Connect with us

Punjab

ਸ੍ਰੀ ਗੁਰੂ ਅਰਜਨ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਸਮੂਹ ਸੰਗਤਾਂ ਨੂੰ ਲੱਖ-ਲੱਖ ਵਧਾਈਆਂ

Published

on

ਸਿੱਖ ਇਤਿਹਾਸ:ਸ੍ਰੀ ਗੁਰੂ ਅਰਜਨ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਆਪ ਸਭ ਨੂੰ ਬਹੁਤ-ਬਹੁਤ ਵਧਾਈਆਂ:ਗੁਰੂ ਅਰਜਨ ਦੇਵ ਜੀ ਦਾ ਜਨਮ ਚੌਥੀ ਪਾਤਸ਼ਾਹੀ ਸ੍ਰੀ ਗੁਰੂ ਰਾਮਦਾਸ ਜੀ ਦੇ ਘਰ ਬੀਬੀ ਭਾਨੀ ਜੀ ਦੇ ਕੁਖੋਂ 1563 ਈ. ਦੇ ਵਿਚ ਗੋਇੰਦਵਾਲ ਸਾਹਿਬ ਵਿਖੇ ਹੋਇਆ।ਗੁਰੂ ਸਾਹਿਬ ਦਾ 11 ਸਾਲ ਤੱਕ ਦਾ ਬਚਪਨ ਆਪਣੇ ਨਾਨਾ ਜੀ ਸ੍ਰੀ ਗੁਰੂ ਅਮਰਦਾਸ ਜੀ ਕੋਲ ਬੀਤਿਆ।

ਸ੍ਰੀ ਗੁਰੂ ਅਮਰਦਾਸ ਜੀ ਦੇ ਜੋਤੀ ਜੋਤਿ ਸਮਾਉਣ ਤੋਂ ਬਾਅਦ ਗੁਰੂ ਅਰਜਨ ਦੇਵ ਜੀ ਆਪਣੇ ਪਿਤਾ ਸ੍ਰੀ ਗੁਰੂ ਰਾਮਦਾਸ ਜੀ ਦੇ ਨਾਲ ਅੰਮ੍ਰਿਤਸਰ ਸਾਹਿਬ ਚਲੇ ਗਏ।ਗੁਰੂ ਅਰਜਨ ਦੇਵ ਜੀ ਦੇ ਪਿਤਾ ਸ੍ਰੀ ਗੁਰੂ ਰਾਮਦਾਸ ਜੀ ਨੇ ਸ੍ਰੀ ਅੰਮ੍ਰਿਤਸਰ ਸਾਹਿਬ ‘ਚ ਸਰੋਵਰ ਦੀ ਸੇਵਾ ਅਰੰਭ ਕੀਤੀ,ਜਿਸ ਨੂੰ ਪੂਰਾ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਕੀਤਾ।

ਗੁਰੂ ਅਰਜਨ ਦੇਵ ਜੀ ਨੇ ਸ੍ਰੀ ਹਰਿਮੰਦਿਰ ਸਾਹਿਬ ਦੀ ਸੇਵਾ ਆਪਣੀ ਦੇਖ ਰੇਖ ‘ਚ ਕਰਵਾਈ ਤੇ ਸ੍ਰੀ ਗੁਰੂ ਰਾਮਦਾਸ ਜੀ ਦੀ ਉਸਤਤ ਵਿੱਚ ਫੁਨਹੇ ਮ: 5 ਦੀ ਬਾਣੀ ਲਿਖੀ।
”ਹਾਥਿ ਕਲੰਮ ਅਗੰਮ ਮਸਤਕਿ ਲੇਖਾਵਤੀ ।।
”ਉਰਝਿ ਰਹਿਓ ਸਭ ਸੰਗਿ ਅਨੂਪ ਰੂਪਾਵਤੀ ।।
”ਉਸਤਤਿ ਕਹਨੁ ਨ ਜਾਇ ਮੁਖਹੁ ਤੁਹਾਰੀਆ ।।
”ਮੋਹਿ ਦੇਖਿ ਦਰਸੁ ਨਾਨਕ ਬਲਿਹਾਰੀਆ ।।
ਗੁਰੂ ਸਾਹਿਬ ਜੀ ਨੇ ਆਪਣੇ ਗੁਰਗੱਦੀ ਕਾਲ ਵਿਚ ਸਭ ਤੋਂ ਮਹਾਨ ਕੰਮ ਇਲਾਹੀ ਬਾਣੀ ਰਚਣ ਅਤੇ ਪਹਿਲੇ ਗੁਰੂ ਸਾਹਿਬਾਨਾਂ ਦੀ,ਸੰਤਾਂ,ਭਗਤਾਂ ਦੀ ਬਾਣੀ ਨੂੰ ਇਕੱਤਰ ਕਰਨ ਦਾ ਕੀਤਾ।ਗੁਰੂ ਸਾਹਿਬ ਜੀ ਨੇ ਇੱਕ ਮਹਾਨ ਗ੍ਰੰਥ ਸਾਹਿਬ ਤਿਆਰ ਕੀਤਾ ਜਿਸ ਵਿੱਚ 36 ਮਹਾਂਪੁਰਸ਼ਾਂ ਦੀ ਬਾਣੀ ਅੰਕਿਤ ਕੀਤੀ ਜਿਨ੍ਹਾਂ ਵਿੱਚ ਪੰਜ ਗੁਰੂ ਸਾਹਿਬਾਨਾਂ ਦੀ ਬਾਣੀ,15 ਭਗਤਾਂ ਦੀ ਬਾਣੀ ਦਾ ਸੰਗ੍ਰਹਿ ਤਿਆਰ ਕੀਤਾ।ਇਸ ਸੇਵਾ ਲਈ ਭਾਈ ਗੁਰਦਾਸ ਜੀ ਨੇ ਆਪਣੀ ਕਲਮ ਦੁਆਰਾ ਮਹਾਨ ਯੋਗਦਾਨ ਪਾਇਆ।

