Connect with us

Punjab

ਪ੍ਰੀਸ਼ਦ ਤੇ ਸੰਮਤੀ ਚੋਣਾਂ: AAP ਦੀ ਹੂੰਝਾਫੇਰ ਜਿੱਤ, ਕਲੇਸ਼ ਦੇ ਬਾਵਜੂਦ ਕਾਂਗਰਸ ਕਾਇਮ- ਬਾਦਲ ਦਲ ਦੋਫਾੜ ਹੋ ਕੇ ਵੀ ਜ਼ਿੰਦਾ!

Published

on

ਹਾਲ ਹੀ ਵਿੱਚ ਹੋਈਆਂ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਦੇ ਨਤੀਜੇ ਇੱਕ ਵਾਰ ਫਿਰ ਇਹ ਸਾਬਤ ਕਰਦੇ ਹਨ ਕਿ ਸਥਾਨਕ ਸਰਕਾਰਾਂ ਦੀਆਂ ਚੋਣਾਂ ਵਿੱਚ ਸੱਤਾ ਧਾਰੀ ਪਾਰਟੀ ਨੂੰ ਫ਼ਾਇਦਾ ਮਿਲਣਾ ਲਗਭਗ ਤੈਅ ਹੁੰਦਾ ਹੈ। ਆਮ ਆਦਮੀ ਪਾਰਟੀ ਨੇ ਇਨ੍ਹਾਂ ਚੋਣਾਂ ਵਿੱਚ ਵੱਡੀ ਜਿੱਤ ਦਰਜ ਕਰਦਿਆਂ ਬਲਾਕ ਸੰਮਤੀ ਦੀਆਂ 2838 ਵਿੱਚੋਂ 1529 ਅਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ 346 ਵਿੱਚੋਂ 218 ਸੀਟਾਂ ਜਿੱਤ ਕੇ ਆਪਣੀ ਸਰਦਾਰੀ ਕਾਇਮ ਰੱਖੀ ਹੈ। ਇਸ ਜਿੱਤ ਦੇ ਪਿੱਛੇ ਕਈ ਕਾਰਨ ਹਨ—ਸਰਕਾਰ ਤੋਂ ਵਿਕਾਸ ਫੰਡਾਂ ਦੀ ਉਮੀਦ, ਪ੍ਰਸ਼ਾਸਨਿਕ ਪ੍ਰਭਾਵ, ਅਤੇ ਆਮ ਲੋਕਾਂ ਦੀ ਇਹ ਸੋਚ ਕਿ ਮੌਕੇ ਦੀ ਸਰਕਾਰ ਨਾਲ ਰਹਿ ਕੇ ਕੰਮ ਕਰਵਾਇਆ ਜਾ ਸਕਦਾ ਹੈ। ਪਰ ਸਵਾਲ ਇਹ ਹੈ ਕਿ ਕੀ ਇਹ ਜਿੱਤ 2027 ਦੀਆਂ ਵਿਧਾਨ ਸਭਾ ਚੋਣਾਂ ਲਈ ਵੀ ਇੰਨੀ ਹੀ ਸੌਖੀ ਹੋਵੇਗੀ? ਇਥੇ ਹੀ ਇਹ ਨਤੀਜੇ ਸਿਆਸੀ ਤੌਰ ’ਤੇ ਦਿਲਚਸਪ ਹੋ ਜਾਂਦੇ ਹਨ।

ਕਾਂਗਰਸ: ਅੰਦਰੂਨੀ ਕਲੇਸ਼ ਦੇ ਬਾਵਜੂਦ ਦੂਜਾ ਸਥਾਨ
ਕਾਂਗਰਸ ਪਾਰਟੀ, ਜੋ ਪਿਛਲੇ ਕਾਫ਼ੀ ਸਮੇਂ ਤੋਂ ਘਰੇਲੂ ਕਲੇਸ਼, ਗੁੱਟਬੰਦੀ ਅਤੇ ਨੇਤ੍ਰਤਵ ਸੰਕਟ ਨਾਲ ਜੂਝ ਰਹੀ ਹੈ, ਨੇ ਇਨ੍ਹਾਂ ਚੋਣਾਂ ਵਿੱਚ ਦੂਜਾ ਸਥਾਨ ਹਾਸਲ ਕਰਕੇ ਸਾਰਿਆਂ ਨੂੰ ਹੈਰਾਨ ਕੀਤਾ ਹੈ। ਬਲਾਕ ਸੰਮਤੀ ਦੀਆਂ 611 ਅਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ 62 ਸੀਟਾਂ ਜਿੱਤ ਕੇ ਕਾਂਗਰਸ ਨੇ ਇਹ ਸੰਕੇਤ ਦੇ ਦਿੱਤਾ ਹੈ ਕਿ ਪਾਰਟੀ ਹਾਲੇ ਰਾਜਨੀਤਕ ਤੌਰ ’ਤੇ ਖਤਮ ਨਹੀਂ ਹੋਈ।ਤਰਨ ਤਾਰਨ ਜ਼ਿਮਨੀ ਚੋਣ ਤੋਂ ਬਾਅਦ ਕਾਂਗਰਸ ਨੂੰ ਸਭ ਤੋਂ ਹੇਠਲੇ ਪਾਏਦਾਨ ’ਤੇ ਮੰਨਿਆ ਜਾ ਰਿਹਾ ਸੀ ਪਰ ਇਹ ਨਤੀਜੇ ਦੱਸਦੇ ਹਨ ਕਿ ਕਾਂਗਰਸ ਦੀ ਕੈਡਰ ਅਤੇ ਵੋਟਰ ਬੇਸ ਹਾਲੇ ਵੀ ਮੌਜੂਦ ਹੈ। ਅੰਦਰੂਨੀ ਲੜਾਈਆਂ ਦੇ ਬਾਵਜੂਦ ਇਹ ਪ੍ਰਦਰਸ਼ਨ ਕਾਂਗਰਸ ਲਈ “ਆਕਸੀਜਨ” ਵਰਗਾ ਹੈ, ਜੋ ਉਸਨੂੰ 2027 ਵੱਲ ਨਵਾਂ ਹੌਸਲਾ ਦੇਵੇਗਾ।

