Politics
ਬਾਦਲ ਕਿਸਾਨ ਮੋਰਚੇ ਦੀ ਗਰਜਵੀਂ ਆਵਾਜ਼,ਮਾਲਵਾ ‘ਚ ਰੋਕਣਗੇ ਰੇਲਾਂ
ਬਾਦਲਾਂ ਦੇ ਪਿੰਡ ਬਾਦਲ ‘ਚ ਲੱਗਿਆ ਕਿਸਾਨ ਮੋਰਚਾ ,25 ਸਤੰਬਰ ਨੂੰ ਦਿੱਤਾ ਪੰਜਾਬ ਬੰਦ ਦਾ ਸੱਦਾ

ਬਾਦਲਾਂ ਦੇ ਪਿੰਡ ਬਾਦਲ ‘ਚ ਲੱਗਿਆ ਕਿਸਾਨ ਮੋਰਚਾ
ਖੇਤੀ ਆਰਡੀਨੈਂਸ ਦੀਆਂ ਫੂਕੀਆਂ ਕਾਪੀਆਂ
ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਮਾਲਵੇ ‘ਚ ਰੋਕੀਆਂ ਜਾਣਗੀਆਂ ਰੇਲਾਂ
25 ਸਤੰਬਰ ਨੂੰ ਦਿੱਤਾ ਪੰਜਾਬ ਬੰਦ ਦਾ ਸੱਦਾ
21 ਸਤੰਬਰ,ਲੰਬੀ(ਮੁਕਤਸਰ): ਖੇਤੀ ਆਰਡੀਨੈਂਸ ਬਿੱਲ ਪਾਸ ਹੋਣ ਕਰਕੇ ਕਿਸਾਨਾਂ ਦਾ ਗੁੱਸਾ ਹੁਣ ਸੱਤਵੇਂ ਅਸਮਾਨ ਨੂੰ ਛੂ ਰਿਹਾ ਹੈ। ਕਿਸਾਨਾਂ ਵੱਲੋਂ ਥਾਂ-ਥਾਂ ਤੇ ਪੂਰੇ ਸੂਬੇ ਵਿੱਚ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਬਾਦਲਾਂ ਦੇ ਪਿੰਡ ਬਾਦਲ ਵਿੱਚ ਵਿੱਚ ਪਿੱਛਲੇ ਕਈ ਦਿਨਾਂ ਤੋਂ ਕਿਸਾਨਾਂ ਨੇ ਧਰਨਾ ਲਾਇਆ ਹੋਇਆ ਹੈ।ਖੇਤੀ ਆਰਡੀਨੈਂਸਾਂ ਨੂੰ ਕਾਨੂੰਨੀ ਰੂਪ ਦੇਣ ਕਾਰਨ ਰੋਹ ‘ਚ ਆਏ ਬਾਦਲਾਂ ਦੇ ਘਰ ਅੱਗੇ ਜੁੜੇ ਹਜ਼ਾਰਾਂ ਕਿਸਾਨਾਂ, ਨੌਜ਼ਵਾਨਾਂ ਤੇ ਔਰਤਾਂ ਵੱਲੋਂ 25 ਸਤੰਬਰ ਨੂੰ 30 ਕਿਸਾਨ ਜਥੇਬੰਦੀਆਂ ਵੱਲੋਂ ਦਿੱਤੇ ਪੰਜਾਬ ਬੰਦ ਦੇ ਸੱਦੇ ਨੂੰ ਸਫ਼ਲ ਬਣਾਉਣ ਤੋਂ ਇਲਾਵਾ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ 24 ਤੋਂ 26 ਸਤੰਬਰ ਤੱਕ ਰੇਲਾਂ ਜਾਮ ਦੇ ਸੱਦੇ ਦੀ ਹਮਾਇਤ ਕਰਦਿਆਂ ਮਾਲਵੇ ‘ਚ ਰੇਲਾਂ ਜਾਮ ਕਰਨ ਦਾ ਐਲਾਨ ਕੀਤਾ ਹੈ। ਇਹ ਐਲਾਨ ਯੂਨੀਅਨ ਦੀ ਕਾਰਜਕਾਰੀ ਜਨਰਲ ਸਕੱਤਰ ਹਰਿੰਦਰ ਕੌਰ ਬਿੰਦੂ ਤੇ ਸੀਨੀਅਰ ਆਗੂ ਸ਼ਿੰਗਾਰਾ ਸਿੰਘ ਮਾਨ ਨੇ ਇਕੱਠ ਨੂੰ ਸੰਬੋਧਨ ਕਰਦਿਆਂ ਬਾਦਲ ਮੋਰਚਾ ਜ਼ਾਰੀ ਰੱਖਣ ਦਾ ਸੱਦਾ ਦਿੱਤਾ। ਪਿੰਡ ਬਾਦਲ ਵਿਖੇ ਲੱਗੇ ਮੋਰਚੇ ਦੀ ਸ਼ੁਰੂਆਤ ਆਰਡੀਨੈਂਸਾਂ ਦੀਆਂ ਕਾਪੀਆਂ ਤੇ ਮੋਦੀ ਸਰਕਾਰ ਦੀ ਅਰਥੀ ਸਾੜ ਕੇ ਕੀਤੀ ਗਈ ।