30 ਅਗਸਤ 1604 ਨੂੰ ਇਸ ਇਲਾਹੀ ਗ੍ਰੰਥ ਦਾ ਪਹਿਲੀ ਵਾਰ ਦਰਬਾਰ ਸਾਹਿਬ ਅੰਦਰ ਪ੍ਰਕਾਸ਼ ਕੀਤਾ ਗਿਆ ਤੇ ਬਾਬਾ ਬੁੱਢਾ ਜੀ ਨੇ ਪ੍ਰਥਮ ਗ੍ਰੰਥੀ ਦੇ ਤੌਰ ‘ਤੇ ਪਹਿਲਾਂ ਹੁਕਮਨਾਮਾ ਲਿਆ।

ਸ੍ਰੀ ਗੁਰੂ ਅਰਜਨ ਦੇਵ ਜੀ ਦੀ ਪੰਜਾਬੀ ਸਾਹਿਤ ਨੂੰ ਸਭ ਤੋਂ ਵੱਡੀ ਦੇਣ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਹੈ,ਜਿਸ ਵਿੱਚ ਸੱਤ ਗੁਰੂ ਸਾਹਿਬਾਨਾਂ ਤੋਂ ਬਿਨਾਂ ਉਨ੍ਹਾਂ ਭਗਤਾਂ,ਸੂਫੀ ਫਕੀਰਾਂ,ਭੱਟਾਂ ਆਦਿ ਦੀ ਰਚਨਾ ਦਰਜ ਹੈ,ਜਿਹੜੀ ਗੁਰਮਤਿ ਦੇ ਆਸ਼ੇ ਦੇ ਅਨੁਕੂਲ ਸੀ।ਗੁਰੂ ਗ੍ਰੰਥ ਸਾਹਿਬ ਵਿੱਚ ਗੁਰੂ ਅਰਜਨ ਦੇਵ ਜੀ ਦੀ ਸਭ ਤੋਂ ਵੱਧ ਬਾਣੀ ਦਰਜ ਹੈ,ਜਿਸਦੇ ਕੁੱਲ 2312 ਸ਼ਬਦ ਬਣਦੇ ਹਨ।

ਗੁਰੂ ਸਾਹਿਬ ਜੀ ਦੀਆਂ ਮੁੱਖ ਰਚਨਾਵਾਂ ‘ਚ (1) ਸੁਖਮਨੀ ਸਾਹਿਬ (2) ਬਾਰਹਮਾਂਹ (3) ਬਾਵਨ ਅੱਖਰੀ (4) ਫੁਨਹੇ ਮ:5 (5) ਮਾਰੂ ਡਖਣੇ (6) ਵਾਰਾਂ,ਸ਼ਾਮਿਲ ਹਨ
ਸੁਖਮਨੀ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਾਹਕਾਰ ਰਚਨਾ ਹੈ।ਇਸ ਦੀਆਂ ਕੁੱਲ 24 ਅਸ਼ਟਪਦੀਆਂ ਹਨ।ਹਰ ਅਸ਼ਟਪਦੀ ਦੇ ਆਰੰਭ ਵਿੱਚ ਇੱਕ ਸ਼ਲੋਕ ਅੰਕਿਤ ਹੈ,ਜਿਸ ਵਿੱਚ ਉਸ ਅਸ਼ਟਪਦੀ ਦਾ ਸਾਰ ਦਿੱਤਾ ਗਿਆ ਹੈ।ਜਿਸ ਦੀਆਂ 1977 ਤੁਕਾਂ ਹਨ।

