Punjab
ਬਰਨਾਲਾ : ਜਗਜੀਤਪੁਰਾ ‘ਚ 30 ਦੁਧਾਰੂ ਪਸ਼ੂਆਂ ਦੀ ਹੋਈ ਮੌਤ

3 ਅਪ੍ਰੈਲ 2024: ਜ਼ਿਲ੍ਹਾਂ ਬਰਨਾਲਾ ਦੇ ਹਲਕਾ ਭਦੋੜ ਦੇ ਪਿੰਡ ਜਗਜੀਤਪੁਰਾ ‘ਚ ਦੁਧਾਰੂ ਪਸ਼ੂਆਂ ਦੀ ਮੌਤ ਦਾ ਮਾਮਲਾ ਸਾਹਮਣੇ ਆ ਰਿਹਾ ਹੈ।ਦੱਸਿਆ ਜਾ ਰਿਹਾ ਹੈ ਕਿ ਹੁਣ ਤੱਕ 30 ਦੁਧਾਰੂ ਪਸ਼ੂਆਂ ਦੀ ਮੌਤ ਹੋ ਚੁੱਕੀ ਹੈ। ਇਸ ਮੌਕੇ ਦੁਧਾਰੂ ਪਸ਼ੂਆਂ ਦੇ ਪੀੜਿਤ ਮਾਲਕਾਂ ਨੇ ਦੱਸਿਆ ਕਿ ਪਿਛਲੀ 10 ਤਰੀਕ ਤੋਂ ਲੈ ਕੇ ਹੁਣ ਤੱਕ ਉਹਨਾਂ ਦੇ ਪਿੰਡ ਵਿੱਚ 11 ਕਿਸਾਨਾਂ ਦੇ ਘਰਾਂ ਵਿੱਚ ਦੁੱਧ ਲਈ ਰੱਖੇ ਗਏ 30 ਦੇ ਕਰੀਬ ਦੁਧਾਰੂ ਪਸ਼ੂਆਂ ਦੀ ਮੌਤ ਹੋ ਗਈ ਹੈ।ਉੱਥੇ ਹੀ ਇਹ ਵੀ ਦੱਸਿਆ ਜਾ ਰਿਹਾ ਹੀ ਕਿ ਮੌਤ ਦੇ ਅਸਲ ਕਾਰਨਾਂ ਦਾ ਅਜੇ ਤੱਕ ਵੀ ਪਤਾ ਨਹੀਂ ਲੱਗ ਸਕਿਆ। ਕਿ ਇਹਨਾਂ ਬੇਜ਼ੁਬਾਨਾਂ ਦੀ ਮੌਤ ਕਿਸ ਕਾਰਨਾ ਕਰਕੇ ਹੋ ਰਹੀ ਹੈ।
ਲੱਖਾਂ ਰੁਪਏ ਸੀ ਦੁਧਾਰੂ ਪਸ਼ੂਆਂ ਦੀ ਕੀਮਤ
30 ਦੇ ਕਰੀਬ ਦੁਧਾਰੂ ਪਸ਼ੂਆਂ ਦੀ ਕੀਮਤ ਲੱਖਾਂ ਰੁਪਏ ਸੀ ਜਿਸ ਵਿੱਚ ਛੋਟੇ ਕਿਸਾਨ ਅਤੇ ਆਮ ਪਰਿਵਾਰਾਂ ਦੇ ਵੱਲੋਂ ਦੁਧਾਰੂ ਪਸ਼ੂਆਂ ਦਾ ਦੁੱਧ ਵੇਚ ਕੇ ਹੀ ਆਪਣੇ ਪਰਿਵਾਰ ਦਾ ਖ਼ਰਚਾ ਚਲਾਇਆ ਜਾ ਰਿਹਾ ਸੀ। ਪਰ ਅਚਾਨਕ ਪਸ਼ੂਆਂ ਦੀ ਮੌਤ ਹੋਣ ਕਾਰਨ ਉਹਨਾਂ ਨੂੰ ਜਿੱਥੇ ਲੱਖਾਂ ਦਾ ਘਾਟਾ ਹੋਇਆ ਹੈ ਉੱਥੇ ਛੋਟੇ ਕਿਸਾਨ ਆਰਥਿਕ ਪੱਖੋਂ ਵੀ ਕਮਜ਼ੋਰ ਹੋ ਚੁੱਕੇ ਹਨ।
ਪ੍ਰਾਈਵੇਟ ਡਾਕਟਰਾਂ ਤੋਂ ਕਰਵਾਇਆ ਇਲਾਜ਼
ਦੁਧਾਰੂ ਪਸ਼ੂਆਂ ਦੇ ਮਾਲਕਾਂ ਨੇ ਦੱਸਿਆ ਕਿ ਸਰਕਾਰੀ ਡਾਕਟਰ ਅੱਜ ਹੀ ਉਹਨਾਂ ਦੇ ਪਿੰਡ ਪਹੁੰਚੇ ਹਨ। ਇਸ ਤੋਂ ਪਹਿਲਾਂ ਉਹ ਆਪਣੇ ਦੁਧਾਰੂ ਪਸ਼ੂਆਂ ਦਾ ਇਲਾਜ ਪ੍ਰਾਈਵੇਟ ਡਾਕਟਰਾਂ ਤੋਂ ਮਹਿੰਗੇ ਭਾਅ ਤੇ ਕਰਵਾ ਰਹੇ ਸਨ। ਪਰ ਫਿਰ ਵੀ ਉਹ ਆਪਣੇ ਦੁੱਧਾਰੂ ਪਸ਼ੂਆ ਨੂੰ ਬਚਾ ਨਾ ਸਕੇ।
ਪੰਜਾਬ ਸਰਕਾਰ ਤੇ ਪਸ਼ੂ ਪਾਲਣ ਵਿਭਾਗ ਨੂੰ ਲਗਾਈ ਗੁਹਾਰ
ਇਸ ਮੌਕੇ ਪੀੜਤ ਲੋਕਾਂ ਨੇ ਪੰਜਾਬ ਸਰਕਾਰ ਅਤੇ ਪਸ਼ੂ ਪਾਲਣ ਵਿਭਾਗ ਤੋਂ ਮੰਗ ਕਰਦੇ ਕਿਹਾ ਕਿ ਉਹਨਾਂ ਦੇ ਮ੍ਰਿਤਕ ਦੁਧਾਰੂ ਪਸ਼ੂਆਂ ਦਾ ਉਨਾਂ ਨੂੰ ਮੁਆਵਜ਼ਾ ਦਿੱਤਾ ਜਾਵੇ,ਤਾਂ ਜੋ ਉਹ ਹੋਰ ਪਸ਼ੂ ਲੈ ਕੇ ਆਪਣੇ ਘਰ ਦਾ ਗੁਜ਼ਾਰਾ ਕਰ ਸਕਣ। ਇਸ ਤੋਂ ਇਲਾਵਾ ਉਨਾਂ ਨੇ ਇਹ ਵੀ ਮੰਗ ਕਰਦੇ ਕਿਹਾ ਕਿ ਭਿਆਨਕ ਬਿਮਾਰੀ ਕਾਰਨ ਉਹਨਾਂ ਦੇ ਲੱਖਾਂ ਰੁਪਏ ਦੇ ਦੁਧਾਰੂ ਪਸ਼ੂਆਂ ਦੀ ਮੌਤ ਹੋਈ ਹੈ,ਪਰ ਬਾਕੀ ਰਹਿੰਦੇ ਦੁਧਾਰੂ ਪਸ਼ੂਆਂ ਦੇ ਬਚਾਵ ਲਈ ਪਸ਼ੂ ਪਾਲਣ ਵਿਭਾਗ ਆਪਣੇ ਟੀਮਾਂ ਰਾਹੀਂ ਪਿੰਡਾਂ ਵਿੱਚ ਜਾ ਕੇ ਬਿਮਾਰ ਪਸ਼ੂਆਂ ਦਾ ਇਲਾਜ ਕਰਨ, ਤਾਂ ਜੋ ਕਿਸੇ ਹੋਰ ਦੁਧਾਰੂ ਪਸ਼ੂ ਦੀ ਮੌਤ ਨਾ ਹੋ ਸਕੇ। ਪਿੰਡ ਜਗਜੀਤਪੁਰਾ ਦੇ ਨਾਲ-ਨਾਲ ਤਪਾ ਮੰਡੀ ਵਿੱਚ ਵੀ ਪਸ਼ੂਆਂ ਦੀ ਮੌਤ ਹੋਈ ਹੈ।