India
ਆਸਟ੍ਰੇਲੀਆ ਨੇ ਸਿਡਨੀ ਟੈਸਟ ‘ਚ ਭਾਰਤ ਨੂੰ 6 ਵਿਕਟਾਂ ਨਾਲ ਹਰਾਇਆ
IND VS AUS : ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਬਾਰਡਰ-ਗਾਵਸਕਰ ਟਰਾਫੀ 2024-25 ਦਾ ਆਖਰੀ ਮੈਚ ਸਿਡਨੀ ਕ੍ਰਿਕਟ ਗਰਾਊਂਡ ‘ਤੇ ਖੇਡਿਆ ਗਿਆ। ਇਸ ਮੈਚ ‘ਚ ਭਾਰਤ ਦੀ ਹਾਰ ਅਤੇ ਆਸਟ੍ਰੇਲੀਆ ਦੀ ਜਿੱਤ ਹੋਈ ਹੈ ।
ਸਿਡਨੀ ਟੈਸਟ ‘ਚ ਭਾਰਤੀ ਟੀਮ ਆਸਟ੍ਰੇਲੀਆ ਤੋਂ 6 ਵਿਕਟਾਂ ਨਾਲ ਹਾਰ ਗਈ ਹੈ। ਇਸ ਹਾਰ ਨਾਲ ਭਾਰਤੀ ਟੀਮ ਨੂੰ ਬਾਰਡਰ-ਗਾਵਸਕਰ ਟਰਾਫੀ ਵਿੱਚ 3-1 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਆਸਟ੍ਰੇਲੀਆ ਨੇ 10 ਸਾਲ ਬਾਅਦ ਇਸ ਸੀਰੀਜ਼ ‘ਚ ਭਾਰਤ ਨੂੰ ਹਰਾਇਆ ਹੈ। ਇਸ ਤੋਂ ਪਹਿਲਾਂ ਕੰਗਾਰੂ ਟੀਮ ਨੇ 2014-15 ਦੇ ਸੀਜ਼ਨ ਵਿੱਚ ਐਮਐਸ ਧੋਨੀ ਦੀ ਕਪਤਾਨੀ ਵਿੱਚ ਟੀਮ ਇੰਡੀਆ ਤੋਂ ਸੀਰੀਜ਼ ਜਿੱਤੀ ਸੀ।
ਮੈਚ ਦੇ ਤੀਜੇ ਦਿਨ ਐਤਵਾਰ ਨੂੰ ਭਾਰਤ ਨੇ ਆਸਟ੍ਰੇਲੀਆ ਨੂੰ 162 ਦੌੜਾਂ ਦਾ ਟੀਚਾ ਦਿੱਤਾ, ਜਿਸ ਨੂੰ ਆਸਟ੍ਰੇਲੀਆਈ ਟੀਮ ਨੇ ਦੂਜੀ ਪਾਰੀ ‘ਚ 4 ਵਿਕਟਾਂ ਗੁਆ ਕੇ ਹਾਸਲ ਕਰ ਲਿਆ। ਟਰੈਵਿਸ ਹੈੱਡ 34 ਅਤੇ ਬੀਓ ਵੈਬਸਟਰ 39 ਦੌੜਾਂ ਬਣਾ ਕੇ ਅਜੇਤੂ ਰਹੇ। ਇਨ੍ਹਾਂ ਦੋਨਾਂ ਤੋਂ ਇਲਾਵਾ ਉਸਮਾਨ ਖਵਾਜਾ ਨੇ 41 ਅਤੇ ਸੈਮ ਕੋਂਸਟਾਸ ਨੇ 22 ਦੌੜਾਂ ਬਣਾਈਆਂ। ਭਾਰਤ ਵੱਲੋਂ ਪ੍ਰਸਿਧ ਕ੍ਰਿਸ਼ਨਾ ਨੇ 3 ਵਿਕਟਾਂ ਲਈਆਂ। ਦਿਨ ਦੇ ਪਹਿਲੇ ਸੈਸ਼ਨ ‘ਚ ਭਾਰਤੀ ਟੀਮ ਦੂਜੀ ਪਾਰੀ ‘ਚ 157 ਦੌੜਾਂ ‘ਤੇ ਆਲ ਆਊਟ ਹੋ ਗਈ।
ਇਸ ਤੋਂ ਪਹਿਲਾਂ ਆਸਟ੍ਰੇਲੀਆ ਪਹਿਲੀ ਪਾਰੀ ‘ਚ 181 ਦੌੜਾਂ ‘ਤੇ ਆਲ ਆਊਟ ਹੋ ਗਈ ਸੀ, ਜਦਕਿ ਭਾਰਤ ਨੇ ਪਹਿਲੀ ਪਾਰੀ ‘ਚ 185 ਦੌੜਾਂ ਬਣਾਈਆਂ ਸਨ। ਇਸ ਤਰ੍ਹਾਂ ਭਾਰਤ ਨੂੰ ਪਹਿਲੀ ਪਾਰੀ ਵਿੱਚ 4 ਦੌੜਾਂ ਦੀ ਬੜ੍ਹਤ ਮਿਲ ਗਈ।