ਸੁਖਮਨੀ ਦਾ ਅਰਥ ਹੈ ਮਨ ਨੂੰ ਸੁਖ ਦੇਣ ਵਾਲੀ ਬਾਣੀ ਜਿਸ ਵਿੱਚ ਦੱਸਿਆ ਹੈ ਕਿ ਮਨ ਨੂੰ ਸੁੱਖ ਸਿਰਫ ਨਾਮ ਜਪ ਕੇ ਹੋ ਸਕਦਾ ਹੈ।ਬਾਰਹਮਾਂਹ ਬਾਰ੍ਹਾਂ ਮਹੀਨਿਆਂ ਦੇ ਸੰਦਰਭ ਵਿੱਚ ਲਿਖੀ ਲੋਕ ਕਾਵਿ ਰਚਨਾ ਹੈ।ਇਸ ਰਚਨਾ ਦਾ ਮੁੱਖ ਧੁਰਾ ਪ੍ਰਕਿਰਤੀ ਹੈ।ਰੁੱਤਾਂ ਬਦਲਦੀਆਂ ਹਨ,ਪ੍ਰਕਿਰਤੀ ਵਿੱਚ ਤਬਦੀਲੀ ਆਉਂਦੀ ਹੈ।ਬਾਰਹਮਾਂਹ ਗੁਰੂ ਅਰਜਨ ਦੇਵ ਜੀ ਦੀ ਸ਼੍ਰੇਸ਼ਟ ਰਚਨਾ ਹੈ।ਗੁਰੂ ਗ੍ਰੰਥ ਸਾਹਿਬ ਵਿੱਚ ਸਿਰਫ਼ ਦੋ ਹੀ ਬਾਰਹਮਾਂਹ ਵਿੱਚ ਦਰਜ ਹਨ।ਗੁਰੂ ਅਰਜਨ ਦੇਵ ਰਚਿਤ ਬਾਰਹਮਾਂਹ ਵਿੱਚ ਪੰਜਾਬੀ ਦੀ ਪ੍ਰਧਾਨਤਾ ਹੈ :-
”ਸੱਚੇ ਮਾਰਗ ਚਲਦਿਆਂ ਉਸਤਤਿ ਕਰੇ ਜਹਾਨ’
ਬਾਵਨ ਅੱਖਰੀ-ਗੁਰੂ ਅਰਜਨ ਦੇਵ ਜੀ ਦੁਆਰਾ ਰਚਿਤ ਇਹ ਬਾਣੀ ‘ਦੇਵ ਨਾਗਰੀ ਲਿਪੀ ਦੀ ਵਰਣਮਾਲ ਦੇ ਅੱਖਰਾਂ ਦੇ ਆਧਾਰ ਤੇ ‘ਆਦਿ ਗ੍ਰੰਥ ਦੇ ‘ਗਉੜੀੱ ਰਾਗ ਵਿੱਚ ਅੰਕਿਤ ਹੈ।ਇਸ ਬਾਣੀ ਦੀਆਂ 55 ਪਉੜੀਆਂ ਹਨ ਤੇ ਹਰ ਇੱਕ ਪਉੜੀ ਨਾਲ ਇੱਕ ਸਲੋਕ ਅੰਕਿਤ ਹੈ।ਫਲਸਰੂਪ,ਸੰਤਾਂ ਦੀ ਚਰਣ ਧੂੜ ਬਨਣ ਦੀ ਕਾਮਨਾ ਵਿਸ਼ੇਸ਼ ਰੂਪ ਵਿੱਚ ਉਭਰਦੀ ਹੈ:-
”ਕਰਿ ਕਿਰਪਾ ਪ੍ਰਭ ਦੀਨ ਦਇਆਲਾ। ਤੋਰੇ ਸੰਤਨ ਕੀ ਮਨ ਹੋਇ ਰਵਾਲਾ ।।

