Connect with us

Punjab

ਡੇਅਰੀ ਸਿਖਲਾਈ ਕੋਰਸ ਲਈ ਬਿਨੈਕਾਰਾਂ ਪਾਸੋਂ ਮੰਗੀਆਂ ਅਰਜ਼ੀਆਂ

Published

on

ਪਟਿਆਲਾ:

ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਡੇਅਰੀ ਦੇ ਕਿੱਤੇ ਨੂੰ ਪ੍ਰਫੁਲਿਤ ਕਰਨ ਲਈ ਕੀਤੇ ਜਾ ਰਹੇ ਯਤਨਾਂ ਤਹਿਤ ਕਿੱਤੇ ਦੀ ਤਕਨੀਕੀ ਜਾਣਕਾਰੀ ਦੇਣ ਲਈ ਡੇਅਰੀ ਵਿਕਾਸ ਵਿਭਾਗ ਵੱਲੋਂ ਸਿਖਲਾਈ ਕੋਰਸ ਚਲਾਏ ਜਾ ਰਹੇ ਹਨ। ਇਸ ਤਹਿਤ 3 ਅਕਤੂਬਰ ਤੋਂ ਪੰਜਾਬ ਡੇਅਰੀ ਵਿਕਾਸ ਬੋਰਡ ਵੱਲੋਂ ਡੇਅਰੀ ਉੱਦਮ ਸਿਖਲਾਈ ਕੋਰਸ ਸ਼ੁਰੂ ਕੀਤਾ ਜਾ ਰਿਹਾ ਹੈ।

ਇਸ ਬਾਰੇ ਜਾਣਕਾਰੀ ਦਿੰਦਿਆਂ ਡਿਪਟੀ ਡਾਇਰੈਕਟਰ ਡੇਅਰੀ ਜਸਵਿੰਦਰ ਸਿੰਘ ਨੇ ਦੱਸਿਆ ਕਿ 3 ਅਕਤੂਬਰ ਤੋਂ ਚਾਰ ਹਫ਼ਤੇ ਦਾ ਪੰਜਾਬ ਡੇਅਰੀ ਵਿਕਾਸ ਬੋਰਡ ਵੱਲੋਂ ਡੇਅਰੀ ਉੱਦਮ ਸਿਖਲਾਈ ਕੋਰਸ ਡੇਅਰੀ ਸਿਖਲਾਈ ਤੇ ਵਿਸਥਾਰ ਸੇਵਾ ਕੇਂਦਰ, ਬੀਜਾ (ਲੁਧਿਆਣਾ) ਅਤੇ ਚਤਾਮਲੀ (ਰੋਪੜ) ਵਿਖੇ ਸ਼ੁਰੂ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਸਿਖਲਾਈ ਕੋਰਸ ਲਈ ਜਨਰਲ ਜਾਤੀ ਲਈ ਫੀਸ ਪੰਜ ਹਜ਼ਾਰ ਰੁਪਏ ਅਤੇ ਅਨੁਸੂਚਿਤ ਜਾਤੀ ਲਈ ਚਾਰ ਹਜ਼ਾਰ ਰੁਪਏ ਹੈ।

ਡਿਪਟੀ ਡਾਇਰੈਕਟਰ ਨੇ ਕੋਰਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਿਖਲਾਈ ਕੋਰਸ ਦੌਰਾਨ ਡੇਅਰੀ ਫਾਰਮਿੰਗ ਸ਼ੁਰੂ ਕਰਨ ਤੋਂ ਪਹਿਲਾਂ ਧਿਆਨ ਯੋਗ ਗੱਲਾਂ, ਦੁਧਾਰੂ ਪਸੂਆਂ ਦੀਆਂ ਨਸਲਾਂ, ਨਸਲ ਸੁਧਾਰ ਲਈ ਨਸਲਕਸੀ, ਬਨਾਵਟੀ ਗਰਭਾਦਾਨ, ਸਾਰਾ ਸਾਲ ਹਰਾ ਚਾਰਾ ਪੈਦਾ ਕਰਨ ਦੀ ਵਿਉਂਤਬੰਦੀ, ਪਸ਼ੂਆਂ ਦੀ ਆਮ ਬਿਮਾਰੀਆਂ ਬਾਰੇ, ਦੁੱਧ ਦੀ ਫੈਟ, ਦੁੱਧ ਤੋਂ ਦੁੱਧ ਪਦਾਰਥ ਤਿਆਰ ਕਰਨ ਬਾਰੇ ਸਿਖਲਾਈ ਦਿੱਤੀ ਜਾਂਦੀ ਹੈ ਅਤੇ ਗੰਢੋਇਆਂ ਦੀ ਖਾਦ ਤਿਆਰ ਕਰਨ ਬਾਰੇ, ਸੰਤੁਲਿਤ ਪਸ਼ੂ ਖੁਰਾਕ ਤਿਆਰ ਕਰਨ ਅਤੇ ਵਰਤੋਂ, ਸਾਫ ਦੁੱਧ ਪੈਦਾ ਕਰਨ, ਡੇਅਰੀ ਫਾਰਮਿੰਗ ਦੀ ਆਰਥਿਕਤਾ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਜਾਂਦੀ ਹੈ।

