Punjab
ਚੰਡੀਗੜ੍ਹ ‘ਚ ਬਲੈਕਆਊਟ ਦਾ ਖਤਰਾ, ਕਈ ਸੈਕਟਰਾਂ ‘ਚ ਲੱਗੇ ਬਿਜਲੀ ਦੇ ਕੱਟ
ਚੰਡੀਗੜ੍ਹ: ਚੰਡੀਗੜ੍ਹ ਵਿੱਚ ਬਿਜਲੀ ਦੇ ਨਿੱਜੀਕਰਨ ਦੇ ਖ਼ਿਲਾਫ਼ ਵਿਭਾਗ ਦੇ ਮੁਲਾਜ਼ਮ 3 ਦਿਨਾਂ ਤੋਂ ਹੜਤਾਲ ’ਤੇ ਚਲੇ ਗਏ ਹਨ, ਜਿਸ ਕਾਰਨ ਸ਼ਹਿਰ ਵਿੱਚ ਬਲੈਕਆਊਟ ਹੋਣ ਦਾ ਖਤਰਾ ਬਣਿਆ ਹੋਇਆ ਹੈ। ਸ਼ਹਿਰ ਵਿੱਚ ਬੀਤੀ ਰਾਤ ਤੋਂ ਹੀ ਬਿਜਲੀ ਦੀ ਸਮੱਸਿਆ ਸ਼ੁਰੂ ਹੋ ਗਈ ਹੈ। ਬਿਜਲੀ ਕਾਮਿਆਂ ਦੀ ਹੜਤਾਲ ਸ਼ੁਰੂ ਹੋਣ ਨਾਲ ਸੈਕਟਰ-20 ਏ, 22ਏ, 27, 35ਏ, 35ਬੀ, 43,44, 45 ਸੀ, 42ਬੀ, 52, 53, 56, 41ਏ, 63, 50, 28 ਡੀ, 37, 38 ਵੈਸਟ,ਮਨੀਮਾਜਰਾ, ਮੌਲੀਜਾਗਰਣ, ਵਿਕਾਸ ਨਗਰ, ਮੌਲੀ ਪਿੰਡ ਅਤੇ ਕਿਸ਼ਨਗੜ੍ਹ ਦੇ ਕਈ ਹਿੱਸਿਆਂ ਵਿੱਚ ਬਿਜਲੀ ਗੁੱਲ ਰਹੀ।
ਵਿਭਾਗ ਵੱਲੋਂ ਜਾਰੀ ਕੀਤੇ ਗਏ ਹੈਲਪਲਾਈਨ ਨੰਬਰਾਂ ‘ਤੇ ਵੀ ਲੋਕਾਂ ਨੂੰ ਕੋਈ ਮਦਦ ਨਹੀਂ ਮਿਲ ਰਹੀ। ਇਸ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬਿਜਲੀ ਕੱਟ ਕਾਰਨ ਕਈ ਘਰਾਂ ਨੂੰ ਸਵੇਰ ਤੋਂ ਪਾਣੀ ਦੀ ਸਪਲਾਈ ਵੀ ਨਹੀਂ ਹੋ ਸਕੀ। ਜਿਨ੍ਹਾਂ ਘਰਾਂ ਵਿਚ ਇਨਵਰਟਰ ਲੱਗੇ ਹੋਏ ਹਨ, ਉਹ ਵੀ ਚਿੰਤਾ ਵਿਚ ਹਨ ਕਿਉਂਕਿ ਜੇਕਰ ਜ਼ਿਆਦਾ ਦੇਰ ਤੱਕ ਬਿਜਲੀ ਕੱਟ ਲੱਗੇ ਤਾਂ ਇਨਵਰਟਰ ਵੀ ਕੁਝ ਘੰਟੇ ਚੱਲਣ ਤੋਂ ਬਾਅਦ ਬੰਦ ਹੋ ਜਾਂਦੇ ਹਨ। ਕਰਮਚਾਰੀਆਂ ਦੀ ਹੜਤਾਲ ਕਾਰਨ ਪੂਰਾ ਸ਼ਹਿਰ ਹਨੇਰੇ ਵਿੱਚ ਡੁੱਬ ਸਕਦਾ ਹੈ।