Connect with us

Uncategorized

‘ਧਰਤ ਦਿਵਸ’ ਮੌਕੇ ਜੰਗਲਾਂ ਨੂੰ ਅੱਗਾਂ ਤੋਂ ਬਚਾਉਣ ਦਾ ਸਾਧੂ ਸਿੰਘ ਧਰਮਸੋਤ ਵੱਲੋਂ ਸੱਦਾ

Published

on

sadhu singh dharamot

ਸ. ਸਾਧੂ ਸਿੰਘ ਧਰਮਸੋਤ ਜੋ ਕਿ ਪੰਜਾਬ ਦੇ ਜੰਗਲਾਤ ਮੰਤਰੀ ਹਨ ਉਨ੍ਹਾਂ ਨੇ ਧਰਮ ਦਿਵਸ ਮੌਕੇ ਸੂਬੇ ਦੇ ਜੰਗਲਾਂ ਤੇ ਜੰਗਲੀ ਜਾਨਵਰਾਂ ਨੂੰ ਅੱਗਾਂ ਤੋਂ ਬਚਾਉਣ ਲਈ ਸੂਬੇ ਦੇ ਲੋਕਾਂ ਤੋਂ ਸਹਿਯੋਗ ਦੀ ਮੰਗ ਕੀਤੀ ਹੈ। ਜੰਗਲ ਨੇੜਲੇ ਖੇਤਾਂ ਨੂੰ ਅੱਗ ਤੋਂ ਬਚਾਉਣ ਲਈ ਲੋਕਾਂ ਅਤੇ ਵਿਸ਼ੇਸ਼ ਤੌਰ ‘ਤੇ ਕਿਸਾਨਾਂ ਤੋਂ ਸਹਿਯੋਗ ਦੀ ਮੰਗ ਕਰਦਿਆਂ ਸ. ਧਰਮਸੋਤ ਨੇ ਕਿਹਾ ਕਿ ਗਰਮੀ ਦੇ ਮੌਸਮ ਵਿੱਚ ਜੰਗਲੀ ਰਕਬਿਆਂ ਵਿੱਚ ਅੱਗਾਂ ਲੱਗਣ ਦਾ ਖ਼ਤਰਾ ਵਧ ਜਾਂਦਾ ਹੈ। ਸੜਕਾਂ, ਨਹਿਰਾਂ, ਡਰੇਨਾਂ ਅਤੇ ਰੇਲ ਪਟੜੀਆਂ ਦੇ ਨਾਲ ਲਗਦੇ ਖੇਤਰਾਂ ‘ਚ ਕਿਸਾਨਾਂ ਵੱਲੋਂ ਕਣਕ ਦੇ ਨਾੜ ਨੂੰ ਅੱਗ ਲਾਉਣ ਨਾਲ ਇਨ੍ਹਾਂ ਜੰਗਲੀ ਖੇਤਰਾਂ ‘ਚ ਅੱਗ ਲੱਗਣ ਦਾ ਖ਼ਤਰਾ ਬਹੁਤ ਜ਼ਿਆਦਾ ਹੈ। ਜੰਗਲੀ ਬਲਾਕਾਂ, ਜੰਗਲੀ ਜੀਵ ਰੱਖਾਂ ਅਤੇ ਬੰਦ ਰਕਬਿਆਂ ਵਿੱਚ ਬਿਨਾਂ ਸੋਚੇ ਸਮਝੇ ਬੀੜੀ-ਸਿਗਰਟ ਦਾ ਟੁਕੜਾ ਸੁੱਟਣ ਨਾਲ, ਸ਼ਹਿਦ ਇਕੱਠਾ ਕਰਨ ਵਾਲਿਆਂ ਜਾਂ ਪਸ਼ੂ ਚਾਰਨ ਵਾਲਿਆਂ ਵੱਲੋਂ ਅੱਗ ਬਾਲਣ ਨਾਲ ਜੰਗਲੀ ਇਲਾਕਿਆਂ ‘ਚ ਅੱਗ ਲੱਗ ਜਾਂਦੀ ਹੈ, ਜਿਸ ਨਾਲ ਜੰਗਲੀ ਜੀਵਾਂ ਅਤੇ ਜੰਗਲਾਂ ਦਾ ਬਹੁਤ ਨੁਕਸਾਨ ਹੋ ਜਾਂਦਾ ਹੈ।