ਉਨ੍ਹਾਂ ਦੱਸਿਆ ਕਿ ਸਿਖਲਾਈ ਕੋਰਸ ਲਈ ਉਮੀਦਵਾਰਾਂ ਦੀ ਕਾਊਂਸਲਿੰਗ 27 ਸਤੰਬਰ ਨੂੰ ਸਵੇਰੇ 10 ਵਜੇ ਡੇਅਰੀ ਸਿਖਲਾਈ ਤੇ ਵਿਸਥਾਰ ਸੇਵਾ ਕੇਂਦਰ, ਬੀਜਾ ਜ਼ਿਲ੍ਹਾ ਲੁਧਿਆਣਾ ਅਤੇ ਚਤਾਮਲੀ ਜ਼ਿਲ੍ਹਾ ਰੋਪੜ ਵਿਖੇ ਕੀਤੀ ਜਾਣੀ ਹੈ।  ਉਨ੍ਹਾਂ ਦੱਸਿਆ ਕਿ ਕੋਰਸ ਲਈ ਘੱਟੋ ਘੱਟ ਯੋਗਤਾ ਦਸਵੀਂ ਪਾਸ ਹੈ ਤੇ ਉਮੀਦਵਾਰ ਪੇਂਡੂ ਖੇਤਰ ਨਾਲ ਸਬੰਧਤ ਰੱਖਦਾ ਹੋਵੇ ਤੇ ਉਮਰ 18 ਤੋਂ 45 ਸਾਲ ਵਿਚਾਰ ਹੋਣੀ ਚਾਹੀਦੀ ਹੈ ਤੇ ਲਾਭਪਾਤਰੀ ਕੋਲ 5 ਜਾਂ 5 ਤੋਂ ਵੱਧ ਦੁਧਾਰੂ ਪਸ਼ੂ ਰੱਖੇ ਹੋਣੇ ਚਾਹੀਦੇ ਹਨ।

ਉਨ੍ਹਾਂ ਦੱਸਿਆ ਕਿ ਸਿਖਲਾਈ ਪ੍ਰਾਪਤ ਕਰਨ ਦੇ ਚਾਹਵਾਨ ਉਮੀਦਵਾਰ ਦਫ਼ਤਰ ਡਿਪਟੀ ਡਾਇਰੈਕਟਰ ਡੇਅਰੀ ਪਟਿਆਲਾ ਕੁਆਟਰ ਨੰਬਰ 313-321 ਬਲਾਕ-1 ਘਲੋੜੀ ਗੇਟ, ਪਟਿਆਲਾ ਪਾਸੋਂ ਕਾਊਂਸਲਿੰਗ ਦੀ ਮਿਤੀ ਤੋਂ ਪਹਿਲਾਂ 100 ਰੁਪਏ ਦਾ ਪ੍ਰਾਸਪੈਕਟਸ ਪ੍ਰਾਪਤ ਕਰਕੇ ਅਪਲਾਈ ਕਰ ਸਕਦੇ ਹਨ। ਵਧੇਰੇ ਜਾਣਕਾਰੀ ਲਈ ਫ਼ੋਨ ਨੰਬਰ 81461-00543 ਉਤੇ ਸੰਪਰਕ ਕੀਤਾ ਜਾ ਸਕਦਾ ਹੈ।