ਗੁਰਬਾਣੀ ਵਿੱਚ ਅਧਿਆਤਮਿਕ ਵਾਰਾਂ ਦਾ ਚਿਤਰਣ ਮਿਲਦਾ ਹੈ।ਗੁਰੂ ਨਾਨਕ ਸਾਹਿਬ ਤੋਂ ਹੀ ਇਹਨਾਂ ਦੀ ਰਚਨਾ ਹੋਣੀ ਸ਼ੁਰੂ ਹੋ ਗਈ ਸੀ।ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ 22 ਅਧਿਆਤਮਿਕ ਵਾਰਾਂ ਦਰਜ ਹਨ।ਗੁਰੂ ਸਾਹਿਬ ਦੁਆਰਾ ਰਚਿਤ 6 ਵਾਰਾਂ ਦਾ ਵੇਰਵਾ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਵੱਖ-ਵੱਖ ਰਾਗਾ ਅਧੀਨ ਮਿਲਦਾ ਹੈ।ਗੁਰੂ ਸਾਹਿਬ ਨੇ ਰਾਗ ਪਉੜੀ,ਰਾਗ ਗੁਜਰੀ,ਰਾਗ ਜੈਤਸਰੀ,ਰਾਗ ਰਾਮਕਲੀ,ਰਾਮ ਮਾਰੂ ਅਤੇ ਰਾਗ ਬਸੰਤ ਵਿੱਚ ਬਾਣੀ ਰਚੀ।

ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦਾਂ ਦੇ ਸਰਤਾਜ ਵੀ ਕਹਿ ਕੇ ਵੀ ਨਿਵਾਜਿਆ ਜਾਂਦਾ ਹੈ ਕਿਉਂਕਿ ਗੁਰੂ ਸਾਹਿਬ ਦੀ ਸ਼ਹਾਦਤ ਕੋਈ ਆਮ ਸ਼ਹਾਦਤ ਨਹੀਂ ਸੀ।ਗੁਰੂ ਸਾਹਿਬ ਨੂੰ ਵੈਰੀਆਂ ਨੇ ਈਰਖਾ ਭਾਵ ਦੇ ਨਾਲ ਪਹਿਲਾਂ ਜਹਾਂਗੀਰ ਦੇ ਸਾਹਮਣੇ ਗੁਰੂ ਸਾਹਿਬ ਦੇ ਖਿਲਾਫ ਗੱਲਾਂ ਕੀਤੀਆਂ ਤੇ ਨਾਲ ਹੀ ਚੰਦੂ ਨੇ ਆਪਣਾ ਬਦਲਾ ਲੈਣ ਲਈ ਗੁਰੂ ਸਾਹਿਬ ਨੂੰ ਨਿਰਦਈਅਤਾ ਨਾਲ ਤੱਤੀ ਤਵੀ ‘ਤੇ ਬਿਠਾ ਕੇ ਸੀਸ ‘ਤੇ ਤੱਤੀ ਰੇਤ ਪਾਈ ਅਤੇ ਬਾਅਦ ਵਿੱਚ ਉਬਲਦੇ ਪਾਣੀ ਦੀ ਦੇਗ ਵਿੱਚ ਪਾਇਆ ਗਿਆ।

ਗੁਰੂ ਸਾਹਿਬ ਉਸ ਪ੍ਰਮਾਤਮਾ ਦਾ ਨਾਮ ਲੈਂਦੇ ਹੋਇ 1606 ਈ: ਦੇ ਵਿੱਚ ਜੋਤੀ ਜੋਤਿ ਸਮਾਂ ਗਏ।ਸ੍ਰੀ ਗੁਰੂ ਅਰਜਨ ਦੇਵ ਜੀ ਦੀ ਯਾਦ ਵਿੱਚ ਅੱਜ ਕੱਲ੍ਹ ਅੰਮ੍ਰਿਤਸਰ ਦੇ ਨੇੜੇ ਤਰਨਤਾਰਨ ਸਾਹਿਬ ਦੇ ਵਿੱਚ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਸਥਿਤ ਹੈ।
ਆਪ ਸਭ ਨੂੰ ਅਦਾਰਾ ਪੀਟੀਸੀ ਨੈਟਵਰਕ ਵਲੋਂ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਪ੍ਰਕਾਸ਼ ਪੁਰਬ ‘ਤੇ ਬਹੁਤ-ਬਹੁਤ ਮੁਬਾਰਕਾਂ।