ਅੱਜ ਲੰਬੀ ਇਲਾਕੇ ਤੋਂ ਇਲਾਵਾ ਮੁਕਤਸਰ,ਬਠਿੰਡਾ, ਫਰੀਦਕੋਟ, ਮੋਗਾ ਤੇ ਮਾਨਸਾ ਜ਼ਿਲ੍ਹਿਆਂ ਦੇ ਸੈਂਕੜੇ ਪਿੰਡਾਂ ‘ਚ ਮੋਦੀ ਸਰਕਾਰ ਦੀਆਂ ਅਰਥੀਆਂ ਫੂਕੀਆ ਗਈਆਂ। ਬਾਦਲ ਮੋਰਚੇ ‘ਚ ਅੱਜ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾਈ ਆਗੂ ਜਸਵੀਰ ਸਿੰਘ ਪਿੱਦੀ ਦੀ ਅਗਵਾਈ ਹੇਠ ਮਾਝੇ ਦੇ ਕਿਸਾਨਾਂ ਦੇ ਇੱਕ ਜੱਥੇ ਵੱਲੋਂ ਵੀ ਸ਼ਮੂਲੀਅਤ ਕੀਤੀ ਗਈ। ਅੱਜ ਦੇ ਧਰਨੇ ਨੂੰ ਯੂਨੀਅਨ ਦੇ ਨੌਜਵਾਨ ਆਗੂ ਰਾਜਵਿੰਦਰ ਸਿੰਘ ਰਾਮਨਗਰ, ਅਜੇ ਪਾਲ ਸਿੰਘ ਘੁੱਦਾ, ਰਾਮ ਸਿੰਘ ਭੈਣੀ ਬਾਘਾ ਤੋਂ ਇਲਾਵਾ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਆਗੂ ਜਸਵੀਰ ਸਿੰਘ ਪਿੱਦੀ, ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਆਗੂ ਲਛਮਣ ਸਿੰਘ ਸੇਵੇਵਾਲਾ, ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਦੇ ਆਗੂ ਡਾਕਟਰ ਧੰਨਾ ਮੱਲ ਗੋਇਲ ਤੇ ਮਨਜਿੰਦਰ ਸਿੰਘ ਸਰਾਂ, ਠੇਕਾ ਮੁਲਾਜ਼ਮ ਮੋਰਚੇ ਦੇ ਆਗੂ ਜਗਰੂਪ ਸਿੰਘ , ਕਿਸਾਨ ਆਗੂ ਬਲੌਰ ਸਿੰਘ ਘੱਲਕਲਾਂ ਆਦਿ ਬੁਲਾਰਿਆਂ ਨੇ ਸੰਬੋਧਨ ਕੀਤਾ। ਬੁਲਾਰਿਆਂ ਨੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦੇ ਅਸਤੀਫ਼ੇ ‘ਤੇ ਟਿੱਪਣੀ ਕਰਦਿਆਂ ਇਸਨੂੰ ਕਿਸਾਨ ਸੰਘਰਸ਼ ਦੇ ਵੱਧ ਰਹੇ ਦਬਾਅ ਦਾ ਸਿੱਟਾ ਕ਼ਰਾਰ ਦਿੰਦਿਆਂ ਖੇਤੀ ਦੀ ਤਬਾਹੀ ਲਿਆਉਣ ਵਾਲੇ ਕਾਲੇ ਕਾਨੂੰਨਾਂ ਨੂੰ ਰੱਦ ਕਰਾਉਣ ਤੱਕ ਸੰਘਰਸ਼ ਜ਼ਾਰੀ ਰੱਖਣ ਦਾ ਐਲਾਨ ਕੀਤਾ। ਉਹਨਾਂ ਭਾਜਪਾ ਤੇ ਆਰ ਐਸ ਐਸ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਵੱਲੋਂ ਲਿਆਂਦੇ ਇਹਨਾਂ ਕਾਨੂੰਨਾਂ ਨੂੰ ਕਿਸਾਨਾਂ ਤੋਂ ਇਲਾਵਾ ਖੇਤ ਮਜ਼ਦੂਰਾਂ, ਮੁਲਾਜ਼ਮਾਂ, ਦੁਕਾਨਦਾਰਾਂ, ਵਪਾਰੀਆਂ ਸਮੇਤ ਸਮੂਹ ਲੋਕਾਂ ਦਾ ਘਾਣ ਕਰਨ ਕਾਲੇ ਕਾਨੂੰਨ ਕ਼ਰਾਰ ਦਿੱਤਾ। ਉਹਨਾਂ ਆਖਿਆ ਕਿ ਮੋਦੀ ਸਰਕਾਰ ਵਲੋਂ ਇਹ ਕਾਨੂੰਨ ਲਿਆਕੇ ਦੇਸ਼ ਦੇ ਲੋਕਾਂ ਨਾਲ਼ ਗਦਾਰੀ ਕੀਤੀ ਹੈ। ਉਹਨਾਂ ਆਖਿਆ ਕਿ ਇਹਨਾਂ ਕਾਨੂੰਨਾਂ ਦੇ ਜ਼ਰੀਏ ਮੋਦੀ ਹਕੂਮਤ ਵਲੋਂ ਖੇਤੀ ਨੂੰ ਤਬਾਹ ਕਰਕੇ ਦੇਸੀ ਵਿਦੇਸ਼ੀ ਕਾਰਪੋਰੇਟ ਘਰਾਣਿਆਂ ਤੇ ਸਾਮਰਾਜੀਆਂ ਦੇ ਹਿੱਤ ਪੂਰੇ ਜਾ ਰਹੇ ਹਨ।
ਉਹਨਾਂ ਆਖਿਆ ਕਿ ਮੋਦੀ ਹਕੂਮਤ ਵੱਲੋਂ ਕਰੋਨਾ ਦੀ ਆੜ ਹੇਠ ਲੋਕਾਂ ‘ਤੇ ਆਰਥਿਕ ਤੇ ਫਾਸ਼ੀ ਹੱਲਾ ਬੋਲ ਰੱਖਿਆ ਹੈ ਜੀਹਦੇ ਤਹਿਤ ਲੋਕਾਂ ਦੀ ਜ਼ੁਬਾਨ ਬੰਦੀ ਕੀਤੀ ਜਾ ਰਹੀ ਹੈ ਅਤੇ ਬੁੱਧੀਜੀਵੀਆਂ ਨੂੰ ਜੇਲ੍ਹਾਂ ਵਿੱਚ ਬੰਦ ਕੀਤਾ ਹੋਇਆ ਹੈ। ਇਕੱਠ ਨੂੰ ਕਿਸਾਨ ਆਗੂ ਭਾਗ ਸਿੰਘ ਮਰਖਾਈ, ਅਮਰਜੀਤ ਸਿੰਘ ਸੈਦੋਕੇ,ਗੁਰਪਾਸ਼ ਸਿੰਘ ,ਪਨਬਸ ਮੁਲਾਜ਼ਮ ਯੂਨੀਅਨ ਦੇ ਰੇਸ਼ਮ ਸਿੰਘ, ਮਨਰੇਗਾ ਯੂਨੀਅਨ ਦੇ ਆਗੂ ਵਰਿੰਦਰ ਸਿੰਘ, ਠੇਕਾ ਮੁਲਾਜ਼ਮ ਮੋਰਚੇ ਦੇ ਆਗੂ ਗੁਰਵਿੰਦਰ ਸਿੰਘ ਪੰਨੂ, ਜਲ ਸਪਲਾਈ ਤੇ ਸੈਨੀਟੇਸ਼ਨ ਮੁਲਾਜ਼ਮਾਂ ਦੇ ਆਗੂ ਸੰਦੀਪ ਖਾਂ, ਪੰਜਾਬ ਰਾਜ ਸਹਿਕਾਰੀ ਸਭਾਵਾਂ ਕਰਮਚਾਰੀ ਯੂਨੀਅਨ ਦੇ ਆਗੂ ਜਸਕਰਨ ਸਿੰਘ, ਮਾਸਟਰ ਕੇਡਰ ਯੂਨੀਅਨ ਦੇ ਆਗੂ ਕੁਲਦੀਪ ਸਿੰਘ, ਤੇ ਨੌਜਵਾਨ ਭਾਰਤ ਸਭਾ ਦੇ ਆਗੂ ਗੁਰਮੁਖ ਸਿੰਘ ਹਿੰਮਤਪੁਰਾ ਨੇ ਵੀ ਸੰਬੋਧਨ ਕੀਤਾ।
Continue Reading