Governance
ਸਰਹੱਦੀ ਇਲਾਕੇ ਖੋਲ ਰਹੇ ਹਨ ਸਿਹਤ ਸਹੂਲਤਾਂ ਦੀ ਪੋਲ
ਫਿਰੋਜ਼ਪੁਰ, ਮਾਰਚ 12, (ਪਰਮਜੀਤ ਸਿੰਘ):ਇੱਕ ਪਾਸੇ ਤਾਂ ਪੰਜਾਬ ਦੇ ਮੁੱਖ ਮੰਤਰੀ ਅਤੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਆਪਣੀ ਸਰਕਾਰ ਦੀਆਂ ਪ੍ਰਾਪਤੀਆਂ ਗਿਣਾਉਦੇ ਹੋਏ ਲੋਕਾਂ ਦੀਆਂ ਸਿਹਤ ਸਹੂਲਤਾਂ ਲਈ ਵੱਡੇ ਵੱਡੇ ਦਾਅਵੇ ਕਰ ਰਹੇ ਹਨ। ਅਤੇ ਦੂਜੇ ਪਾਸੇ ਸਰਹੱਦੀ ਇਲਾਕੇ ਦੇ ਪਿੰਡ ਇਨ੍ਹਾਂ ਦਾਵੇਆਂ ਦੀਆਂ ਪੋਲਾਂ ਖੋਲ ਰਹੇ ਹਨ। ਜਿਥੇ ਲੋਕ ਗੰਦੇ ਪਾਣੀ ਤੋਂ ਹੋਣ ਵਾਲੀ ਭਿਆਨਕ ਬਿਮਾਰੀ ਕੈਂਸਰ ਨਾਲ ਜੂਝ ਰਹੇ ਹਨ। ਅਤੇ ਆਪਣੀਆਂ ਜਾਨਾਂ ਗਵਾ ਰਹੇ ਹਨ ਜਿਥੇ ਆਕੇ ਇਨ੍ਹਾਂ ਮੰਤਰੀਆਂ ਦੇ ਸਭ ਦਾਅਵੇ ਖੋਖਲੇ ਸਾਬਤ ਹੋ ਰਹੇ ਹਨ।
ਤਾਜਾ ਮਾਮਲਾ ਜਿਲਾ ਫਿਰੋਜ਼ਪੁਰ ਦੇ ਸਰਹੱਦੀ ਪਿੰਡ ਗੱਟੀ ਰਾਜੋ ਕੇ ਤੋਂ ਸਾਹਮਣੇ ਆਇਆ ਹੈ। ਜਿਥੇ ਲੋਕ ਪਾਕਿਸਤਾਨ ਦੀਆਂ ਫੈਕਟਰੀਆਂ ਤੋਂ ਆ ਰਹੇ ਗੰਦੇ ਪਾਣੀ ਨਾਲ ਕੈਂਸਰ ਦੇ ਸ਼ਿਕਾਰ ਹੋ ਰਹੇ ਹਨ। ਅਤੇ ਕਈਆ ਦੀਆਂ ਮੌਤਾਂ ਵੀ ਹੋ ਚੁੱਕੀਆਂ ਹਨ ਜਿਸ ਵੱਲ ਨਾ ਤਾਂ ਪੰਜਾਬ ਸਰਕਾਰ ਧਿਆਨ ਦੇ ਰਹੀ ਅਤੇ ਨਾ ਹੀ ਜ਼ਿਲ੍ਹਾ ਪ੍ਰਸ਼ਾਸਨ । ਸਾਡੀ ਟੀਮ ਨਾਲ ਗੱਲਬਾਤ ਕਰਦਿਆਂ ਕੈਂਸਰ ਦੇ ਸਿਕਾਰ ਹੋਏ ਮ੍ਰਿਤਕ ਮਨਜੀਤ ਪੁੱਤਰ ਸੁਖਦੇਵ ਸਿੰਘ ਵਾਸੀ ਪਿੰਡ ਗੱਟੀ ਰਾਜੋ ਕੇ ਦੇ ਪਰਿਵਾਰਕ ਮੈਬਰਾਂ ਨੇ ਦੱਸਿਆ ਕਿ ਉਨ੍ਹਾਂ ਦਾ ਪਿੰਡ ਬਿਲਕੁਲ ਸਰਹੱਦ ਦੇ ਨਜਦੀਕ ਹੈ ਜਿਸ ਦੇ ਨਾਲ ਦੀ ਸਤਲੁਜ ਦਰਿਆ ਵਗਦਾ ਹੈ ਜੋ ਪਾਕਿਸਤਾਨ ਤੋਂ ਹੋਕੇ ਵਾਪਸ ਆਉਂਦਾ ਹੈ। ਤੇ ਜਿਸ ਵਿੱਚ ਪਾਕਿਸਤਾਨ ਵਿੱਚ ਚੱਲ ਰਹੀਆਂ ਚਮੜੇ ਦੀਆਂ ਫੈਕਟਰੀਆਂ ਦਾ ਗੰਦਾ ਪਾਣੀ ਛੱਡਿਆ ਜਾ ਰਿਹਾ ਅਤੇ ਉਹ ਪਾਣੀ ਸਰਹੱਦੀ ਪਿੰਡਾਂ ਦੀ ਜਮੀਨ ਹੇਠ ਇੱਕ ਵਾਇਰਸ ਦੀ ਤਰਾਂ ਫੈਲ ਚੁੱਕਾ ਹੈ। ਜਿਸ ਦਾ ਪਾਣੀ ਪੀਣ ਨਾਲ ਕਈ ਲੋਕ ਕੈਂਸਰ ਦੀ ਲਪੇਟ ਵਿੱਚ ਆ ਚੁੱਕੇ ਹਨ ਅਤੇ ਕਈਆ ਦੀਆਂ ਮੌਤਾਂ ਹੋ ਚੁੱਕੀਆਂ ਹਨ। ਇਸੇ ਤਰਾਂ ਇਸ ਪਾਣੀ ਨੇ ਉਨ੍ਹਾਂ ਦੇ ਘਰ ਦਾ ਚਿਰਾਗ ਵੀ ਉਨ੍ਹਾਂ ਤੋਂ ਖੋਹ ਲਿਆ ਹੈ। ਮ੍ਰਿਤਕ ਮਨਜੀਤ ਸਿੰਘ ਦੇ ਪਰਿਵਾਰ ਨੇ ਦੱਸਿਆ ਮਨਜੀਤ ਸਿੰਘ ਕਈ ਮਹੀਨੇ ਕੈਂਸਰ ਦੀ ਬਿਮਾਰੀ ਨਾਲ ਝੂਜਦਾ ਰਿਹਾ ਅਤੇ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਕਿਤੇ ਵੀ ਉਸ ਦਾ ਇਲਾਜ ਫਰੀ ਵਿੱਚ ਨਹੀਂ ਕੀਤਾ ਗਿਆ ਜਦ ਕਿ ਸਰਕਾਰ ਨੇ ਇਹ ਐਲਾਨ ਕੀਤਾ ਹੋਇਆ ਹੈ ਕਿ ਕੈਂਸਰ ਪੀੜਤ ਦਾ ਇਲਾਜ ਫਰੀ ਵਿੱਚ ਕੀਤਾ ਜਾਵੇਗਾ। ਜਦ ਉਸ ਦਾ ਇਲਾਜ ਕਿਤੇ ਨਾ ਹੋਇਆ ਤਾਂ ਘਰ ਵਿੱਚ ਗਰੀਬੀ ਹੋਣ ਦੇ ਬਾਵਜੂਦ ਵੀ ਉਨ੍ਹਾਂ ਕਰਜਾ ਚੁੱਕ ਕੇ 11 ਲੱਖ ਰੁਪਏ ਉਸ ਉਪਰ ਖਰਚ ਕੀਤੇ ਤਾਂ ਕਿ ਮਨਜੀਤ ਸਿੰਘ ਨੂੰ ਬਚਾਇਆ ਜਾ ਸਕੇ ਪਰ ਉਹ ਨਹੀਂ ਬਚਿਆ ਅਤੇ ਉਹ ਆਪਣੇ ਪਿੱਛੇ ਆਪਣੀ ਪਤਨੀ ਅਤੇ ਦੋ ਛੋਟੀਆਂ- ਛੋਟੀਆਂ ਧੀਆਂ ਨੂੰ ਛੱਡ ਗਿਆ ਉਨ੍ਹਾਂ ਸਰਕਾਰ ਤੋਂ ਮਦਦ ਦੀ ਗੁਹਾਰ ਲਗਾਈ ਹੈ। ਕਿ ਉਹ ਹੁਣ ਕਰਜ ਵਿੱਚ ਡੁੱਬ ਚੁੱਕੇ ਹਨ। ਅਤੇ ਸਰਕਾਰ ਵੱਲੋਂ ਉਨ੍ਹਾਂ ਦੀ ਸਹਾਇਤਾ ਕੀਤੀ ਜਾਵੇ ਅਤੇ ਉਨ੍ਹਾਂ ਮੰਗ ਕੀਤੀ ਹੈ। ਕਿ ਜੋ ਪਾਕਿਸਤਾਨ ਦੀਆਂ ਫੈਕਟਰੀਆਂ ਵਿਚੋਂ ਗੰਦਾ ਪਾਣੀ ਭਾਰਤ ਵਿੱਚ ਆ ਰਿਹਾ ਹੈ। ਉਸਨੂੰ ਬੰਦ ਕੀਤਾ ਜਾਵੇ ਤਾਂ ਹੋਰ ਲੋਕ ਇਸ ਨਾਮੁਰਾਦ ਬਿਮਾਰੀ ਦੇ ਸਿਕਾਰ ਹੋਣ ਤੋਂ ਬਚ ਸਕਣ।