Connect with us

Punjab

ਚੰਡੀਗੜ੍ਹ ਦੇ ਮੇਅਰ ਨੇ ਰੀਹੈਬਿਲੀਟੇਸ਼ਨ ਕਲੋਨੀ ‘ਚ ਸੈਕਟਰ 52 ਵਿਖੇ ਸਿਵਲ ਡਿਸਪੈਂਸਰੀ ਦਾ ਕੀਤਾ ਉਦਘਾਟਨ

Published

on

ਚੰਡੀਗੜ੍ਹ : ਚੰਡੀਗੜ੍ਹ ਦੇ ਮੇਅਰ ਸ੍ਰੀ ਰਵੀ ਕਾਂਤ ਸ਼ਰਮਾ ਨੇ ਅੱਜ ਚੰਡੀਗੜ੍ਹ ਨਗਰ ਨਿਗਮ ਦੇ ਕਮਿਸ਼ਨਰ ਸ੍ਰੀਮਤੀ ਅਨਿੰਦਿਤਾ ਮਿਤਰਾ (IAS) ਦੀ ਹਾਜ਼ਰੀ ਵਿੱਚ ਰੀਹੈਬਿਲੀਟੇਸ਼ਨ ਕਲੋਨੀ, ਸੈਕਟਰ 52, ਚੰਡੀਗੜ੍ਹ ਵਿਖੇ 1.23 ਕਰੋੜ ਰੁਪਏ ਦੀ ਲਾਗਤ ਨਾਲ ਉਸਾਰੀ ਗਈ ਨਵੀਂ ਸਿਵਲ ਡਿਸਪੈਂਸਰੀ ਦਾ ਉਦਘਾਟਨ ਕੀਤਾ।

ਇਹ ਡਿਸਪੈਂਸਰੀ ਸਥਾਨਕ ਖੇਤਰ ਦੇ ਲਗਭਗ 35000 ਵਸਨੀਕਾਂ ਦੀਆਂ ਲੋੜਾਂ ਦੀ ਪੂਰਤੀ ਕਰੇਗੀ। ਉਨ੍ਹਾਂ ਕਿਹਾ ਕਿ ਸਿਵਲ ਡਿਸਪੈਂਸਰੀ ਪਿੰਡ ਕਜਹੇੜੀ, ਈਡਬਲਯੂਐਸ/ ਰੀਹੈਬਿਲੀਟੇਸ਼ਨ ਕਲੋਨੀ, ਇਲੈਕਟ੍ਰੀਸਿਟੀ ਕਲੋਨੀ, ਸੈਕਟਰ 52 ਦੇ ਪੇਂਡੂ ਖੇਤਰ ਦੀਆਂ ਲੋੜਾਂ ਦੀ ਪੂਰਤੀ ਕਰੇਗੀ ਅਤੇ ਇਸ ਖੇਤਰ ਦੇ ਲੋਕਾਂ ਨੂੰ ਵਾਜਬ ਦਰਾਂ ‘ਤੇ ਡਾਕਟਰੀ ਇਲਾਜ ਲਈ ਮੁਹੱਈਆ ਕਰਵਾਏਗੀ। ਉਨ੍ਹਾਂ ਕਿਹਾ ਕਿ ਇਹ ਡਿਸਪੈਂਸਰੀ ਨਗਰ ਨਿਗਮ, ਚੰਡੀਗੜ੍ਹ ਦੇ ਨਾਲ ਕੰਮ ਕਰਨ ਵਾਲੇ ਸਟਾਫ ਖਾਸ ਤੌਰ ‘ਤੇ ਘਰ-ਘਰ ਜਾ ਕੇ ਕੂੜਾ ਇੱਕਠਾ ਕਰਨ ਵਾਲਿਆਂ ਦੀ ਨਿਯਮਤ ਜਾਂਚ ਲਈ ਵੀ ਕਰੇਗੀ ਅਤੇ ਇਸ ਦੇ ਨਾਲ ਹੀ ਡਾਕਟਰੀ ਸਿਹਤ ਸਹੂਲਤਾਂ ਮੁਹੱਈਆ ਕਰਵਾਏਗੀ।

ਨਗਰ ਨਿਗਮ ਵੱਲੋਂ ਪ੍ਰਬੰਧਿਤ ਸਿਵਲ ਡਿਸਪੈਂਸਰੀਆਂ ਦੀਆਂ ਵਿਸ਼ੇਸ਼ਤਾਵਾਂ ਅਤੇ ਸਹੂਲਤਾਂ ਬਾਰੇ ਵਿਸਥਾਰ ਨਾਲ ਦੱਸਦਿਆਂ ਕਮਿਸ਼ਨਰ ਨੇ ਕਿਹਾ ਕਿ ਸੈਕਟਰ 49 ਅਤੇ 50 ਵਿੱਚ ਦੋ ਡਿਸਪੈਂਸਰੀਆਂ ਦਾ ਪ੍ਰਬੰਧਨ ਪੀਜੀਆਈਐਮਈਆਰ ਵੱਲੋਂ ਕੀਤਾ ਜਾ ਰਿਹਾ ਹੈ ਅਤੇ ਇਹਨਾਂ ਵਿੱਚ ਵਰਤੀਆਂ ਜਾਣ ਵਾਲੀਆਂ ਦਵਾਈਆਂ ਡਾਇਰੈਕਟਰ, ਸਿਹਤ ਸੇਵਾਵਾਂ ਦਫ਼ਤਰ, ਚੰਡੀਗੜ੍ਹ ਦੁਆਰਾ ਮੁਹੱਈਆ ਕਰਵਾਈਆਂ ਜਾਂਦੀਆਂ ਹਨ ਅਤੇ ਇਸ ਡਿਸਪੈਂਸਰੀ ਲਈ ਵੀ ਉਸੇ ਤਰਜ਼ ‘ਤੇ ਪੀਜੀਆਈਐਮਈਆਰ ਦੇ ਨਾਲ ਇੱਕ ਸਮਝੌਤੇ ‘ਤੇ ਦਸਤਖਤ ਕਰਨ ਦੀ ਪ੍ਰਕਿਰਿਆ ਸ਼ੁਰੂ ਕੀਤੀ ਗਈ ਹੈ।

ਉਹਨਾਂ ਸਿਵਲ ਡਿਸਪੈਂਸਰੀ ਵਿੱਚ ਮੁਹੱਈਆ ਕਰਵਾਏ ਗਏ ਬੁਨਿਆਦੀ ਢਾਂਚੇ ਬਾਰੇ ਵੀ ਦੱਸਿਆ ਕਿ ਇੱਥੇ ਦੋ ਡਾਕਟਰ ਰੂਮ, ਸਟੋਰ ਦੇ ਨਾਲ ਏਐਨਐਮ ਰੂਮ, ਇੰਜੈਕਸ਼ਨ ਰੂਮ, ਲੈਬਾਰਟਰੀ, ਸਟੋਰ ਅਤੇ ਚੌਕੀਦਾਰ, ਰਿਸੈਪਸ਼ਨ, ਫਾਰਮੇਸੀ ਸਟੋਰ ਦੇ ਨਾਲ ਰਜਿਸਟ੍ਰੇਸ਼ਨ ਰੂਮ ਹਨ ਅਤੇ ਇਸ ਦੇ ਨਾਲ ਹੀ ਪੁਰਸ਼ਾਂ ਅਤੇ ਮਹਿਲਾਵਾਂ ਲਈ ਟਾਇਲਟ ਬਲਾਕਾਂ ਦੀ ਸੁਵਿਧਾ ਹੈ।ਮੇਅਰ ਨੇ ਇਹ ਵੀ ਕਿਹਾ ਕਿ ਇਸ ਤੋਂ ਇਲਾਵਾ ਹੋਰ ਸੇਵਾਵਾਂ ਦੇ ਨਵੀਨੀਕਰਨ ਦਾ ਕੰਮ ਈਡਬਲਯੂਐਸ/ ਰੀਹੈਬਿਲੀਟੇਸ਼ਨ ਕਲੋਨੀ ਵੀ ਵਿੱਚ ਚੱਲ ਰਿਹਾ ਹੈ।

ਇਸ ਤੋਂ ਇਲਾਵਾ ਅੰਦਰੂਨੀ ਸੜਕਾਂ ਦੀ ਮੁਰੰਮਤ, ਪਿੰਡ ਕਜਹੇੜੀ ਦੀ ਫਿਰਨੀ ਅਤੇ ਗਲੀਆਂ ਵੀ ਬਣਾਈਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਪਿੰਡ ਕਜਹੇੜੀ ਵਿੱਚ ਕਮਿਊਨਿਟੀ ਸੈਂਟਰ ਦਾ ਨਿਰਮਾਣ ਕਾਰਜ ਚੱਲ ਰਿਹਾ ਹੈ ਅਤੇ ਇਹ ਜਲਦ ਹੀ ਮੁਕੰਮਲ ਹੋ ਜਾਵੇਗਾ।ਇਸ ਉਦਘਾਟਨ ਦੌਰਾਨ ਸ੍ਰੀਮਤੀ ਚੰਦਰਵਤੀ ਸ਼ੁਕਲਾ, ਏਰੀਆ ਕੌਂਸਲਰ, ਐਮਸੀਸੀ ਦੇ ਹੋਰ ਅਧਿਕਾਰੀ ਤੇ ਕੌਂਸਲਰ ਅਤੇ ਸਥਾਨਕ ਖੇਤਰ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਮੌਜੂਦ ਸਨ।

Continue Reading