ਸ. ਧਰਮਸੋਤ ਨੇ ਸੂਬਾ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਕਣਕ ਦੇ ਨਾੜ ਨੂੰ ਅੱਗ ਨਾ ਲਗਾਉਣ ਨਾਲ ਜਿੱਥੇ ਖੇਤਾਂ ਨਾਲ ਲਗਦੀ ਜੰਗਲਾਤ ਦੀ ਸੰਪਤੀ ਦਾ ਨੁਕਸਾਨ ਹੋਣ ਤੋਂ ਬਚਾਇਆ ਜਾ ਸਕਦਾ ਹੈ, ਉੱਥੇ ਹੀ ਇਸ ਨਾਲ ਵਾਤਾਵਰਣ ਪ੍ਰਦੂਸ਼ਤ ਹੋਣ ਤੋਂ ਰੋਕਿਆ ਜਾ ਸਕਦਾ ਹੈ। ਉਨ੍ਹਾਂ ਬੀੜਾਂ ਦੇ ਆਸ-ਪਾਸ ਰਹਿਣ ਵਾਲੇ ਵਸਨੀਕਾਂ ਅਤੇ ਕੰਢੀ ਏਰੀਏ ਦੇ ਵਸਨੀਕਾਂ ਨੂੰ ਅਪੀਲ ਕੀਤੀ ਕਿ ਜਾਣੇ-ਅਣਜਾਣੇ ਵਿੱਚ ਬੀੜੀ-ਸਿਗਰਟ ਆਦਿ ਦਾ ਜਲਦਾ ਟੁਕੜਾ ਨਾ ਸੁੱਟਿਆ ਜਾਵੇ ਅਤੇ ਕੋਈ ਅੱਗ ਨਾ ਲਾਈ ਜਾਵੇ। ਉਨਾਂ ਕਿਹਾ ਕਿ ਜੇਕਰ ਕਿਸੇ ਕਾਰਨ ਅੱਗ ਬਾਲਣ ਦੀ ਲੋੜ ਹੋਵੇ ਤਾਂ ਉਸ ਨੂੰ ਪੂਰੀ ਤਰਾਂ ਬੁਝਾਇਆ ਜਾਵੇ ਤਾਂ ਕਿ ਜੰਗਲ, ਜੰਗਲਾਤ ਸੰਪਤੀ ਅਤੇ ਜੰਗਲੀ ਜੀਵ ਅੱਗ ਦੀ ਲਪੇਟ ‘ਚ ਆਉਣ ਤੋਂ ਬਚ ਸਕਣ।

ਸ. ਧਰਮਸੋਤ ਨੇ ਅੱਗੇ ਕਿਹਾ ਜੰਗਲੀ ਖੇਤਰਾਂ ਨੂੰ ਅੱਗ ਲੱਗਣ ਦੀ ਸੂਰਤ ਵਿੱਚ ਸੂਬਾ ਵਾਸੀ ਪੁਲੀਸ, ਮਾਲ ਵਿਭਾਗ, ਫਾਇਰ ਵਿਭਾਗ ਅਤੇ ਜੰਗਲਾਤ ਵਿਭਾਗ ਦੀ ਮਦਦ ਲੈਣ ਅਤੇ ਸੂਚਨਾ ਸਾਂਝੀ ਕਰਨ ਦੀ ਖੇਚਲ ਕਰਨ। ਉਨਾਂ ਕਿਹਾ ਕਿ ਅੱਗਾਂ ਦੀ ਰੋਕਥਾਮ ਲਈ ਵੱਖ-ਵੱਖ ਜ਼ਿਲਿਆਂ ਦੇ ਵਣ ਮੰਡਲਾਂ ਦੇ ਸੰਪਰਕ ਨੰਬਰਾਂ ‘ਤੇ ਅਤੇ ਹੈਲਪ ਲਾਈਨ ਨੰਬਰਾਂ ‘ਤੇ ਸੂਚਨਾ ਦਿੱਤੀ ਜਾ ਸਕਦੀ ਹੈ। ਕਿਸੇ ਨਾਗਰਿਕ ਨੂੰ ਜਦੋਂ ਵੀ ਕਿਸੇ ਜੰਗਲ ਵਿੱਚ ਅੱਗ ਲੱਗਣ ਦੀ ਸੂਚਨਾ ਮਿਲਦੀ  ਹੈ ਤਾਂ ਤੁਰੰਤ ਇਸ ਦੀ ਸੂਚਨਾ ਸਬੰਧਤ ਜੰਗਲਾਤ ਅਧਿਕਾਰੀ/ਕਰਮਚਾਰੀ ਨੂੰ ਦੇਣ ਦੀ ਖੇਚਲ ਕੀਤੀ ਜਾਵੇ। ਵਿਭਾਗ ਦੇ ਅਧਿਕਾਰੀਆਂ ਨੂੰ ਸੂਬੇ ਦੇ ਸਮੁੱਚੇ ਜੰਗਲਾਤ ਖੇਤਰਾਂ ‘ਚ ਗਸ਼ਤ ਵਧਾਉਣ ਅਤੇ ਅੱਗਾਂ ਤੇ ਹੋਰਨਾਂ ਖ਼ਤਰਿਆਂ ਸਬੰਧੀ ਸੰਵੇਦਨਸ਼ੀਲ ਖੇਤਰਾਂ ਦੀ ਪਛਾਣ ਕਰਕੇ ਰਿਪੋਰਟ ਦੇਣ ਦੇ ਨਿਰਦੇਸ਼ ਵੀ ਦਿੱਤੇ ਗਏ ਹਨ।