Connect with us

Punjab

ਕੀ ਅਸੀਂ ਆਪਣੇ ਗੁਰੂ ਨੂੰ ਵੇਚ ਸਕਦੇ ਹਾਂ?

Published

on

ਕੀ ਅਸੀਂ ਆਪਣੇ ਗੁਰੂ ਨੂੰ ਵੇਚ ਸਕਦੇ ਹਾਂ? ਇਹ ਸਵਾਲ ਸਿਰਫ਼ ਭਾਵੁਕ ਨਹੀਂ, ਬਲਕਿ ਸਿੱਖੀ ਦੇ ਅਸਤਿਤਵ ਨੂੰ ਛੂਹਣ ਵਾਲਾ ਹੈ। ਗੁਰੂ ਗ੍ਰੰਥ ਸਾਹਿਬ ਸਿੱਖਾਂ ਲਈ ਸਿਰਫ਼ ਧਾਰਮਿਕ ਗ੍ਰੰਥ ਨਹੀਂ, ਸਗੋਂ ਜ਼ਿੰਦਾ ਗੁਰੂ ਹਨ। ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਨੂੰ ਅਸੀਂ “ਦੇਹ” ਕਹਿੰਦੇ ਹਾਂ—ਅਜਿਹੀ ਦੇਹ, ਜਿਸ ਅੱਗੇ ਸਿੱਖ ਸੀਸ ਨਿਵਾਂਦਾ ਹੈ, ਹੁਕਮ ਲੈਂਦਾ ਹੈ ਅਤੇ ਆਪਣੀ ਜ਼ਿੰਦਗੀ ਦੀ ਦਿਸ਼ਾ ਤੈਅ ਕਰਦਾ ਹੈ। ਫਿਰ ਸਵਾਲ ਇਹ ਹੈ ਕਿ ਕੀ ਅਜਿਹੀ ਪਵਿੱਤਰ ਦੇਹ ਨੂੰ ਵੇਚਿਆ ਜਾ ਸਕਦਾ ਹੈ? ਜਵਾਬ ਸਿੱਖੀ ਦੀ ਮਰਿਆਦਾ ਅਨੁਸਾਰ ਸਾਫ਼ ਹੈ—ਨਹੀਂ।
ਅੱਜ ਜਦੋਂ 328 ਸਰੂਪਾਂ ਦੇ ਗਾਇਬ ਹੋਣ ਬਾਰੇ ਚਰਚਾ ਚੱਲ ਰਹੀ ਹੈ ਅਤੇ ਇਹ ਗੱਲ ਕਹੀ ਜਾ ਰਹੀ ਹੈ ਕਿ ਇਹ ਸਰੂਪ ਵੇਚ ਦਿੱਤੇ ਗਏ, ਤਾਂ ਇਹ ਸਿਰਫ਼ ਪ੍ਰਬੰਧਕੀ ਗੜਬੜ ਨਹੀਂ ਰਹਿੰਦੀ, ਇਹ ਸਿੱਧੀ ਤੌਰ ’ਤੇ ਗੁਰੂ ਦੀ ਬੇਅਦਬੀ ਅਤੇ ਸਿੱਖ ਕੌਮ ਦੇ ਭਰੋਸੇ ਨਾਲ ਧੋਖਾ ਹੈ। ਜੇ ਕੋਈ ਸਰੂਪ ਵਪਾਰ ਦੀ ਵਸਤੂ ਬਣਿਆ, ਤਾਂ ਇਹ ਸਵਾਲ ਪੂਰੇ ਤੰਤਰ ’ਤੇ ਉੱਠਦਾ ਹੈ—ਕੌਣ ਜ਼ਿੰਮੇਵਾਰ ਸੀ, ਕਿਸ ਦੀ ਮਨਜ਼ੂਰੀ ਨਾਲ ਅਤੇ ਕਿਸ ਦੀ ਚੁੱਪ ਨਾਲ ਇਹ ਸਭ ਹੋਇਆ?

