Amritsar
31 ਮਾਰਚ ਤੱਕ ਪੰਜਾਬ ‘ਚ ਲੱਗਿਆ ਕਰਫ਼ਿਊ,

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੋਰੋਨਾ ਵਾਇਰਸ ਦੇ ਵੱਡੇ ਖ਼ਤਰੇ ਨੂੰ ਵੇਖਦਿਆਂ ਸਮੁੱਚੇ ਪੰਜਾਬ ’ਚ ਕਰਫ਼ਿਊ ਲਾਉਣ ਦਾ ਐਲਾਨ ਕਰ ਦਿੱਤਾ ਹੈ। ਦਰਅਸਲ, ਲੋਕ ਸੜਕਾਂ ਉੱਤੇ ਆਉਣ ਤੋਂ ਹਟ ਨਹੀਂ ਰਹੇ ਤੇ ਜਿਸ ਕਾਰਨ ਵਾਇਰਸ ਦੇ ਤੇਜ਼ੀ ਨਾਲ ਫੈਲਣ ਦਾ ਡਰ ਹੈ।
ਇਸੇ ਲਈ ਹੁਣ ਮੁੱਖ ਮੰਤਰੀ ਨੇ ਮੁੱਖ ਸਕੱਤਰ ਤੇ ਡੀਜੀਪੀ ਨਾਲ ਸੂਬੇ ਦੇ ਸਮੁੱਚੇ ਹਾਲਾਤ ਦਾ ਜਾਇਜ਼ਾ ਲੈਣ ਤੋਂ ਬਾਅਦ ਕਰਫ਼ਿਊ ਲਾਉਣ ਦਾ ਐਲਾਨ ਕਰ ਦਿੱਤਾ ਹੈ।
ਇਸ ਲਈ ਕਰਫ਼ਿਊ ’ਚ ਕਿਸੇ ਤਰ੍ਹਾਂ ਦੀ ਕੋਈ ਢਿੱਲ ਨਹੀਂ ਦਿੱਤੀ ਜਾਵੇਗੀ। ਸਬੰਧਤ 22 ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰ ਹੀ ਕਰਫ਼ਿਊ ਲਾਉਣ ਦਾ ਐਲਾਨ ਕਰਨਗੇ। ਜਿਕਰਯੋਗ ਹੈ ਇਸ ਕਰਫ਼ਿਊ ’ਚ ਢਿੱਲ ਕਦੋਂ ਦੇਣੀ ਐ ਇਸ ਦਾ ਐਲਾਨ ਵੀ ਡਿਪਟੀ ਕਮਿਸ਼ਨਰ ਹੀ ਕਰਨਗੇ।
ਕਰਫ਼ਿਊ ਦੇ ਹੁਕਮ ਪੈਰਾ–ਮਿਲਟਰੀ ਫੋਰਸਿਜ਼ , ਮਿਲਟਰੀ ਫੋਰਸਿਜ਼ ਅਤੇ ਸਰਕਾਰੀ ਅਧਿਕਾਰੀ/ਕਰਮਚਾਰੀ ਜਿਹੜੇ ਐਮਰਜੈਂਸੀ ਦੇ ਤੌਰ ਤੇ ਡਿਊਟੀ ਤਾਇਨਾਤ ਹਨ ਉਨ੍ਹਾਂ ਤੇ ਲਾਗੂ ਨਹੀਂ ਹੋਣਗੇ। ਉਨ੍ਹਾਂ ਕਿਹਾ ਕਿ ਕਰਫਿਊ ਦੌਰਾਨ ਜ਼ਿਲ੍ਹੇ ਦੇ ਕੁੱਝ ਖੇਤਰਾਂ ਵਿੱਚ ਐਮਰਜੰਸੀ ਸੇਵਾਵਾਂ ਲਈ ਪੈਟਰੋਲ ਪੰਪ , ਮੈਡੀਕਲ ਸ਼ਾਪਸ , ਗੈਸ ਏਜੰਸੀਜ਼ ਅਤੇ ਕਰਿਆਨਾ ਸਟੋਰ ਖੋਲਣ ਦੀ ਛੋਟ ਹੋਵੇਗੀ।
ਇਸ ਸਬੰਧੀ ਸੂਚਨਾ ਬਾਅਦ ਵਿੱਚ ਜਾਰੀ ਕਰ ਦਿੱਤੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਸਾਰੇ ਹਸਪਤਾਲ ਪਹਿਲਾਂ ਦੀ ਤਰ੍ਹਾਂ ਖੁੱਲੇ ਰਹਿਣਗੇ। ਉਨ੍ਹਾਂ ਨੇ ਕਿਹਾ ਕਿ ਕਰਫਿਊ ਦੌਰਾਨ ਜ਼ਿਲ੍ਹੇ ਦੇ ਸਾਰੇ ਬਜ਼ਾਰ ਅਤੇ ਦੁਕਾਨਾਂ ਬੰਦ ਰਹਿਣਗੀਆਂ। ਉਨ੍ਹਾਂ ਨੇ ਸਮੂਹ ਵਾਸੀਆਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਉਹ ਆਪਣੇ ਘਰਾਂ ਵਿੱਚ ਹੀ ਰਹਿਣ ਅਤੇ ਬਿਲਕੁੱਲ ਵੀ ਘਰਾਂ ਵਿਚੋਂ ਬਾਹਰ ਨਾ ਨਿਕਲਣ । ਇਨ੍ਹਾਂ ਹੁਕਮਾਂ ਦੀ ਉਲੰਘਣਾ ਕਰਨ ਵਾਲੇ ਖਿਲਾਫ ਸਖਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ ।