Punjab
ਬਾਦਲ ਦਲ ਚੜਦੀਕਲਾ ਵੱਲ ਤੇ ਕਾਂਗਰਸ ਲਹਿੰਦੀ ਕਲਾ ਵੱਲ— ਜਾਣੋ ਕੀ ਨੇ ਕਾਰਨ?
ਪੰਜਾਬ ਦਾ ਸਿਆਸੀ ਮੌਸਮ ਤੇਜ਼ੀ ਨਾਲ ਬਦਲ ਰਿਹਾ ਹੈ ਅਤੇ ਇਸ ਬਦਲਾਅ ਦਾ ਸਭ ਤੋਂ ਵੱਡਾ ਅਸਰ ਦੋ ਰਵਾਇਤੀ ਪਾਰਟੀਆਂ—ਸ਼੍ਰੋਮਣੀ ਅਕਾਲੀ ਦਲ (ਬਾਦਲ) ਅਤੇ ਪੰਜਾਬ ਕਾਂਗਰਸ ‘ਤੇ ਦਿਖਾਈ ਦੇ ਰਿਹਾ ਹੈ। ਇੱਕ ਸਮਾਂ ਸੀ ਜਦੋਂ ਅਕਾਲੀ ਦਲ ਬਾਦਲ ਨੂੰ ਕਮਜ਼ੋਰ ਮੰਨਿਆ ਜਾ ਰਿਹਾ ਸੀ, ਪਰ ਮੌਜੂਦਾ ਹਾਲਾਤਾਂ ਵਿੱਚ ਇਹ ਪਾਰਟੀ ਮੁੜ ਸੰਭਲਦੀ ਨਜ਼ਰ ਆ ਰਹੀ ਹੈ, ਜਦਕਿ ਕਾਂਗਰਸ ਅੰਦਰੂਨੀ ਖਿੱਚਤਾਣ ਅਤੇ ਵਿਵਾਦਾਂ ਕਾਰਨ ਪਿੱਛੇ ਜਾਂਦੀ ਦਿਖ ਰਹੀ ਹੈ।
ਅਕਾਲੀ ਦਲ ਬਾਦਲ ਦੇ ਮਜ਼ਬੂਤ ਹੋਣ ਦੇ ਕਈ ਕਾਰਨ ਹਨ। ਸਭ ਤੋਂ ਪਹਿਲਾਂ, ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਪਾਰਟੀ ਅੰਦਰ ਪਕੜ ਮਜ਼ਬੂਤ ਦਿਖ ਰਹੀ ਹੈ। ਪਾਰਟੀ ਵਿੱਚ ਅੰਦਰੂਨੀ ਵਿਰੋਧ ਘੱਟ ਹੈ ਅਤੇ ਕੇਡਰ ਅਜੇ ਵੀ ਵੱਡੀ ਗਿਣਤੀ ਵਿੱਚ ਮੌਜੂਦ ਹੈ। ਇਸਦੇ ਨਾਲ ਹੀ ਜ਼ਮੀਨੀ ਪੱਧਰ ’ਤੇ ਪਬਲਿਕ ਮਿਲਣੀਆਂ ਅਤੇ ਸੋਸ਼ਲ ਮੀਡੀਆ ਰਾਹੀਂ ਸੰਪਰਕ ਵਧਾਉਣ ਦੀ ਰਣਨੀਤੀ ਵੀ ਅਪਣਾਈ ਜਾ ਰਹੀ ਹੈ।
ਦੂਜਾ ਮਹੱਤਵਪੂਰਨ ਪੱਖ ਸੰਭਾਵੀ ਗਠਜੋੜ ਦੀ ਸਿਆਸਤ ਹੈ। ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਵਿਚਕਾਰ ਨਜ਼ਦੀਕੀਆਂ ਵਧਣ ਦੀਆਂ ਚਰਚਾਵਾਂ ਲੰਮੇ ਸਮੇਂ ਤੋਂ ਚੱਲ ਰਹੀਆਂ ਹਨ। ਦਲਿਤ ਵੋਟ ਬੈਂਕ ’ਤੇ ਧਿਆਨ ਕੇਂਦਰਿਤ ਕਰਨ ਦੀ ਕੋਸ਼ਿਸ਼ ਵੀ ਸਾਫ਼ ਨਜ਼ਰ ਆ ਰਹੀ ਹੈ। ਇਸ ਸੰਦਰਭ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਡੇਰਾ ਸੱਚਖੰਡ ਬੱਲਾਂ ਜਾਣਾ ਅਤੇ ਡੇਰਿਆਂ ਨਾਲ ਸੰਪਰਕ ਬਣਾਉਣਾ ਸਿਆਸੀ ਤੌਰ ’ਤੇ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ।
ਡੇਰਾ ਸਿਆਸਤ ਪੰਜਾਬ ਵਿੱਚ ਹਮੇਸ਼ਾਂ ਪ੍ਰਭਾਵਸ਼ਾਲੀ ਰਹੀ ਹੈ। ਗੁਰਮੀਤ ਰਾਮ ਰਹੀਮ ਸਿੰਘ ਦੇ ਸਮਰਥਕਾਂ ਦਾ ਸਿਆਸੀ ਰੁਝਾਨ ਵੀ ਚਰਚਾ ਦਾ ਵਿਸ਼ਾ ਰਹੀ ਹੈ, ਜਦਕਿ ਰਾਧਾ ਸੁਆਮੀ ਸਤਸੰਗ ਬਿਆਸ ਅਤੇ ਇਸਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਬਾਰੇ ਵੀ ਸਿਆਸੀ ਹਲਕਿਆਂ ਵਿੱਚ ਚਰਚਾ ਹੈ ਕਿ ਉਹ ਅਕਾਲੀ ਦਲ ਬਾਦਲ ਨੂੰ ਉਭਾਰਨ ਲਈ ਭੂਮਿਕਾ ਨਿਭਾ ਰਹੇ ਹਨ।
ਇੱਕ ਹੋਰ ਕਾਰਨ ਇਹ ਵੀ ਮੰਨਿਆ ਜਾ ਰਿਹਾ ਹੈ ਕਿ ਅਕਾਲੀ ਦਲ ਤੋਂ ਟੁੱਟ ਕੇ ਬਣਿਆ ਨਵਾਂ ਅਕਾਲੀ ਦਲ ਅਜੇ ਤੱਕ ਮਜ਼ਬੂਤ ਵਿਕਲਪ ਵਜੋਂ ਖੜ੍ਹਾ ਹੋਇਆ ਨਜ਼ਰ ਨਹੀਂ ਆ ਰਿਹਾ ਅਤੇ ਅੰਦਰੂਨੀ ਖਹਿਬਾਜ਼ੀ ਕਾਰਨ ਉਸਦਾ ਦਾ ਅਸਰ ਘਟ ਰਿਹਾ ਹੈ। ਇਸ ਨਾਲ ਬਾਦਲ ਦਲ ਨੂੰ ਸਿੱਧੇ ਤੌਰ ’ਤੇ ਫਾਇਦਾ ਮਿਲਿਆ ਹੈ।
ਹੁਣ ਜੇ ਕਾਂਗਰਸ ਦੀ ਗੱਲ ਕਰੀਏ ਤਾਂ ਲੋਕ ਸਭਾ ਚੋਣਾਂ ਵਿੱਚ ਚੰਗਾ ਪ੍ਰਦਰਸ਼ਨ ਕਰਨ ਤੋਂ ਬਾਅਦ ਵੀ ਪਾਰਟੀ ਅੰਦਰ ਇਕਜੁੱਟਤਾ ਦੀ ਕਮੀ ਦਿਖ ਰਹੀ ਹੈ। ਮੁੱਖ ਮੰਤਰੀ ਦੇ ਸੰਭਾਵੀ ਚਿਹਰਿਆਂ ਵਜੋਂ ਚਰਨਜੀਤ ਸਿੰਘ ਚੰਨੀ, ਪ੍ਰਤਾਪ ਸਿੰਘ ਬਾਜਵਾ, ਸੁਖਜਿੰਦਰ ਸਿੰਘ ਰੰਧਾਵਾ, ਰਾਣਾ ਗੁਰਜੀਤ ਸਿੰਘ ਅਤੇ ਅਮਰਿੰਦਰ ਸਿੰਘ ਰਾਜਾ ਵੜਿੰਗ ਵਰਗੇ ਕਈ ਆਗੂਆਂ ਦੇ ਨਾਮ ਚਰਚਾ ਵਿੱਚ ਰਹਿੰਦੇ ਹਨ, ਜਿਸ ਨਾਲ ਅੰਦਰੂਨੀ ਹੋੜ ਦੀ ਧਾਰਨਾ ਮਜ਼ਬੂਤ ਹੁੰਦੀ ਹੈ।
ਇਸਦੇ ਨਾਲ ਹੀ ਕੁਝ ਬਿਆਨਾਂ ਨੇ ਵੀ ਕਾਂਗਰਸ ਲਈ ਮੁਸ਼ਕਲਾਂ ਪੈਦਾ ਕੀਤੀਆਂ। ਦਲਿਤ ਭਾਈਚਾਰੇ ਸਬੰਧੀ ਕੀਤੀਆਂ ਟਿੱਪਣੀਆਂ ਕਾਰਨ ਵਿਵਾਦ ਖੜ੍ਹੇ ਹੋਏ ਅਤੇ ਵਿਰੋਧੀਆਂ ਨੂੰ ਹਮਲੇ ਦਾ ਮੌਕਾ ਮਿਲਿਆ। ਕਾਂਗਰਸ ਪਾਰਟੀ ਦੀਆਂ ਪ੍ਰਮੁੱਖ ਰਹੀਆਂ ਸ਼ਖਸੀਅਤਾਂ ਜਿਵੇਂ ਬੂਟਾ ਸਿੰਘ ਅਤੇ ਗਿਆਨੀ ਜ਼ੈਲ ਸਿੰਘ ਦੇ ਨਾਮਾਂ ਨਾਲ ਜੁੜੀਆਂ ਟਿੱਪਣੀਆਂ ਨੇ ਵੀ ਰਾਜਨੀਤਿਕ ਤਾਪਮਾਨ ਵਧਾਇਆ।
ਸਾਰਿਆਂ ਪੱਖਾਂ ਨੂੰ ਦੇਖਦੇ ਹੋਏ ਇਹ ਕਿਹਾ ਜਾ ਸਕਦਾ ਹੈ ਕਿ ਅਕਾਲੀ ਦਲ ਬਾਦਲ ਜਿੱਥੇ ਸੰਗਠਨਕ ਇਕਜੁੱਟਤਾ, ਗਠਜੋੜ ਦੀ ਸੰਭਾਵਨਾ ਅਤੇ ਜ਼ਮੀਨੀ ਪੱਧਰ ’ਤੇ ਸਰਗਰਮੀ ਕਾਰਨ ਉਭਰਦਾ ਦਿਖ ਰਿਹਾ ਹੈ, ਉੱਥੇ ਕਾਂਗਰਸ ਅੰਦਰੂਨੀ ਵਿਰੋਧ, ਬਿਆਨਾਂ ਦੇ ਵਿਵਾਦ ਅਤੇ ਨੇਤ੍ਰਿਤਵ ਦੀ ਦੌੜ ਕਾਰਨ ਕਮਜ਼ੋਰ ਪੈਂਦੀ ਨਜ਼ਰ ਆ ਰਹੀ ਹੈ। ਹਾਲਾਂਕਿ ਸਿਆਸਤ ਵਿੱਚ ਹਾਲਾਤ ਤੇਜ਼ੀ ਨਾਲ ਬਦਲਦੇ ਹਨ, ਇਸ ਲਈ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਕਿਹੜੀ ਪਾਰਟੀ ਆਪਣੇ ਆਪ ਨੂੰ ਸੰਭਾਲ ਕੇ ਅੱਗੇ ਵਧਦੀ ਹੈ ਅਤੇ ਕਿਹੜੀ ਪਿੱਛੇ ਰਹਿ ਜਾਂਦੀ ਹੈ।