ਅਕਾਲੀ ਦਲ ਬਾਦਲ: ਦੋਫਾੜ ਹੋ ਕੇ ਵੀ ਜ਼ਿੰਦਾ:-
ਇਨ੍ਹਾਂ ਚੋਣਾਂ ਦਾ ਸਭ ਤੋਂ ਵੱਡਾ ਸਿਆਸੀ ਸੰਦੇਸ਼ ਅਕਾਲੀ ਦਲ ਬਾਦਲ ਲਈ ਹੈ। ਦੋਫਾੜ, ਵਿਵਾਦਾਂ ਅਤੇ ਧਾਰਮਿਕ–ਸਿਆਸੀ ਟਕਰਾਵਾਂ ਦੇ ਬਾਵਜੂਦ ਬਾਦਲ ਦਲ ਨੇ 449 ਬਲਾਕ ਸੰਮਤੀ ਅਤੇ 46 ਜ਼ਿਲ੍ਹਾ ਪ੍ਰੀਸ਼ਦ ਸੀਟਾਂ ਜਿੱਤ ਕੇ ਤੀਜਾ ਸਥਾਨ ਹਾਸਲ ਕੀਤਾ ਹੈ। ਇਹ ਨਤੀਜੇ ਸਿੱਧਾ ਸੁਨੇਹਾ ਦਿੰਦੇ ਹਨ ਕਿ ਅਕਾਲੀ ਦਲ ਬਾਦਲ ਹਾਲੇ ਸਿਆਸਤ ਵਿੱਚ ਜ਼ਿੰਦਾ ਹੈ। ਪਿਛਲੇ ਸਮੇਂ ਦੌਰਾਨ ਪਾਰਟੀ ਵਿੱਚੋਂ ਵੱਡੇ ਆਗੂ ਨਿਕਲ ਕੇ ਗਿਆਨੀ ਹਰਪ੍ਰੀਤ ਸਿੰਘ ਦੀ ਅਗਵਾਈ ਹੇਠ ਨਵਾਂ ਅਕਾਲੀ ਦਲ ਬਣਾਉਂਦੇ ਹਨ। ਸੁਖਬੀਰ ਸਿੰਘ ਬਾਦਲ ਉੱਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੀ ਉਲੰਘਣਾ ਦੇ ਦੋਸ਼ ਲੱਗੇ। ਦੋ ਦਸੰਬਰ 2024 ਨੂੰ ਜਾਰੀ ਹੁਕਮਾਂ ਮੁਤਾਬਕ ਸਾਂਝੀ ਭਰਤੀ ਕਮੇਟੀ ਬਣਾਈ ਗਈ ਸੀ, ਪਰ ਬਾਦਲ ਦਲ ਨੇ ਵੱਖਰੀ ਭਰਤੀ ਕੀਤੀ ਅਤੇ ਤਖਤ ਵੱਲੋਂ ਬਣੀ ਕਮੇਟੀ ਨੇ ਵੱਖਰੀ।  ਨਵੇਂ ਅਕਾਲੀ ਦਲ ਦੇ ਆਗੂ ਦਾਅਵਾ ਕਰ ਰਹੇ ਸਨ ਕਿ ਇਸ ਉਲੰਘਣਾ ਕਰਕੇ ਲੋਕ ਬਾਦਲ ਦਲ ਨੂੰ ਨਕਾਰ ਦੇਣਗੇ। ਪਰ ਨਤੀਜੇ ਇਸਦੇ ਉਲਟ ਬੋਲਦੇ ਹਨ। ਬਾਦਲ ਦਲ ਦੀ ਕਾਰਗੁਜ਼ਾਰੀ ਨਵੇਂ ਅਕਾਲੀ ਦਲ ਨਾਲੋਂ ਕਈ ਗੁਣਾ ਬਿਹਤਰ ਰਹੀ।