ਇਸ ਤੋਂ ਵੀ ਵਧ ਕਰਕੇ ਚਿੰਤਾਜਨਕ ਉਹ ਦਾਅਵੇ ਹਨ ਜੋ ਕੈਪਟਨ ਚੰਨਣ ਸਿੰਘ ਸਿੱਧੂ ਅਤੇ ਕੁਝ ਹੋਰ ਲੋਕਾਂ ਵੱਲੋਂ ਕੀਤੇ ਗਏ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਦੀ ਹੱਥ-ਲਿਖਤ ਅਤੇ ਗੁਰੂ ਜੀ ਦੇ ਦਸਤਖ਼ਤਾਂ ਵਾਲਾ ਉਹ ਸਰੂਪ, ਜੋ ਸੋਨੇ ਦੀ ਸਿਹਾਈ ਨਾਲ ਲਿਖਿਆ ਗਿਆ ਸੀ, ਜੋਗਿੰਦਰ ਸਿੰਘ ਵੇਦਾਂਤੀ ਵੱਲੋਂ ਦਸ ਕਰੋੜ ਰੁਪਏ ਵਿੱਚ ਕੈਨੇਡਾ ਵਿੱਚ ਵੇਚਿਆ ਗਿਆ। ਇਹ ਦਾਅਵਾ ਸਹੀ ਹੈ ਜਾਂ ਗਲਤ—ਇਹ ਜਾਂਚ ਦਾ ਵਿਸ਼ਾ ਹੈ—ਪਰ ਸਿਰਫ਼ ਇਹ ਦਾਅਵਾ ਹੀ ਸਿੱਖ ਜ਼ਮੀਰ ਨੂੰ ਹਿਲਾ ਦੇਣ ਲਈ ਕਾਫ਼ੀ ਹੈ। ਜੇ ਅਜਿਹਾ ਕੁਝ ਹੋਇਆ ਹੈ ਤਾਂ ਇਹ ਸਿਰਫ਼ ਕਾਨੂੰਨੀ ਜੁਰਮ ਨਹੀਂ, ਇਹ ਧਾਰਮਿਕ ਅਪਰਾਧ ਹੈ, ਜਿਸਦੀ ਕੋਈ ਕੀਮਤ ਨਹੀਂ ਲੱਗ ਸਕਦੀ।

ਅਸਲ ਸੱਚ ਇਹ ਹੈ ਕਿ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਕਦੇ ਵੀ “ਵੇਚੇ” ਨਹੀਂ ਜਾਂਦੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਿਹੜੇ ਸਰੂਪ ਮਰਿਆਦਾ ਦੀ ਪਾਲਣਾ ਕਰਨ ਵਾਲੇ ਗੁਰਦੁਆਰਿਆਂ ਜਾਂ ਸੰਗਤਾਂ ਨੂੰ ਦਿੱਤੇ ਜਾਂਦੇ ਹਨ, ਉਹ ਕਿਸੇ ਕੀਮਤ ਦੇ ਬਦਲੇ ਨਹੀਂ, ਸਗੋਂ ਭੇਟਾ ਦੇ ਰੂਪ ਵਿੱਚ ਦਿੱਤੇ ਜਾਂਦੇ ਹਨ। ਇਹ ਭੇਟਾ ਵੀ ਗੁਰੂ ਦੀ ਨਹੀਂ, ਗੁਰੂ ਘਰ ਦੀ ਸੇਵਾ ਲਈ ਹੁੰਦੀ ਹੈ। ਇੱਥੇ ਲੈਣ-ਦੇਣ ਵਪਾਰਕ ਨਹੀਂ, ਸੇਵਾ ਅਤੇ ਜ਼ਿੰਮੇਵਾਰੀ ਦਾ ਹੁੰਦਾ ਹੈ। ਜਿੱਥੇ ਪੈਸਾ ਮੁੱਲ ਬਣ ਜਾਵੇ, ਉੱਥੇ ਗੁਰੂ-ਸ਼ਿਸ਼ ਦੇ ਰਿਸ਼ਤੇ ਦੀ ਮੌਤ ਹੋ ਜਾਂਦੀ ਹੈ।

