Jalandhar
ਜਲੰਧਰ ‘ਚ ਸ਼ੁਰੂ ਹੋਈ ‘CM ਦੀ ਯੋਗਸ਼ਾਲਾ’,15 ਹਜ਼ਾਰ ਦੇ ਕਰੀਬ ਲੋਕਾਂ ਦੇ ਨਾਲ CM ਨੇ ਕੀਤਾ ਯੋਗਾ

ਜਲੰਧਰ 20 JUNE 2023: ਅੰਤਰਰਾਸ਼ਟਰੀ ਯੋਗਾ ਦਿਵਸ ਤੋਂ ਠੀਕ ਇੱਕ ਦਿਨ ਪਹਿਲਾਂ ਅੱਜ ਜਲੰਧਰ ਵਿੱਚ “CM The Yogashala” ਦੀ ਸ਼ੁਰੂਆਤ ਹੋ ਗਈ ਹੈ । ਇੱਥੇ ਪੀ.ਏ.ਪੀ. ਹੈੱਡਕੁਆਰਟਰ ਦੇ ਖੇਡ ਮੈਦਾਨ ਵਿੱਚ ਕਰੀਬ 15 ਹਜ਼ਾਰ ਲੋਕਾਂ ਦੇ ਨਾਲ ਸੀਐਮ ਮਾਨ ਨੇ ਯੋਗਾ ਕੀਤਾ। ਇਸ ਮੌਕੇ ਰਾਘਵ ਚੱਢਾ ਸਣੇ ਕਈ ਮੰਤਰੀਆਂ ਨੇ ਹਿੱਸਾ ਲਿਆ।
ਮੁੱਖ ਮੰਤਰੀ ਨੇ ਇਸ ਸਬੰਧੀ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ ਤੇ ਲਿਖਿਆ ਹੈ- ਪੰਜਾਬੀ ਆਪਣੀ ਸਿਹਤ ਤੇ ਤੰਦਰੁਸਤੀ ਲਈ ਜਾਣੇ ਜਾਂਦੇ ਰਹੇ ਨੇ…ਸਾਡੀ ਸਰਕਾਰ ਨੇ #CMdiYogshala ਇੱਕ ਉਪਰਾਲਾ ਪੰਜਾਬ ਦੇ ਜ਼ਿਲ੍ਹਿਆਂ ‘ਚ ਸ਼ੁਰੂ ਕੀਤਾ ਤੇ ਲੋਕਾਂ ਦਾ ਭਰਵਾਂ ਹੁੰਗਾਰਾ ਮਿਲਿਆ… ਜਲੰਧਰ ਵਿਖੇ ਵੱਡੀ ਗਿਣਤੀ ‘ਚ ਲੋਕਾਂ ਨਾਲ ਯੋਗ ਕਰਿਆ.. ਅੱਜ ਪੂਰੇ ਪੰਜਾਬ ‘ਚ ਲਗਭਗ 50 ਹਜ਼ਾਰ ਤੋਂ ਜ਼ਿਆਦਾ ਲੋਕਾਂ ਨੇ ਇਸ ਮੁਹਿੰਮ ਨਾਲ ਜੁੜਕੇ ਯੋਗ ਕਰਿਆ…ਅਸੀਂ ਯੋਗ ਨੂੰ ਪੰਜਾਬ ਦੇ ਹਰ ਪਿੰਡ ਤੇ ਸ਼ਹਿਰ ਤੱਕ ਲੈਕੇ ਜਾਵਾਂਗੇ…ਪੰਜਾਬ ਨੂੰ ਤੰਦਰੁਸਤ ਸੂਬਾ ਬਣਾਵਾਂਗੇ….

ਮੁੱਖ ਮੰਤਰੀ ਭਗਵੰਤ ਮਾਨ ਨੇ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਹ ਸਿਹਤ ਲਈ ਆਪਣੇ ਰੁਝੇਵਿਆਂ ਵਿੱਚੋਂ ਸਮਾਂ ਕੱਢਣ, ਜੇਕਰ ਉਹ ਸਿਹਤਮੰਦ ਰਹਿਣਗੇ ਤਾਂ ਉਹ ਸਕਾਰਾਤਮਕ ਰਹਿਣਗੇ। ਮੇਰਾ ਮਕਸਦ ਹੈ ਮੇਰਾ ਪੰਜਾਬ ਤੰਦਰੁਸਤ ਹੋਵੇ। ਕੇਜਰੀਵਾਲ ਨੇ ਦਿੱਲੀ ਵਿੱਚ ਯੋਗਸ਼ਾਲਾ ਸ਼ੁਰੂ ਕੀਤੀ ਸੀ, ਪਰ ਐੱਲ.ਜੀ. ਨੇ ਇਸ ਨੂੰ ਬੰਦ ਕਰ ਦਿੱਤਾ ਓਥੇ ਹੀ ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਤੁਹਾਡੇ ਇਲਾਕੇ ਦੇ 25 ਵਿਅਕਤੀ ਇਕੱਠੇ ਯੋਗਾ ਕਰਨਾ ਚਾਹੁੰਦੇ ਹਨ ਤਾਂ ਸਰਕਾਰ ਨੂੰ 7669400500 ‘ਤੇ ਮਿਸ ਕਾਲ ਕਰਨ, ਤੇ ਯੋਗਾ ਟ੍ਰੇਨਰ ਤੁਹਾਡੇ ਤੱਕ ਮੁਫ਼ਤ ਪਹੁੰਚ ਜਾਵੇਗਾ।