ਇੱਕ ਤਾਂ ਇਹ ਕਿ ਪੰਜਾਬ ਦੇ ਲੋਕ ਕਿਹੜੇ ਅਕਾਲੀ ਦਲ ਨੂੰ ਪ੍ਰਵਾਨ ਕਰਦੇ ਹਨ ਅਤੇ ਇਸਦਾ ਪਤਾ ਸ਼੍ਰੋਮਣੀ ਗੁਰਦੁਆਰਾ ਕਮੇਟੀ ਦੀਆਂ ਚੋਣਾਂ ਮਗਰੋਂ ਲੱਗੇਗਾ। ਦੂਜੀ ਗੱਲ ਦਾ ਜੋ ਭਾਜਪਾ ਧਿਆਨ ਰੱਖੇਗੀ ਉਹ ਇਹ ਹੋਵੇਗੀ ਕਿ ਉਹ ਖਾਲਿਸਤਾਨੀ ਸੋਚ ਵਾਲੇ ਲੋਕਾਂ ਤੋਂ ਦੂਰੀ ਬਣਾ ਕੇ ਰੱਖੇਗੀ। ਸੁਖਬੀਰ ਸਿੰਘ ਬਾਦਲ ਦਾ ਧੜਾ ਅਜੇ ਪੂਰੀ ਤਰ੍ਹਾਂ ਹਾਸ਼ੀਏ ‘ਤੇ ਨਹੀਂ ਆਇਆ। ਬਾਦਲ ਦਲ ਗਿਆਨੀ ਹਰਪ੍ਰੀਤ ਸਿੰਘ ਦੇ ਦਲ ਉੱਪਰ ਪੈਸੇ ਦੀ ਪਾਵਰ ਨਾਲ ਵੀ ਹਾਵੀ ਰਹੇਗਾ।

ਗਿਆਨੀ ਹਰਪ੍ਰੀਤ ਸਿੰਘ ਦੀ ਪਾਰਟੀ ਨੂੰ ਅਜੇ ਫੰਡ ਜੁਟਾਉਣੇ ਪੈਣਗੇ, ਇਕੱਲਾ ਕੋਈ ਆਗੂ ਖੁੱਲ੍ਹਾ ਪੈਸਾ ਨਹੀਂ ਸੁੱਟੇਗਾ ਪਰ ਸੁਖਬੀਰ ਸਿੰਘ ਬਾਦਲ ਹਰ ਹੀਲਾ ਵਰਤੇਗਾ। ਇਸ ਮੌਕੇ ਮੁਕਾਬਲਾ ਦੋਵਾਂ ਅਕਾਲੀ ਦਲਾਂ ਦਾ ਹੀ ਰਿਹਾ ਹੈ ਅਤੇ ਆਪਣੀ ਆਪਣੀ ਪਛਾਣ ਬਣਾਉਣ ਦੀ ਦੌੜ ਚੱਲ ਰਹੀ ਹੈ। ਅਕਾਲੀ ਦਲ ਬਨਾਮ ਅਕਾਲੀ ਦਲ ਦੀ ਲੜਾਈ ਦਾ ਲਾਭ ਰਾਸ਼ਟਰੀ ਪਾਰਟੀਆਂ ਨੂੰ ਹੋਵੇਗਾ। ਦੋਵੇਂ ਦਲ ਆਪਸ ਵਿੱਚ ਲੜਦੇ ਰਹਿਣਗੇ ਤੇ ਬਾਜ਼ੀ ਆਪ ਜਾਂ ਕਾਂਗਰਸ ਪਾਰਟੀ ਮਾਰ ਜਾਵੇਗੀ। ਭਾਜਪਾ ਦਾ ਅਜੇ ਓਨਾ ਅਧਾਰ ਪੰਜਾਬ ਅੰਦਰ ਨਹੀਂ ਹੈ ਕਿ ਉਹ ਇਕੱਲਿਆ ਸਰਕਾਰ ਬਣਾ ਸਕੇ। ਜੇਕਰ ਗਿਆਨੀ ਹਰਪ੍ਰੀਤ ਸਿੰਘ ਦੇ ਅਕਾਲੀ ਦਲ ਨੇ ਬਾਦਲ ਦਲ ਨੂੰ ਪਛਾੜਨਾ ਹੈ ਤਾਂ ਉਸਨੂੰ ਪੂਰੇ ਪੰਜਾਬ ਦੇ ਲੋਕਾਂ ਦੇ ਮੂਡ ਨੂੰ ਸਮਝਣਾ ਪਵੇਗਾ ਨਾ ਕਿ ਕਿਸੇ ਇੱਕ ਹਲਕੇ ਦੇ ਜਾਂ ਇੱਕ ਫਿਰਕੇ ਲੋਕਾਂ ਦੇ ਮੂਡ ਨੂੰ। ਗਿਆਨੀ ਹਰਪ੍ਰੀਤ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਸੈਕੂਲਰ ਸੋਚ ਅਪਣਾਉਣ ਦੀ ਲੋੜ ਹੈ ਨਾ ਕਿ ਕੱਟੜ ਪੰਥੀਆਂ ਨਾਲ ਜੁੜਨ ਦੀ। ਖ਼ੇਤਰੀ ਪਾਰਟੀ ਨੂੰ ਮਜ਼ਬੂਤ ਕਰਨ ਲਈ ਪੰਜਾਬ ਖੇਤਰ ਦੇ ਸਮੁੱਚੇ ਲੋਕਾਂ ਦੀ ਨੁਮਾਇੰਦਗੀ ਕਰਨੀ ਹੋਵੇਗੀ। ਆਖਿਰ ਵਿੱਚ ਅਸੀਂ ਇਹ ਹੀ ਕਹਾਂਗੇ ਕਿ ਜਿਹੜਾ ਅਕਾਲੀ ਦਲ ਸਮੁੱਚੇ ਪੰਜਾਬ ਵਾਸੀਆਂ ਦੀ ਆਵਾਜ਼ ਬਣੇਗਾ ਪੰਜਾਬ ਦੇ ਲੋਕ ਉਸੇ ਨੂੰ ਪ੍ਰਵਾਨ ਕਰਨਗੇ। ਬਾਕੀ ਸਮੇਂ ‘ਤੇ ਛੱਡਦੇ ਹਾਂ ਸਮਾਂ ਹੀ ਦੱਸੇਗਾ ਕਿ ਕੌਣ ਕਿੰਨੇ ਪਾਣੀ ਵਿੱਚ ਹੈ ?

ਕੁਲਵੰਤ ਸਿੰਘ ਗੱਗੜਪੁਰੀ