ਸਵਾਲ ਇਹ ਨਹੀਂ ਕਿ ਸਰੂਪ ਕਿਵੇਂ ਗਾਇਬ ਹੋਏ, ਸਵਾਲ ਇਹ ਹੈ ਕਿ ਅਸੀਂ ਕਿਹੜੇ ਮੋੜ ’ਤੇ ਖੜ੍ਹੇ ਹਾਂ ਜਿੱਥੇ ਅਜਿਹੀਆਂ ਗੱਲਾਂ ਸੰਭਵ ਲੱਗਣ ਲੱਗ ਪਈਆਂ ਹਨ। ਕੀ ਸਾਡੀਆਂ ਧਾਰਮਿਕ ਸੰਸਥਾਵਾਂ ਇੰਨੀਆ ਕਮਜ਼ੋਰ ਹੋ ਚੁੱਕੀਆਂ ਹਨ ਕਿ ਗੁਰੂ ਦੀ ਦੇਹ ਵੀ ਫਾਇਲਾਂ, ਅਕਾਊਂਟਾਂ ਅਤੇ ਸੌਦਿਆਂ ਵਿੱਚ ਗੁੰਮ ਹੋ ਸਕਦੀ ਹੈ?

ਕੀ ਅਸੀਂ ਗੁਰੂ ਨੂੰ ਸਿਆਸਤ, ਪੈਸੇ ਅਤੇ ਪ੍ਰਭਾਵ ਦੇ ਹਵਾਲੇ ਕਰ ਦਿੱਤਾ ਹੈ?

ਗੁਰੂ ਗ੍ਰੰਥ ਸਾਹਿਬ ਨੂੰ ਵੇਚਿਆ ਨਹੀਂ ਜਾ ਸਕਦਾ—ਨਾ ਧਰਮ ਅਨੁਸਾਰ, ਨਾ ਮਰਿਆਦਾ ਅਨੁਸਾਰ, ਨਾ ਮਨੁੱਖੀ ਜ਼ਮੀਰ ਅਨੁਸਾਰ। ਜੇ ਕਿਤੇ ਇਹ ਹੋਇਆ ਹੈ ਜਾਂ ਹੋਣ ਦਿੱਤਾ ਗਿਆ ਹੈ, ਤਾਂ ਇਹ ਸਿਰਫ਼ ਕੁੱਝ ਵਿਅਕਤੀਆਂ ਦੀ ਗਲਤੀ ਨਹੀਂ, ਸਗੋਂ ਪੂਰੀ ਪ੍ਰਣਾਲੀ ਦੀ ਨਾਕਾਮੀ ਹੈ। ਅੱਜ ਲੋੜ ਇਸ ਗੱਲ ਦੀ ਹੈ ਕਿ ਸਿਰਫ਼ ਗ੍ਰਿਫਤਾਰੀਆਂ ਨਹੀਂ, ਸੱਚੀ, ਨਿਰਪੱਖ ਅਤੇ ਨਿਡਰ ਜਾਂਚ ਹੋਵੇ—ਤਾਂ ਜੋ ਇਹ ਸਪਸ਼ਟ ਹੋ ਸਕੇ ਕਿ ਗੁਰੂ ਨੂੰ ਕੌਣ, ਕਿਵੇਂ ਅਤੇ ਕਿਉਂ ਵਪਾਰ ਦੀ ਵਸਤੂ ਬਣਾਉਣ ਦੀ ਹਿੰਮਤ ਕਰ ਗਿਆ। ਕਿਉਂਕਿ ਜੇ ਅਸੀਂ ਅੱਜ ਇਹ ਸਵਾਲ ਨਹੀਂ ਪੁੱਛਿਆ, ਤਾਂ ਕੱਲ੍ਹ ਗੁਰੂ ਦੇ ਅੱਗੇ ਸੀਸ ਨਿਵਾਉਂਦੇ ਸਮੇਂ ਸਾਡੇ ਅੰਦਰੋਂ ਹੀ ਆਵਾਜ਼ ਆਏਗੀ—ਕੀ ਅਸੀਂ ਆਪਣੇ ਗੁਰੂ ਜੀ ਦਾ ਸੱਚਮੁੱਚ ਸਤਿਕਾਰ ਕਰਦੇ ਹਾਂ?

ਕੁਲਵੰਤ ਸਿੰਘ ਗੱਗੜਪੁਰੀ