Politics
ਪਾਗਲ ਵਾਲੇ ਬਿਆਨ ‘ਤੇ ਸੁਖਬੀਰ ਬਾਦਲ ਨੂੰ CM ਮਾਨ ਨੇ ਦਿੱਤਾ ਕਰਾਰਾ ਜਵਾਬ…

ਚੰਡੀਗੜ੍ਹ17 JUNE 2023: ਪੰਜਾਬ ਦੇ ਸੀਐਮ ਭਗਵੰਤ ਮਾਨ ਨੇ ਅੱਜ ਮਿਉਂਸਪਲ ਭਵਨ ਚੰਡੀਗੜ੍ਹ ਵਿਖੇ 410 ਨਵ-ਨਿਯੁਕਤ ਕਰਮਚਾਰੀਆਂ ਨੂੰ ਨਿਯੁਕਤੀ ਪੱਤਰ ਦਿੱਤੇ । ਇਸ ਦੌਰਾਨ ਜਿੱਥੇ ਉਨ੍ਹਾਂ ਨੇ ਸੰਬੋਧਨ ਕਰਦਿਆਂ ਸਥਾਨਕ ਸਰਕਾਰਾਂ, ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਨਵ-ਨਿਯੁਕਤ ਕਰਮਚਾਰੀਆਂ ਦੀ ਹੌਸਲਾ ਅਫਜ਼ਾਈ ਕੀਤੀ, ਉੱਥੇ ਹੀ ਵਿਰੋਧੀਆਂ ‘ਤੇ ਵੀ ਨਿਸ਼ਾਨਾ ਸਾਧਿਆ | ਸੀਐਮ ਮਾਨ ਨੇ ਕਿਹਾ ਕਿ ਸਾਡੀ ਸਰਕਾਰ ਦੀ ਨੀਅਤ ਚੰਗੀ ਹੈ ਅਤੇ ਨੌਜਵਾਨਾਂ ਨੂੰ ਨੌਕਰੀਆਂ ਦੇਣ ਦੀ ਸਾਡੀ ਪਹਿਲ ਹੈ। ਉੱਥੇ ਹੀ ਮਾਨ ਵੱਲੋਂ ਇਹ ਵੀ ਕਿਹਾ ਗਿਆ ਕਿ ਹੁਣ ਤੱਕ ਉਨ੍ਹਾਂ ਨੇ 29 ਹਜ਼ਾਰ ਤੋਂ ਵੱਧ ਨੌਕਰੀਆਂ ਦੇ ਦਿੱਤੀਆਂ ਹਨ। ਸੀਐਮ ਮਾਨ ਨੇ ਕਿਹਾ ਕਿ ਅੱਜ 410 ਪਰਿਵਾਰ ਵਿਕਾਸ ਵੱਲ ਵਧਣਗੇ।
ਇਸ ਦੌਰਾਨ ਸੀਐਮ ਮਾਨ ਨੇ ਵਿਰੋਧੀਆਂ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਵਿਰੋਧੀ ਉਸ ਵਿਰੁੱਧ ਇਕਜੁੱਟ ਹੋ ਗਏ ਹਨ ਅਤੇ ਉਸ ਨੂੰ ਹਰਾਉਣ ਲਈ ਕੁਝ ਨਾ ਕੁਝ ਕਾਰਨਾਮੇ ਕਰਦੇ ਹੀ ਰਹਿੰਦੇ ਹਨ। ਉਨ੍ਹਾਂ ਕਿਹਾ ਕਿ ਵਿਰੋਧੀਆਂ ਤੋਂ ਹਾਰ ਬਰਦਾਸ਼ਤ ਨਹੀਂ ਹੋ ਰਹੀ ਹੈ, ਇਸੇ ਲਈ ਵਿਰੋਧੀਆਂ ਵੱਲੋਂ ਮੈਨੂੰ ਬੁਰਾ ਕਿਹਾ ਜਾਂਦਾ ਹੈ ।
ਸੁਖਬੀਰ ਬਾਦਲ ਦੇ ਪਾਗਲ ਬਿਆਨ ਦਾ ਦਿੱਤਾ ਜਵਾਬ
ਸੀਐਮ ਨੇ ਸੁਖਬੀਰ ਬਾਦਲ ਦੇ ਪਾਗਲ ਬਿਆਨ ‘ਤੇ ਜਵਾਬ ਦਿੰਦਿਆਂ ਕਿਹਾ, ”ਮੈਂ ਉਹ ਪਾਗਲ ਹਾਂ ਜਿਸ ਨੇ ਕਦੇ ਵੀ ਮਾਫੀਆ ‘ਚ ਹਿੱਸਾ ਨਹੀਂ ਲਿਆ, ਮੈਂ ਉਹ ਪਾਗਲ ਹਾਂ, ਜਿਸ ਨੇ ਇੰਡਸਟਰੀ ਤੋਂ ਕਦੇ ਹਿੱਸਾ ਨਹੀਂ ਮੰਗਿਆ, ਮੈਂ ਉਹ ਪਾਗਲ ਹਾਂ, ਮੈਂ ਉਹ ਪਾਗਲ ਨਹੀਂ ਹਾਂ ਜਿਸ ਨੇ ਨਸ਼ਿਆਂ ਕਾਰਨ ਲੋਕਾਂ ਦੇ ਘਰ ਤਬਾਹ ਕਰ ਦਿੱਤੇ।” ਉਨ੍ਹਾਂ ਕਿਹਾ ਕਿ ਉਹ ਨੌਜਵਾਨਾਂ ਨੂੰ ਨੌਕਰੀਆਂ ਦੇਣ ਦਾ ਪਾਗਲ ਹੈ ਅਤੇ ਸਿੱਖਿਆ ਵਿੱਚ ਸੁਧਾਰ ਲਿਆਉਣ ਦਾ ਪਾਗਲ ਹੈ। ਉਨ੍ਹਾਂ ਨੌਜਵਾਨਾਂ ਨੂੰ ਅੱਗੇ ਵਧਣ ਅਤੇ ਤਰੱਕੀ ਦੇ ਰਾਹ ‘ਤੇ ਚੱਲਣ ਦਾ ਸੁਨੇਹਾ ਦਿੱਤਾ।