Connect with us

ENTERTAINMENT

Hollywood ਫਿਲਮਾਂ ਦੇ ਨਾਲ Top 12 ਵਿੱਚ ਚੱਲ ਰਹੀ ਹੈ ਦਿਲਜੀਤ ਦੀ ਫ਼ਿਲਮ!

Published

on

ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਦੀ ਮੂਵੀ ਸਰਦਾਰ ਜੀ 3 ਦਾ ਭਾਵੇਂ ਭਾਰਤ ਵਿੱਚ ਕੁੱਝ ਸੰਸਥਾਵਾਂ ਦੇ ਵਿਰੋਧ ਕਾਰਨ ਰਿਲੀਜ਼ ਨਹੀਂ ਹੋਈ ਪਰ ਪਾਕਿਸਤਾਨ, ਦੱਖਣੀ ਅਮਰੀਕਾ ਅਤੇ ਕੈਨੇਡਾ ਵਿੱਚ ਇਹ ਫਿਲਮ ਧੂਮ ਮਚਾ ਰਹੀ ਹੈ। ਦਿਲਜੀਤ ਵੱਲੋਂ ਇਸ ਫ਼ਿਲਮ ਵਿੱਚ ਪਾਕਿਸਤਾਨ ਦੀ ਅਦਾਕਾਰਾ ਹਾਨੀਆ ਆਮਿਰ ਨੂੰ ਨਾਇਕਾ ਲਿਆ ਗਿਆ ਹੈ। ਭਾਰਤ ਪਾਕਿਸਤਾਨ ਵਿਚਾਲੇ ਪਹਿਲਗਾਮ ਹਮਲੇ ਅਤੇ ਉਸ ਤੋਂ ਬਾਅਦ ਹੋਏ ਯੁੱਧ ਕਾਰਨ ਸਬੰਧ ਖਰਾਬ ਚੱਲ ਰਹੇ ਹਨ ਜਿਸਨੂੰ ਕਾਰਨ ਦੱਸਦਿਆਂ BJP Chitrapat kamgar aghaadi ਨਾਮ ਦੀ ਸੰਸਥਾ ਨੇ ਇਸ ਫ਼ਿਲਮ ਦੇ ਭਾਰਤ ਵਿੱਚ ਰਿਲੀਜ਼ ਹੋਣ ‘ਤੇ ਰੋਕ ਲਗਾਉਣ ਦੀ ਮੰਗ ਕੀਤੀ ਸੀ ਅਤੇ ਕਿਹਾ ਸੀ ਕਿ ਪਾਕਿਸਤਾਨੀ ਅਦਾਕਾਰਾ ਦੇ ਫ਼ਿਲਮ ਵਿੱਚ ਹੋਣ ਨਾਲ ਭਾਰਤ ਦੇ ਲੋਕਾਂ ਦੀਆਂ ਭਾਵਨਾਵਾਂ ਆਹਤ ਹੁੰਦੀਆਂ ਹਨ। ਇਸੇ ਤਰ੍ਹਾਂ Federation of Western India Cine Employees (FWICE) ਨੇ ਵੀ ਸਰਦਾਰ ਜੀ 3 ਦੇ ਰਿਲੀਜ਼ ਹੋਣ ‘ਤੇ ਰੋਕ ਲਗਾਉਣ ਦੀ ਮੰਗ ਕੀਤੀ ਸੀ। ਇਸ ਸੰਸਥਾ ਨੇ ਤਾਂ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਪੱਤਰ ਲਿਖ ਕੇ ਇਹ ਵੀ ਮੰਗ ਕੀਤੀ ਹੈ ਕਿ ਦਿਲਜੀਤ ਦਾ ਪਾਸਪੋਰਟ ਤੇ ਉਸਦੀ ਭਾਰਤੀ ਨਾਗਰਿਕਤਾ ਰੱਦ ਕੀਤੀ ਜਾਵੇ। ਫਿਲਮੀ ਗਾਇਕ ਮੀਕਾ ਨੇ ਵੀ ਦਿਲਜੀਤ ਦੋਸਾਂਝ ਦੀ ਫ਼ਿਲਮ ਦਾ ਵਿਰੋਧ ਕੀਤਾ ਹੈ ।