ਨਵਾਂ ਅਕਾਲੀ ਦਲ: ਉਮੀਦਾਂ ’ਤੇ ਪੂਰਾ ਨਹੀਂ ਉਤਰੇਆ:-
ਨਵੇਂ ਅਕਾਲੀ ਦਲ ਨੂੰ ਇਨ੍ਹਾਂ ਚੋਣਾਂ ਵਿੱਚ ਵੱਡਾ ਹੁੰਗਾਰਾ ਨਹੀਂ ਮਿਲਿਆ। ਹਾਲਾਂਕਿ ਮਨਪ੍ਰੀਤ ਸਿੰਘ ਇਯਾਲੀ ਨੂੰ ਆਪਣੇ ਹਲਕੇ ਵਿੱਚ ਬਹੁਤ ਵਧੀਆ ਸਹਿਯੋਗ ਮਿਲਿਆ ਅਤੇ ਉਸਦੇ ਸਾਰੇ ਉਮੀਦਵਾਰ ਜੇਤੂ ਰਹੇ, ਪਰ ਉਨ੍ਹਾਂ ਵੱਲੋਂ ਇਹ ਕਹਿ ਦੇਣਾ ਕਿ ਉਮੀਦਵਾਰਾਂ ਦਾ ਕਿਸੇ ਪਾਰਟੀ ਨਾਲ ਸਬੰਧ ਨਹੀਂ, ਖੁਦ ਪਾਰਟੀ ਦੀ ਅੰਦਰੂਨੀ ਅਸਪਸ਼ਟਤਾ ਵੱਲ ਇਸ਼ਾਰਾ ਕਰਦਾ ਹੈ। ਇਹ ਵੀ ਲੱਗਦਾ ਹੈ ਕਿ ਨਵੇਂ ਅਕਾਲੀ ਦਲ ਵਿੱਚ ਹਾਲੇ ਸਭ ਕੁਝ ਠੀਕ ਨਹੀਂ ਚੱਲ ਰਿਹਾ।

2027 ਦੀ ਤਸਵੀਰ: ਸਾਫ਼ ਨਹੀਂ, ਪਰ ਸੰਕੇਤ ਮਜ਼ਬੂਤ:-
ਆਮ ਆਦਮੀ ਪਾਰਟੀ ਜਿੱਤ ਕੇ ਨਿਸ਼ਚਿੰਤ ਜ਼ਰੂਰ ਹੋ ਸਕਦੀ ਹੈ, ਪਰ ਇਹ ਜਿੱਤ ਸਰਕਾਰੀ ਪ੍ਰਭਾਵ ਨਾਲ ਜੁੜੀ ਹੋਈ ਹੈ। ਦੂਜੇ ਪਾਸੇ ਕਾਂਗਰਸ ਅਤੇ ਅਕਾਲੀ ਦਲ ਬਾਦਲ ਦੂਜੇ ਤੇ ਤੀਜੇ ਸਥਾਨ ’ਤੇ ਆ ਕੇ ਖੁਸ਼ ਨਜ਼ਰ ਆ ਰਹੇ ਹਨ—ਅਤੇ ਖੁਸ਼ ਹੋਣਾ ਵੀ ਬਣਦਾ ਹੈ। ਦੋਵਾਂ ਪਾਰਟੀਆਂ ਨੂੰ ਨਵੀਂ ਸਿਆਸੀ ਆਕਸੀਜਨ ਮਿਲੀ ਹੈ। ਜੇ ਕਾਂਗਰਸ ਅੰਦਰੂਨੀ ਕਲੇਸ਼ ਕਾਬੂ ਕਰ ਲੈਂਦੀ ਹੈ ਅਤੇ ਅਕਾਲੀ ਦਲ ਬਾਦਲ ਆਪਣੀ ਗੁੰਮ ਹੋਈ ਭਰੋਸੇਯੋਗਤਾ ਮੁੜ ਬਣਾਉਂਦਾ ਹੈ, ਤਾਂ 2027 ਦੀ ਲੜਾਈ ਤਿਕੋਣੀ ਹੀ ਨਹੀਂ, ਕਾਫ਼ੀ ਤਿੱਖੀ ਹੋ ਸਕਦੀ ਹੈ।
ਅੰਤ ਵਿੱਚ, ਲੋਕਤੰਤਰ ਦੇ ਇਸ ਤਿਉਹਾਰ ਵਿੱਚ ਜਿੱਤ ਦਰਜ ਕਰਨ ਵਾਲੇ ਸਾਰੇ ਉਮੀਦਵਾਰਾਂ ਨੂੰ ਵਧਾਈ। ਇਹ ਨਤੀਜੇ ਸਿਰਫ਼ ਸਥਾਨਕ ਚੋਣਾਂ ਦੇ ਨਹੀਂ, ਸਗੋਂ ਪੰਜਾਬ ਦੀ ਆਉਣ ਵਾਲੀ ਸਿਆਸਤ ਦੇ ਸੰਕੇਤਕ ਨਕਸ਼ੇ ਹਨ।

ਕੁਲਵੰਤ ਸਿੰਘ ਗੱਗੜਪੁਰੀ

Continue Reading