Connect with us

Punjab

ਬਾਦਲ ਤੇ ਸਿੱਧੂ ਦੀ ਸਿਆਸੀ ਸ਼ਤਰੰਜ: ਇੱਕ ਪਾਰਟੀ ਨੂੰ ਜਿਤਾਉਣ ਲਈ ਤੇ ਇੱਕ ਹਰਾਉਣ ਲਈ ਖੇਡ ਰਿਹਾ ਏ !

Published

on

ਆਗਾਮੀ ਵਿਧਾਨ ਸਭਾ ਚੋਣਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਪੰਜਾਬ ਦੀ ਸਿਆਸਤ ਵਿੱਚ ਸਰਗਰਮੀਆਂ ਤੇਜ਼ ਹੋ ਚੁੱਕੀਆਂ ਹਨ। ਹਰ ਪਾਰਟੀ ਆਪਣਾ ਜਨ ਆਧਾਰ ਵਧਾਉਣ ਅਤੇ ਵਿਰੋਧੀਆਂ ਨੂੰ ਘੇਰਨ ਲਈ ਨਵੀਆਂ ਰਣਨੀਤੀਆਂ ਬਣਾ ਰਹੀ ਹੈ। ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ Sukhbir Singh Badal ਅਤੇ ਕਾਂਗਰਸ ਦੇ ਸਾਬਕਾ ਆਗੂ Navjot Singh Sidhu ਵੱਲੋਂ ਸ਼ਤਰੰਜ ਦੀ ਖੇਡ ਵਾਂਗ ਸਿਆਸੀ ਚਾਲਾਂ ਚੱਲੀਆਂ ਜਾ ਰਹੀਆਂ ਹਨ।
ਸੁਖਬੀਰ ਸਿੰਘ ਬਾਦਲ ਨੇ ਪਿਛਲੀਆਂ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਦਾ ਵਿਸਥਾਰ ਨਾਲ ਵਿਸ਼ਲੇਸ਼ਣ ਕਰਕੇ ਆਪਣੀ ਰਣਨੀਤੀ ਤਿਆਰ ਕੀਤੀ ਹੈ। ਪਾਰਟੀ ਵੱਲੋਂ ਵੈਸਾਖੀ ਤੱਕ 40 ਵੱਡੀਆਂ ਰੈਲੀਆਂ ਕਰਨ ਦਾ ਟੀਚਾ ਰੱਖਿਆ ਗਿਆ ਹੈ, ਜਿਨ੍ਹਾਂ ਵਿੱਚੋਂ ਕੁਝ ਰੈਲੀਆਂ ਪਹਿਲਾਂ ਹੀ ਹੋ ਚੁੱਕੀਆਂ ਹਨ। ਇਹ ਰੈਲੀਆਂ ਉਨ੍ਹਾਂ ਹਲਕਿਆਂ ਵਿੱਚ ਕੇਂਦਰਿਤ ਹਨ ਜਿੱਥੇ ਪਿਛਲੀਆਂ ਚੋਣਾਂ ਵਿੱਚ ਅਕਾਲੀ ਦਲ ਨੇ ਆਮ ਆਦਮੀ ਪਾਰਟੀ ਅਤੇ ਕਾਂਗਰਸ ਦੇ ਉਮੀਦਵਾਰਾਂ ਨੂੰ ਕੜੀ ਟੱਕਰ ਦਿੱਤੀ ਸੀ ਅਤੇ ਦੂਜੇ ਸਥਾਨ ‘ਤੇ ਰਹੇ ਸਨ।ਇਸ ਤੋਂ ਬਾਅਦ ਉਹ ਹਲਕੇ ਨਿਸ਼ਾਨੇ ‘ਤੇ ਹਨ ਜਿੱਥੇ ਅਕਾਲੀ ਉਮੀਦਵਾਰ ਤੀਜੇ ਸਥਾਨ ‘ਤੇ ਰਹੇ ਸਨ। ਇਸ ਤਰ੍ਹਾਂ ਪਾਰਟੀ “ਮਜ਼ਬੂਤ ਹਲਕੇ ਬਚਾਓ ਤੇ ਕਮਜ਼ੋਰ ਹਲਕੇ ਮਜ਼ਬੂਤ ਕਰੋ” ਵਾਲੀ ਰਣਨੀਤੀ ‘ਤੇ ਕੰਮ ਕਰ ਰਹੀ ਹੈ।
ਰਾਜਨੀਤਿਕ ਤੌਰ ‘ਤੇ ਭਾਰੀ ਵਿਰੋਧ ਦੇ ਬਾਵਜੂਦ ਅਕਾਲੀ ਦਲ ਦਾ ਮੁੜ ਉਭਾਰ ਨਜ਼ਰ ਆ ਰਿਹਾ ਹੈ। ਪਾਰਟੀ ਨੂੰ ਸੰਭਾਵੀ ਨੁਕਸਾਨ ਪਹੁੰਚਾਉਣ ਵਾਲੀ ਤਾਕਤ ਵਜੋਂ ਉਭਰ ਰਹੇ ਨਵੇਂ ਅਕਾਲੀ ਧੜੇ ਅੰਦਰੂਨੀ ਖਹਿਬਾਜ਼ੀ ਕਾਰਨ ਹਾਲੇ ਤੱਕ ਮਜ਼ਬੂਤ ਚੁਣੌਤੀ ਨਹੀਂ ਦੇ ਸਕੇ, ਜਿਸ ਦਾ ਲਾਭ ਬਾਦਲ ਦਲ ਨੂੰ ਮਿਲਦਾ ਦਿਖ ਰਿਹਾ ਹੈ।