ਕੁੱਝ ਅਦਾਕਾਰਾਂ ਤੇ ਗਾਇਕਾਂ ਨੇ ਇਸ ਫ਼ਿਲਮ ਦੇ ਹੱਕ ਵਿੱਚ ਆਵਾਜ਼ ਬੁਲੰਦ ਕੀਤੀ ਹੈ ਜਿਨ੍ਹਾਂ ਵਿੱਚ ਨਸੀਰੂਦੀਨ ਸ਼ਾਹ, ਬੱਬੂ ਮਾਨ, ਭਾਜਪਾ ਨੇਤਾ ਅਤੇ ਗਾਇਕ ਹੌਬੀ ਧਾਲੀਵਾਲ ਪ੍ਰਮੁੱਖ ਤੌਰ ‘ਤੇ ਸ਼ਾਮਲ ਹਨ। ਭਾਰੀ ਵਿਰੋਧ ਦੇ ਕਾਰਨ ਦਿਲਜੀਤ ਦੀ ਫਿਲਮ ਭਾਂਵੇਂ ਭਾਰਤ ਵਿੱਚ ਰਿਲੀਜ਼ ਨਹੀਂ ਹੋਈ ਪਰ ਪਾਕਿਸਤਾਨ, ਅਮਰੀਕਾ, ਦੱਖਣੀ ਅਮਰੀਕਾ ਤੇ ਕੈਨੇਡਾ ਵਿੱਚ ਇਹ ਫ਼ਿਲਮ ਚੰਗੀ ਕਮਾਈ ਕਰ ਰਹੀ ਹੈ। ਇਹ ਵੀ ਖਬਰਾਂ ਹਨ ਕਿ ਦੱਖਣੀ ਅਮਰੀਕਾ ਵਿੱਚ ਸਰਦਾਰ ਜੀ 3 bollywood ਦੀਆਂ ਫ਼ਿਲਮਾਂ ਦੇ ਨਾਲ top twelve ਵਿੱਚ ਆ ਰਹੀ ਹੈ। ਹੁਣ ਮੁੱਦਾ ਇਹ ਵਿਚਾਰਨ ਵਾਲਾ ਹੈ ਕਿ ਕੀ ਕੇਵਲ ਇਸ ਲਈ ਕਿਸੇ ਫ਼ਿਲਮ ਦਾ ਵਿਰੋਧ ਕਰਨਾ ਕਿ ਉਸ ਵਿੱਚ ਪਾਕਿਸਤਾਨੀ ਅਦਾਕਾਰਾ ਨੇ ਕੰਮ ਕੀਤਾ ਹੈ ਕਿੰਨਾ ਕੂ ਸਹੀ ਹੈ? ਇੱਥੇ ਇਹ ਵੀ ਵਰਨਣਯੋਗ ਹੈ ਕਿ ਪਹਿਲਗਾਮ ਹਮਲੇ ਅਤੇ ਭਾਰਤ ਪਾਕਿ ਜੰਗ ਤੋਂ ਪਹਿਲਾਂ ਹੀ ਫ਼ਿਲਮ ਦੀ ਸ਼ੂਟਿੰਗ ਮੁਕੰਮਲ ਹੋ ਚੁੱਕੀ ਸੀ। ਮੇਰੇ ਖ਼ਿਆਲ ਵਿੱਚ ਕਲਾਕਾਰ ਸਭ ਦੇ ਸਾਂਝੇ ਹੁੰਦੇ ਹਨ, ਇਨ੍ਹਾਂ ਨੂੰ ਸਰਹੱਦਾਂ ਦੇ ਬੰਧਨਾਂ ਵਿੱਚ ਬੰਨ ਕੇ ਨਹੀਂ ਰੱਖਿਆ ਸਕਦਾ। ਕਿੰਨੇ ਪਾਕਿਸਤਾਨੀ ਗਾਇਕ ਹਨ ਜਿਨ੍ਹਾਂ ਨੂੰ ਭਾਰਤ ਵਿੱਚ ਭਾਰਤੀ ਗਾਇਕਾਂ ਨਾਲੋਂ ਵੀ ਵੱਧ ਸੁਣਿਆ ਜਾਂਦਾ ਹੈ, ਜਿਨ੍ਹਾਂ ਵਿੱਚ ਨੁਸਰਤ ਫ਼ਤਹਿ ਅਲੀ ਖ਼ਾਨ, ਆਤਿਫ਼ ਅਸਲਮ, ਰਾਹਤ ਫ਼ਤਹਿ ਅਲੀ ਖ਼ਾਨ, ਅਮਾਨਤ ਅਲੀ ਖ਼ਾਨ ਵਰਗੇ ਅਨੇਕਾਂ ਗਾਇਕ ਹਨ ਜਿਨ੍ਹਾਂ ਨੂੰ ਭਾਰਤ ਦੇ ਲੋਕ ਰੂਹ ਨਾਲ ਸੁਣਦੇ ਹਨ। ਪਾਕਿਸਤਾਨੀ ਲੇਖਕਾਂ ਨੂੰ ਵੀ ਭਾਰਤ ਵਿੱਚ ਪੂਰਾ ਮਾਣ ਦਿੱਤਾ ਜਾਂਦਾ ਹੈ। ਇਸ ਤਰ੍ਹਾਂ ਪਾਕਿਸਤਾਨ ਵਾਲੇ ਪੰਜਾਬ ਅਤੇ ਭਾਰਤ ਵਾਲੇ ਪੰਜਾਬ ਦੀ ਜੋ ਭਾਸ਼ਾ, ਕਲਾ ਅਤੇ ਸੱਭਿਆਚਾਰ ਦੀ ਜੋ ਸਾਂਝ ਹੈ ਉਸਨੂੰ ਖ਼ਤਮ ਨਹੀਂ ਕੀਤਾ ਜਾ ਸਕਦਾ। ਭਾਰਤ ਵਿੱਚ ਅੱਤਵਾਦ ਫ਼ੈਲਾਉਣ ਲਈ ਪਾਕਿਸਤਾਨ ਦੀ ਅਸੀਂ ਸਖ਼ਤ ਸ਼ਬਦਾਂ ਵਿੱਚ ਨਿੰਦਾ ਕਰਦੇ ਹਾਂ ਅਤੇ ਪਾਕਿਸਤਾਨ ਨਾਲ ਉਦੋਂ ਤੱਕ ਕੋਈ ਰਿਸ਼ਤਾ ਰੱਖਣ ਦੇ ਹੱਕ਼ ਵਿੱਚ ਨਹੀਂ ਹਾਂ ਜਦੋਂ ਤੱਕ ਉਹ ਅੱਤਵਾਦ ਨੂੰ ਸ਼ਹਿ ਦੇਣ ਦਾ ਸਿਲਸਿਲਾ ਬੰਦ ਨਹੀਂ ਕਰਦਾ। ਇਸ ਲਈ ਪਾਕਿਸਤਾਨ ਦੀ ਸਰਕਾਰ, ਆਰਮੀ ਅਤੇ ਅੱਤਵਾਦੀ ਸੰਗਠਨਾਂ ਨੂੰ ਉਨ੍ਹਾਂ ਦੀਆਂ ਭਾਰਤ ਵਿਰੋਧੀ ਗਤੀਵਿਧੀਆਂ ਲਈ ਮੁਆਫ਼ ਨਹੀਂ ਕੀਤਾ ਜਾ ਸਕਦਾ ਪਰ ਕਲਾਕਾਰਾਂ, ਅਦਾਕਾਰਾਂ ਅਤੇ ਸਾਹਿਤਕਾਰਾਂ ਨੂੰ ਅਸੀਂ ਇਸ ਲਈ ਨਫ਼ਰਤ ਨਹੀਂ ਕਰ ਸਕਦੇ ਕਿ ਉਹ ਬਦਨਸੀਬੀ ਨਾਲ ਪਾਕਿਸਤਾਨ ਵਿੱਚ ਪੈਦਾ ਹੋਏ ਹਨ।

ਕੁਲਵੰਤ ਸਿੰਘ ਗੱਗੜਪੁਰੀ