Punjab
ਮੁੱਖ ਮੰਤਰੀ ਭਗਵੰਤ ਮਾਨ ਪਹੁੰਚੇ ਸੰਗਰੂਰ, ਪੀੜਤ ਪਰਿਵਾਰਾਂ ਨਾਲ ਕੀਤੀ ਮੁਲਾਕਾਤ

24 ਮਾਰਚ 2024: ਪੰਜਾਬ ਵਿੱਚ ਪਿਛਲੇ ਚਾਰ ਦਿਨਾਂ ਤੋਂ ਜ਼ਹਿਰੀਲੀ ਸ਼ਰਾਬ ਨੇ ਤਬਾਹੀ ਮਚਾਈ ਹੋਈ ਹੈ। ਇਸ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਪੀੜਤ ਪਰਿਵਾਰਾਂ ਨਾਲ ਮੁਲਾਕਾਤ ਕਰਨ ਲਈ ਸੰਗਰੂਰ ਪਹੁੰਚੇ ਹਨ। ਇਸ ਦੌਰਾਨ ਉਨ੍ਹਾਂ ਨੇ ਮ੍ਰਿਤਕਾਂ ਦੇ ਪਰਿਵਾਰਾਂ ਨਾਲ ਮੁਲਾਕਾਤ ਕੀਤੀ। ਸੰਗਰੂਰ ਮੁੱਖ ਮੰਤਰੀ ਭਗਵੰਤ ਮਾਨ ਦਾ ਗ੍ਰਹਿ ਜ਼ਿਲ੍ਹਾ ਹੈ।
ਟਿੱਬੀ ਰਵਿਦਾਸਪੁਰਾ ਕਲੋਨੀ ਦੇ ਲੋਕਾਂ ਨੇ ਦੱਸਿਆ ਕਿ ਇੱਥੇ ਸ਼ਰਾਬ ਦਾ ਕਾਰੋਬਾਰ ਸ਼ਰੇਆਮ ਚੱਲਦਾ ਹੈ। ਲੋਕਾਂ ਨੂੰ ਸਸਤੀ ਤੇ ਮੁਫ਼ਤ ਦੀ ਸ਼ਰਾਬ ਦਾ ਲਾਲਚ ਦੇ ਕੇ ਮਾਰਿਆ ਜਾ ਰਿਹਾ ਹੈ। ਸੰਗਰੂਰ ਜ਼ਿਲ੍ਹੇ ਵਿੱਚ ਜ਼ਹਿਰੀਲੀ ਸ਼ਰਾਬ ਕਾਰਨ ਚਾਰ ਦਿਨਾਂ ਵਿੱਚ 21 ਲੋਕਾਂ ਦੀ ਮੌਤ ਹੋ ਚੁੱਕੀ ਹੈ। ਜ਼ਹਿਰੀਲੀ ਸ਼ਰਾਬ ਪੀਣ ਕਾਰਨ ਪਿੰਡ ਗੁੱਜਰਾਂ ਵਿੱਚ ਬੁੱਧਵਾਰ ਨੂੰ ਚਾਰ, ਵੀਰਵਾਰ ਨੂੰ ਪੰਜ, ਸ਼ੁੱਕਰਵਾਰ ਨੂੰ ਸੁਨਾਮ ਵਿੱਚ ਅੱਠ ਅਤੇ ਸ਼ਨੀਵਾਰ ਨੂੰ ਚਾਰ ਵਿਅਕਤੀਆਂ ਦੀ ਮੌਤ ਹੋ ਗਈ।
ਪੁਲਿਸ ਨੇ ਮਾਮਲੇ ਦੀ ਜਾਂਚ ਲਈ ਉੱਚ ਪੱਧਰੀ ਕਮੇਟੀ ਬਣਾ ਦਿੱਤੀ ਹੈ। ਏਡੀਜੀਪੀ ਲਾਅ ਐਂਡ ਆਰਡਰ ਗੁਰਿੰਦਰ ਢਿੱਲੋਂ ਆਈਪੀਐਸ ਦੀ ਅਗਵਾਈ ਵਿੱਚ ਚਾਰ ਮੈਂਬਰੀ ਐਸਆਈਟੀ, ਜਿਸ ਵਿੱਚ ਡੀਆਈਜੀ ਪਟਿਆਲਾ ਰੇਂਜ ਹਰਚਰਨ ਭੁੱਲਰ ਆਈਪੀਐਸ, ਐਸਐਸਪੀ ਸੰਗਰੂਰ ਸਰਤਾਜ ਚਾਹਲ ਆਈਪੀਐਸ ਅਤੇ ਵਧੀਕ ਕਮਿਸ਼ਨਰ (ਆਬਕਾਰੀ) ਨਰੇਸ਼ ਦੂਬੇ ਸ਼ਾਮਲ ਹਨ, ਜਾਂਚ ਦੀ ਨਿਗਰਾਨੀ ਕਰਨਗੇ।