ਦੂਜੇ ਪਾਸੇ ਨਵਜੋਤ ਸਿੰਘ ਸਿੱਧੂ ਅਤੇ ਉਨ੍ਹਾਂ ਦੀ ਪਤਨੀ Navjot Kaur Sidhu ਦੀ ਸਿਆਸਤ ਵੀ ਚਰਚਾ ਵਿੱਚ ਹੈ। ਪਹਿਲਾਂ ਇਹ ਅਟਕਲਾਂ ਲੱਗ ਰਹੀਆਂ ਸਨ ਕਿ ਸਿੱਧੂ ਜੋੜਾ ਨਵੀਂ ਸਿਆਸੀ ਪਾਰਟੀ ਬਣਾਏਗਾ, ਪਰ ਉਨ੍ਹਾਂ ਦੇ ਕਰੀਬੀਆਂ ਵੱਲੋਂ ਇਸ਼ਾਰਾ ਮਿਲਿਆ ਹੈ ਕਿ ਨਵੀਂ ਪਾਰਟੀ ਬਣਾਉਣ ਦੀ ਬਜਾਏ ਉਹ ਸਾਂਝੀ ਮੁਹਿੰਮ ਚਲਾਉਣ ਦੇ ਹੱਕ ਵਿੱਚ ਹਨ। “ਆਪਣਾ ਪੰਜਾਬ”, “ਜਿੱਤੇਗਾ ਪੰਜਾਬ” ਅਤੇ ਡੈਮੋਕ੍ਰੇਟਿਕ ਫਰੰਟ ਦੇ ਤਹਿਤ ਕਾਂਗਰਸ ਨਾਲ ਨਰਾਜ਼ ਨੇਤਾਵਾਂ ਨੂੰ ਇਕੱਠਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਸਿਆਸੀ ਚਰਚਾਵਾਂ ਮੁਤਾਬਕ ਕਾਂਗਰਸ ਵੱਲੋਂ ਵੱਡੇ ਪੱਧਰ ‘ਤੇ ਟਿਕਟਾਂ ਵਿੱਚ ਬਦਲਾਅ ਦੀ ਸੰਭਾਵਨਾ ਹੈ, ਜਿਸ ਨਾਲ ਕਈ ਨਰਾਜ਼ ਆਗੂ ਪਾਰਟੀ ਛੱਡ ਸਕਦੇ ਹਨ। ਇਹੀ ਵਰਗ ਸਿੱਧੂ ਦੀ ਮੁਹਿੰਮ ਲਈ ਆਧਾਰ ਬਣ ਸਕਦਾ ਹੈ। ਇਸ ਤਰ੍ਹਾਂ ਸਿੱਧੂ ਦੀ ਰਣਨੀਤੀ ਸਿੱਧੇ ਤੌਰ ‘ਤੇ ਸੱਤਾ ਹਾਸਲ ਕਰਨ ਦੀ ਬਜਾਏ ਕਾਂਗਰਸ ਦੇ ਵੋਟ ਬੈਂਕ ਨੂੰ ਖੰਡਿਤ ਕਰਨ ਅਤੇ ਸਿਆਸੀ ਸਮੀਕਰਨ ਬਦਲਣ ‘ਤੇ ਕੇਂਦਰਿਤ ਦਿਖਾਈ ਦਿੰਦੀ ਹੈ।
ਮੌਜੂਦਾ ਸਿਆਸੀ ਹਾਲਾਤਾਂ ਨੂੰ ਵੇਖਦੇ ਹੋਏ ਇੱਕ ਪਾਸੇ ਸੁਖਬੀਰ ਬਾਦਲ ਸਰਕਾਰ ਬਣਾਉਣ ਦੇ ਲਕਸ਼ ਨਾਲ ਮੈਦਾਨ ਵਿੱਚ ਉਤਰਦੇ ਦਿਖ ਰਹੇ ਹਨ, ਜਦਕਿ ਦੂਜੇ ਪਾਸੇ ਨਵਜੋਤ ਸਿੰਘ ਸਿੱਧੂ ਵੱਲੋਂ ਵਿਰੋਧੀ ਧਿਰ ਦੇ ਅੰਦਰੂਨੀ ਵਿਰੋਧ ਨੂੰ ਸਿਆਸੀ ਮੌਕੇ ਵਿੱਚ ਬਦਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਆਉਣ ਵਾਲਾ ਸਮਾਂ ਇਹ ਸਪਸੱਟ ਕਰੇਗਾ ਕਿ ਨਰਾਜ਼ ਨੇਤਾ ਨਵੀਂ ਪਾਰਟੀ ਬਣਾਉਂਦੇ ਹਨ, ਕਿਸੇ ਹੋਰ ਪਾਰਟੀ ਵਿੱਚ ਸ਼ਾਮਲ ਹੁੰਦੇ ਹਨ ਜਾਂ ਆਜ਼ਾਦ ਚੋਣ ਲੜਦੇ ਹਨ।
ਇਸ ਸਾਰੀ ਸਿਆਸੀ ਸ਼ਤਰੰਜ ਵਿੱਚ ਪੰਜਾਬ ਦੀ ਰਾਜਨੀਤੀ ਕਿਹੜੀ ਦਿਸ਼ਾ ਵੱਲ ਮੋੜ ਲੈਂਦੀ ਹੈ, ਇਹ ਚੋਣ ਮੈਦਾਨ ਵਿੱਚ ਹੋਣ ਵਾਲੀਆਂ ਅਗਲੀ ਚਾਲਾਂ ‘ਤੇ ਨਿਰਭਰ ਕਰੇਗਾ।

ਕੁਲਵੰਤ ਸਿੰਘ ਗੱਗੜਪੁਰੀ