Connect with us

Business

ਹੁਣ ਜਲਦ ਹੀ 100 ਰੁਪਏ ਤੋਂ ਪਾਰ ਹੋ ਸਕਦਾ ਹੈ ਡੀਜ਼ਲ

Published

on

petrol diesel price rise

ਪੈਟਰੋਲ ਦੀ ਤਰ੍ਹਾਂ ਹੁਣ ਜਲਦ ਹੀ ਡੀਜ਼ਲ ਵੀ ਕਈ ਜਗ੍ਹਾ 100 ਰੁਪਏ ਪ੍ਰਤੀ ਲਿਟਰ ਹੋ ਸਕਦਾ ਹੈ। ਕਈ ਸ਼ਹਿਰਾਂ ਵਿਚ ਇਹ ਇਸ ਦੇ ਨਜ਼ਦੀਕ ਪਹੁੰਚ ਚੁੱਕਾ ਹੈ। ਰਾਜਸਥਾਨ ਦੇ ਸ਼੍ਰੀਗੰਗਾਨਗਰ ਵਿਚ ਡੀਜ਼ਲ ਦੀ ਕੀਮਤ 99 ਰੁਪਏ 24 ਪੈਸੇ ਹੋ ਗਈ ਹੈ, ਜੋ ਜਲਦ 100 ਰੁਪਏ ਪ੍ਰਤੀ ਲਿਟਰ ਤੋਂ ਪਾਰ ਹੋ ਸਕਦੀ ਹੈ। ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਜੇਕਰ ਈਰਾਨ ‘ਤੇ ਲੱਗੀ ਅਮਰੀਕੀ ਪਾਬੰਦੀ ਨਹੀਂ ਹਟਦੀ ਹੈ ਤਾਂ ਆਉਣ ਵਾਲੇ ਦਿਨਾਂ ਵਿਚ ਕੱਚਾ ਤੇਲ 75 ਡਾਲਰ ਪ੍ਰਤੀ ਬੈਰਲ ਹੋ ਜਾਵੇਗਾ, ਜੋ ਹੁਣ 71-72 ਡਾਲਰ ਵਿਚਕਾਰ ਚੱਲ ਰਿਹਾ ਹੈ। ਈਰਾਨੀ ਤੇਲ ਦੀ ਹਾਲੇ ਤੱਕ ਬਾਜ਼ਾਰ ਵਿਚ ਵਾਪਸੀ ਨਹੀਂ ਹੋਈ ਹੈ। ਓਧਰ, ਓਪੇਕ ਪਲੱਸ ਦੇਸ਼ਾਂ ਵੱਲੋਂ ਸਪਲਾਈ ਸੀਮਤ ਹੋਣ ਵਿਚਕਾਰ ਯੂਰਪੀ ਦੇਸ਼ਾਂ ਵਿਚ ਇਕਨੋਮੀ ਖੁੱਲ੍ਹ ਰਹੀ ਹੈ, ਜਿਸ ਵਜ੍ਹਾ ਨਾਲ ਪੈਟਰੋਲੀਅਮ ਦੀ ਮੰਗ ਵੱਧ ਰਹੀ ਹੈ। ਅਮਰੀਕਾ ਦੇ ਵੀ ਸ਼ਹਿਰ ਤਾਲਾਬੰਦੀ ਤੋਂ ਬਾਹਰ ਨਿਕਲ ਰਹੇ ਹਨ।

ਇਸ ਸਾਲ ਬ੍ਰੈਂਟ ਤਕਰੀਬਨ 40 ਫ਼ੀਸਦੀ ਚੜ੍ਹ ਚੁੱਕਾ ਹੈ, ਜਦੋਂ ਕਿ ਡਬਲਿਊ. ਟੀ. ਆਈ. ਇਸ ਤੋਂ ਵੀ ਵੱਧ ਮਹਿੰਗਾ ਹੋਇਆ ਹੈ। ਤੇਲ ਬਾਜ਼ਾਰ ਇਸ ਸਮੇਂ ਭਾਰਤ ਵਿਚ ਕੋਰੋਨਾ ਦੀ ਸਥਿਤੀ ਕਾਰਨ ਚਿੰਤਤ ਹੈ ਨਹੀਂ ਤਾਂ ਕੀਮਤਾਂ ਵਿਚ ਹੋਰ ਉਛਾਲ ਆ ਸਕਦਾ ਸੀ। IIFL ਸਕਿਓਰਿਟੀਜ਼ ਦੇ ਉਪ ਮੁਖੀ ਅਨੁਜ ਗੁਪਤਾ ਕਹਿੰਦੇ ਹਨ ਕਿ ਭਾਰਤ ਆਪਣੀ ਜ਼ਰੂਰਤ ਦਾ 85 ਫ਼ੀਸਦੀ ਕੱਚਾ ਤੇਲ ਦਰਾਮਦ ਕਰਦਾ ਹੈ। ਸਾਲ 2019 ਤੋਂ ਪਹਿਲਾਂ ਭਾਰਤ, ਈਰਾਨ ਦਾ ਦੂਜਾ ਸਭ ਤੋਂ ਵੱਡਾ ਗਾਹਕ ਸੀ। ਈਰਾਨ ਦੇ ਕੱਚੇ ਤੇਲ ਦੇ ਕਈ ਫਾਇਦੇ ਹਨ। ਰੂਟ ਛੋਟਾ ਹੋਣ ਨਾਲ ਢੁਆਈ ਸਸਤੀ ਪੈਂਦੀ ਹੈ। ਇੰਨਾ ਹੀ ਨਹੀਂ ਇਹ ਰੁਪਏ ਵਿਚ ਭਾਰਤ ਨੂੰ ਕੱਚਾ ਤੇਲ ਦੇ ਦਿੰਦਾ ਸੀ, ਜਦੋਂ ਕਿ ਬਾਕੀ ਦੇਸ਼ ਡਾਲਰ ਵਿਚ ਵਪਾਰ ਕਰਦੇ ਹਨ, ਅਜਿਹੇ ਵਿਚ ਡਾਲਰ ਮਹਿੰਗਾ ਹੋਣ ਨਾਲ ਕੱਚਾ ਤੇਲ ਹੋਰ ਮਹਿੰਗਾ ਪੈਂਦਾ ਹੈ। ਅਗਲੇ ਹਫ਼ਤੇ ਈਰਾਨ ‘ਤੇ ਪਾਬੰਦੀਆਂ ਨੂੰ ਲੈ ਕੇ ਇਕ ਮੀਟਿੰਗ ਹੈ। ਜੇਕਰ ਪਾਬੰਦੀ ਹਟਦੀ ਹੈ ਤਾਂ ਕੱਚਾ ਤੇਲ 60-65 ਡਾਲਰ ਹੋ ਸਕਦਾ ਹੈ ਪਰ ਜੇਕਰ ਨਹੀਂ ਹਟਦੀ ਤਾਂ ਇਹ 75 ਡਾਲਰ ਪ੍ਰਤੀ ਬੈਰਲ ਤੱਕ ਜਾ ਸਕਦਾ ਹੈ। ਸਾਲ 2019 ਤੋਂ ਈਰਾਨ ਤੋਂ ਦਰਾਮਦ ਬੰਦ ਹੈ।